ਦੁਨੀਆਂ ਦੇ ਵਿੱਚ ਰੱਖ ਫਕੀਰਾ

ਇੱਕ ਵਿਚਾਰ ਹੈ ਕਿ ਜੇ ਕਰ ਤੁਹਾਡੇ ਤੇ ਚੰਗੇ ਦਿਨ ਆ ਗਏ ਨੇ ਹੋਰ ਵੀ ਨਿਮਰਤਾ ਵਾਲੇ ਬਣ ਜਾਉ ਕਿਉਂ ਕਿ ਉਪਰ ਵਾਲਾ ਸਾਡੀ ਪ੍ਰੀਖਿਆ ਲੈ ਰਿਹਾ  ਹੁੰਦਾ ਹੈ ਕਿ ਅਸੀਂ ਉਸ ਦੀ ਕਿਰਪਾ ਦੇ ਪਾਤਰ ਹਾਂ ਵੀ ਕਿ ਨਹੀਂ।ਇਨਸਾਨ ਉਹੀ ਵਧੀਆ ਹੁੰਦਾ ਹੈ ਜੋ ਬੁਰੀ ਸਥਿਤੀ ਵਿੱਚ ਤਿਲਕਦਾ ਨਹੀਂ ਅਤੇ ਅੱਛੀ ਸਥਿਤੀ ਵਿੱਚ ਉਛੱਲਦਾ ਨਹੀਂ।ਕੁਦਰਤ ਦਾ ਨਿਯਮ ਹੈ ਜਿਸ ਕੋਲ ਜੋ ਹੈ ਉਹੀ ਵੰਡਦਾ ਹੈ ਜਿਵੇਂ ਸੁਖੀ ਸੁੱਖ,ਦੁਖੀ ਦੁਖ,ਗਿਆਨੀ ਗਿਆਨ ਅਤੇ ਭਰਮੀਂ ਭਰਮ ਵੰਡਦਾ ਹੈ।ਲੋਕ ਚਾਹੁੰਦੇ ਨੇ ਕਿ ਤੁਸੀਂ ਚੰਗਾ ਕੰਮ ਕਰੋ ਪਰ ਉਹ ਇਹ ਵੀ ਨਹੀਂ ਚਾਹੁੰਦੇ ਕਿ ਤੁਸੀਂ ਉਹਨਾਂ ਤੋਂ ਬਿਹਤਰ ਕਰੋ।
       ਮੰਜ਼ਿਲ ਪਾਉਣੀ ਚਾਹੁੰਦੇ ਹੋ ਤਾਂ ਆਪਣੇ ਪਥ ਪ੍ਰਦਰਸ਼ਕ ਖੁਦ ਬਣੋ। ਉੁਹ ਅਕਸਰ ਭਟਕ ਜਾਂਦੇ ਹਨ ਜਿੰਨਾਂ ਨੂੰ ਸਹਾਰਾ ਮਿਲ ਜਾਂਦਾ ਹੈ।ਖੁਦ ਦੀ ਤਰੱਕੀ ਲਈ ਇਨਾਂ ਵਕਤ ਲਗਾ ਦਿਉ ਕਿ ਸਾਨੂੰ ਦੂਜੇ ਦੀ ਬੁਰਾਈ ਕਰਨ ਦਾ ਸਮਾਂ ਨਾ ਮਿਲੇ।ਖੁਦ ਤੇ ਭਰੋਸਾ ਹੋਵੇ ਤਾਂ ਹਰ ਮੁਸੀਬਤ ਨਾਲ ਟਾਕਰਾ ਲਿਆ ਜਾ ਸਕਦਾ ਹੈ।ਬਾਹਰ ਦੀਆਂ ਚਣੌਤੀਆਂ ਨਾਲ ਨਹੀਂ ਅਸੀਂ ਅੰਦਰ ਦੀਆਂ ਕਮਜ਼ੋਰੀਆਂ ਨਾਲ ਹਾਰਦੇ ਹਾਂ।ਤੁਹਾਡੇ ਕਰਮ ਹੀ ਤੁਹਾਡੀ ਪਹਿਚਾਣ ਹਨ ਨਹੀਂ ਤਾਂ ਇੱਕੋ ਨਾਮ ਦੇ ਕਈ ਇਨਸਾਨ ਹੁੰਦੇ ਹਨ।ਕੋਸ਼ਿਸ਼ ਕਰਨ ਤੋਂ ਬਾਅਦ ਵੀ ਕਈ ਵਾਰ ਹਾਰ ਹੋ ਜਾਂਦੀ ਹੈ ਪਰ ਸਾਨੂੰ ਹੌਂਸਲਾ ਨਹੀਂ ਹਾਰਨਾ ਚਾਹੀਦਾ ਕਿਉਂਕਿ ਕੀੜੀ ਵਰਗਾ ਅਦਨਾ ਜਿਹਾ ਜੀਵ ਵੀ ਡਿੱਗ ਡਿੱਗ ਕਿ ਮੰਜ਼ਿਲ ਪਾ ਲੈਂਦਾ ਹੈ।ਰੁਕਾਵਟਾਂ ਤਾਂ ਜਿਉਂਦੇ ਇਨਸਾਨ ਦੇ ਹਿੱਸੇ ਆਉਂਦੀਆਂ ਹਨ, ਮੁਰਦੇ ਲਈ ਤਾਂ ਸਭ ਰਾਹ ਦੇ ਦਿੰਦੇ ਨੇ।ਜੇ ਜ਼ਿੰਦਗੀ ਸਾਡਾ ਕਦਮ ਕਦਮ ਤੇ ਇਮਤਿਹਾਨ ਲੈਂਦੀ ਹੈੈ ਸਾਨੂੰ ਕੱਝ ਨਾ ਕੁੱਝ ਤਾਂ ਬਣਾਏਗੀ ਹੀ।ਜ਼ਿੰਦਗੀ ਨੂੰ ਅਸਾਨ ਨਹੀਂ ਖੁਦ ਨੂੰ ਮਜ਼ਬੂਤ ਬਣਾਉਣਾ ਪੈਂਦਾ ਹੈ,ਉਤਮ ਸਮਾਂ ਕਦੇ ਨਹੀਂ ਆਉਂਦਾ,ਸਮੇਂ ਨੂੰ ਹੀ ਮਜ਼ਬੂਤ ਬਣਾਉਣਾ ਪੈਂਦਾ ਹੈ।ਲੋਕ ਜੇ ਸਾਥ ਨਹੀਂ ਦਿੰਦੇ ਤਾਂ ਬੁਰਾ ਨਾ ਮੰਨਣਾ ਕਿਉਂਕਿ ਸੁਪਨੇ ਜੇ ਤੁਹਾਡੇ ਨੇ ਤਾਂ ਕੋਸ਼ਿਸ਼ ਵੀ ਤੁਹਾਡੀ ਹੋਵੇਗੀ। ਮੈਂ ਇਹ ਕੰਮ ਕਰ ਸਕਦਾਂ ਹਾਂ ਜ਼ਿਆਦਾ ਮੱਹਤਵ ਰੱਖਦਾ ਹੈ ਬਨਿਸਬਤ ਤੁਹਾਡੇ ਗਿਆਨ ਤੋਂ।
           ਜੀਵਨ ਚ ਪਛਤਾਵਾ ਕਰਨਾ ਛੱਡੋ,ਕੰਮ ਕੁੱਝ ਇਸ ਤਰਾਂ ਦੇ ਕਰੋ ਕਿ ਤਹਾਨੂੰ ਛੱਡ ਜਾਣ ਜਾਣ ਵਾਲੇ ਪਛਤਾਉਣ।ਪ੍ਰਸੰਸਾ ਕਰਨੀ ਸਿੱੱਖੋ ਜੇ ਕਰ ਇਹ ਕਲਾ ਸਿੱਖ ਲਈ ਤਾਂ ਅਸੀਂ ਹਰ ਉਦਾਸ ਚਿਹਰੇ ਤੇ ਨੂਰ ਲਿਆ ਸਕਦੇ ਹਾਂ।ਮਿਲਦਾ ਤਾਂ ਬਹੁਤ ਕੱਝ ਹੈ ਜ਼ਿੰਦਗੀ ਚ ਪਰ ਅਸੀਂ ਗਿਣਤੀ ਉਸ ਦੀ ਕਰਦੇ ਹਾਂ ਜੋ ਨਹੀਂ ਮਿਿਲਆ।ਇਕੱਲਿਆਂ ਹੀ ਲੜਨੀ ਪੈਂਦੀ ਹੈ ਜ਼ਿੰਦਗੀ ਦੀ ਲੜਾਈ ਕਿਉਂ ਕਿ ਲੋਕ ਸਲਾਹ ਦਿੰਦੇ ਨੇ ਸਾਥ ਨਹੀਂ।ਹਰ ਇਨਸਾਨ ਆਪਣੀ ਜ਼ੁਬਾਨ ਦੇ ਪਿੱਛੇ ਛੁਪਿਆ ਹੋਇਆ ਹੈ ਜੇ ਕਰ ਅਸੀਂ ਉਸ ਦੀ ਔਕਾਤ ਦੇਖਣੀ ਚਾਹੁੰਦੇ ਹਾਂ ਅਸੀਂ ਉਸਦੇ ਬੋਲਾਂ ਚੋਂ ਲੱਭ ਸਕਦੇ ਹਾਂ।ਜ਼ਿੰਦਗੀ ਚ ਅਗਰ ਤੁਹਾਡੇ ਤੋਂ ਕੋਈ ਰੁੱਸ ਜਾਵੇ ਤਾਂ ਗਲਤੀ ਨਾ ਦੇਖਣਾ ਕਿਸਦੀ ਹੈ,ਤੁਰੰਤ ਮੰਨ ਜਾਣਾ ਕਿਉਂਕਿ ਜ਼ਿੱਦ ਦੀ ਜੰਗ ਵਿੱਚ ਜਿੱਤ ਅਕਸਰ ਦੂਰੀਆਂ ਦੀ ਹੁੁੰਦੀ ਹੈ।ਸਚਾਈ ਤੇ ਅੱਛਾਈ ਲਈ ਪੂਰੀ ਦੁਨੀਆਂ ਘੁੰਮ ਲਵੋ ਜੇਕਰ ਇਹ ਤੁਹਾਡੇ ਅੰਦਰ ਨਹੀਂ ਤਾਂ ਕਿਤੇ ਵੀ ਨਹੀਂ।ਲੋਕ ਤੁਹਾਡੇ ਬਾਰੇ ਕੀ ਸੋਚਦੇ ਨੇ ਜੇ ਕਰ ਇਹ ਵੀ ਤੁਸੀਂ ਸੋਚੋਗੇ ਤਾਂ ਫਿਰ ਲੋਕ ਕੀ ਸੋਚਣਗੇ।ਇਨਸਾਨ ਦਾ ਪਤਨ ਉਸੇ ਦਿਨ ਤੋਂ ਹੋਣਾ ਸ਼ੁਰੂ ਹੋ ਜਾਂਦਾ ਹੈ ਜਦੋਂ ਅਸੀਂ ਆਪਣਿਆਂ ਨੂੰ ਹੇਠਾਂ ਸੁੱਟਣ ਦੀ ਸਲਾਹ ਗੈਰਾਂ ਕੋਲੋਂ ਲੈਣਾ ਸ਼ੁਰੂ ਕਰ ਦਿੰਦੇ ਹਾਂ।
         ਭੀੜ ਦਾ ਹਿੱਸਾ ਨਹੀਂ ਭੀੜ ਦੀ ਵਜਾ੍ਹ ਬਣੋ,ਸਰੋਤੇ ਨਹੀਂ ਬੁਲਾਰੇ ਬਣੋ ਆਪਣੇ ਲਫਜਾਂ ਦੇ ਸ਼ਾਹ ਅਸਵਾਰ ਬਣੋ।ਬਰਸਾਤ ਚ ਭਿੱਜਣ ਨਾਲ ਲਿਬਾਸ ਬਦਲਦੇ ਨੇ,ਪਸੀਨੇ ਨਾਲ ਭਿੱਜਣ ਨਾਲ ਇਤਿਹਾਸ ਬਦਲ ਜਾਂਦੇ ਨੇ।ਬੇਸ਼ੱਕ ਆਪਣੇ ਬੱਚੇ ਨੂੰ ਗਲ਼ ਨਾਲ ਲਾ ਕੇ ਰੱਖੋ ਪਰ ਉਸ ਨੂੰ ਦੁਨੀਆਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਸਿਖਾਉ ਕਿਉਂ ਕਿ ਗਮਲੇ ਦੇ ਪੌਦੇ ਅਤੇ ਜੰਗਲ ਦੇ ਦਰੱਖਤ ਚ ਬਹੁਤ ਫਰਕ ਹੁੰਦਾ ਹੈ।ਆਪਣੇ ਜੀਵਨ ਚ ਕਿੰਨਾਂ ਵੀ ਉੱਚਾ ਚਲੇ ਜਾਉ ਪਰ ਆਪਣੀ ਗਰੀਬੀ ਤੇ ਬੁਰਾ ਵਕਤ ਕਦੇ ਨਾ ਭੁੱਲਣਾ।ਕੋਈ ਸਾਡੇ ਨਾਲ ਨਹੀਂ ਤਾਂ ਫਿਕਰ ਨਾਂ ਕਰੋ ਦੁਨੀਆਂ ਚ ਖੁਦ ਤੋਂ ਵਧ ਕੇ ਕੋਈ ਹਮ ਸ਼ਫਰ ਨਹੀਂ ਹੁੰਦਾ।ਨਿਗਾਹ ਮੰਜ਼ਿਲ ਤੇ ਰੱਖੋ ,ਡਿੱਗਦੇ ਰਹੋ ਪਰ ਸੰਭਲਦੇ ਰਹੋ ਹਵਾਵਾਂ ਭਾਵੇਂ ਲੱਖ ਕੋਸ਼ਿਸ਼ ਕਰਨ ਚਿਰਾਗ ਬੁਝਾਉਣ ਦੀ, ਪਰ ਬਲਦੇ ਰਹੋ।ਪੂਰੇ ਦੀ ਖੁਹਾਇਸ਼ ਵਿੱਚ ਇਨਸਾਨ ਬਹੁਤ ਕੱੁਝ ਗੁਆ ਲੈਂਦਾ ਹੈ ਉਹ ਭੁੱਲ ਜਾਂਦਾ ਹੈ ਕਿ ਅੱਧਾ ਚੰਦ ਵੀ ਖੂਬਸੂਰਤ ਹੁੰਦਾ ਹੈ।ਜੇ ਕਰ ਤੁਸੀਂ ਕੋਈ ਮਹਾਨ ਕੰਮ ਨਹੀਂ ਕਰ ਸਕਦੇ ਤਾਂ ਛੋਟੇ ਕੰਮ ਨੂੰ ਮਹਾਨ ਤਰੀਕੇ ਨਾਲ ਕਰੋ।ਜ਼ਿਦਗੀ ਚ ਕਦੇ ਉਦਾਸ ਨਾ ਹੋਣਾ, ਕਿਸੇ ਗੱਲ ਤੇ ਨਿਰਾਸ਼ ਨਾ ਹੋਣਾ,ਇਹ ਜ਼ਿੰਦਗੀ ਹੈ ਚੱਲਦੀ ਰਹੇਗੀ ਪਰ ਆਪਣੀ ਜ਼ਿੰਦਗੀ ਦਾ ਅੰਦਾਜ਼ ਨਾ ਖੋਣਾ।ਤਜ਼ਰਬੇ ਨੇ ਸ਼ੇਰਾਂ ਨੂੰ ਖਾਮੋਸ਼ ਰਹਿਣਾ ਸਿਖਾਇਆ ਹੈ ਕਿਉਂਕਿ ਦਹਾੜ ਕੇ ਕਦੇ ਸ਼ਿਕਾਰ ਨਹੀਂ ਹੁੰਦੇ ।ਜੇ ਕਰ ਤੁਸੀਂ ਸਹੀ ਹੋ ਤਾਂ ਕੁੱਝ ਵੀ ਸਾਬਤ ਕਰਨ ਦੀ ਲੋੜ ਨਹੀਂ ਹੈ ਬੱਸ ਸਹੀ ਬਣੇ ਰਹੋ,ਗਵਾਹੀ ਵਕਤ ਖੁਦ ਦੇਵੇਗਾ।
             ਤੁਸੀਂ ਕਿਸੇ ਲਈ ਭਾਵੇਂ ਆਪਣਾ ਵਜ਼ੂਦ ਦਾਅ ਤੇ ਲਗਾਅ ਦਿਉ ਉਹ ਉਦੋਂ ਤੱਕ ਤੁਹਾਡਾ ਹੈ ਜਦੋਂ ਤੱਕ ਤੁਸੀਂ ਉਸਦੇ ਕੰਮ ਦੇ ਹੋ।ਜਿਸ ਦਿਨ ਤੁਸੀਂ ਉਸਦੇ ਕੰਮ ਦੇ ਨਹੀਂ ਰਹੇ ਉਸ ਦਿਨ ਉਹ ਤਹਾਡੀਆਂ ਸਾਰੀਆਂ ਅੱਛਾਈਆਂ ਭੁੱਲ ਕੇ ਆਪਣੀ ਔਕਾਤ ਦਿਖਾ ਦੇਵੇਗਾ।ਸਸਤੇ ਲੋਕ ਬਦਲ ਤਾਂ ਜਾਂਦੇ ਨੇ ਪਰ ਸਬਕ ਬੜਾ ਕੀਮਤੀ ਦੇ ਜਾਂਦੇ ਨੇ।ਜ਼ਿੰਦਗੀ ਖੇਡ ਦੀ ਵੀ ਉਸੇ ਨਾਲ ਹੈ ਜਿਹੜਾ ਖਿਡਾਰੀ ਬਿਹਤਰੀਨ ਹੁੰਦਾ ਹੈ। ਅਸੀਂ ਤਸਵੀਰਾਂ ਵੀ ਉਹਨਾਂ ਮਹਾਂਪੁਰਸ਼ਾਂ ਦੀਆਂ ਹੀ ਆਪਣੇ ਘਰ ਚ ਰੱਖਦੇ ਹਾਂ ਜਿਹਨਾਂ ਨੇ ਇਸ ਦੁਨੀਆਂ ਲਈ ਕੁੱਝ ਵੱਖਰਾ ਕੀਤਾ ਹੁੰਦਾ ਹੈ ਨਹੀਂ ਤਾਂ ਅਸੀਂ ਆਪਣੇ ਵੱਡ ਵਡੇਰਿਆਂ ਦੀਆਂ ਫੋਟੋਆਂ ਲਾਉਣਾ ਵੀ ਭੁੱਲ ਜਾਂਦੇ ਹਾਂ।ਇਸੇ ਲਈ ਕਿਹਾ ਗਿਆ ਹੈ ਦੁਨੀਆਂ ਦੇ ਵਿੱਚ ਰੱਖ ਫਕੀਰਾ ਐਸਾ ਬਹਿਣ ਖਲੋਣ,ਕੋਲ ਹੋਈਏ ਤਾਂ ਹੱਸਣ ਲੋਕੀ ਤੁਰ ਜਾਈਏ ਤਾਂ ਰੋਣ।