ਰਵਿੰਦਰ ਰੰਗੂਵਾਲ ਦਾ ਪਲੇਠਾ ਗੀਤ ਸੰਗ੍ਰਹਿ ਵਿਰਾਸਤ ਦੇ ਰੰਗ ਟੋਰੰਟੋ ਚ ਮੈਂਬਰ ਪਾਰਲੀਮੈਂਟ ਕਮਲ ਖ਼ਹਿਰਾ ਵੱਲੋਂ ਲੋਕ ਅਰਪਣ

ਟੋਰੰਟੋ/ਮਾਨਚੈਸਟਰ/ਲੁਧਿਆਣਾ,ਅਕਤੂਬਰ 2019-(ਅਮਨਜੀਤ ਸਿੰਘ ਖਹਿਰਾ, ਅਮਰਜੀਤ ਸਿੰਘ ਗਰੇਵਾਲ)-

ਉੱਘੇ ਫ਼ਿਲਮਸਾਜ਼ , ਗੀਤਕਾਰ, ਗਾਇਕ ਤੇ ਲੋਕ ਨਾਚ ਮਾਹਿਰ ਰਵਿੰਦਰ ਰੰਗੂਵਾਲ ਦਾ ਪਲੇਠਾ ਗੀਤ ਸੰਗ੍ਰਹਿ ਵਿਰਾਸਤ ਦੇ ਰੰਗ ਨੂੰ ਟੋਰੰਟੋ ਵਿਖੇ ਦੂਜੀ ਵਾਰ ਜੇਤੂ ਰਹੀ ਮੈਂਬਰ ਪਾਰਲੀਮੈਂਟ ਕਮਲ ਖ਼ਹਿਰਾ ਨੇ ਆਪਣੇ ਦਫ਼ਤਰ ਚ ਲੋਕ ਅਰਪਣ ਕਰਦਿਆਂ ਕਿਹਾ ਹੈ ਕਿ ਵਿਸ਼ਵ ਦੇ ਵਿਕਸਤ ਮੁਲਕਾਂ ਚ ਪੰਜਾਬੀਆਂ ਨੇ ਹਰ ਖੇਤਰ ਚ ਸਰਵੋਤਮ ਪ੍ਰਾਪਤੀਆਂ ਦੇ ਝੰਡੇ ਗੱਡੇ ਹਨ। ਇਹ ਤਾਂ ਹੀ ਸੰਭਵ ਹੋ ਸਕਿਆ ਹੈ ਕਿਉਂਕਿ ਸਾਡੀਆਂ ਸਭਿਆਚਾਰਕ ਜੜ੍ਹਾਂ ਵਿੱਚ ਪੂਰੀ ਸ਼ਕਤੀ ਨਾਲ ਹਰ ਮੈਦਾਨ ਫ਼ਤਹਿ ਹਾਸਲ ਕਰਨ ਦਾ ਹੌਸਲਾ ਹੈ। ਇਸ ਪੰਜਾਬੀ ਕਮਿਉਨਿਟੀ ਨੂੰ ਲਗਾਤਾਰ ਵਿਰਸੇ ਨਾਲ ਜੋੜੀ ਰੱਖਣ ਲਈ ਪੰਜਾਬ ਕਲਚਰਲ ਸੋਸਾਇਟੀ ਅਤੇ ਇਸ ਦੇ ਪ੍ਰਧਾਨ ਰਵਿੰਦਰ ਰੰਗੂਵਾਲ ਦਾ ਬਹੁਤ ਵੱਡਾ ਯੋਗਦਾਨ ਹੈ। ਮੈਨੂੰ ਮਾਣ ਹੈ ਕਿ ਮੈਂ ਪੰਜਾਬ ਕਲਚਰਲ ਸੋਸਾਇਟੀ ਦੀ ਲੰਮੇ ਸਮੇਂ ਤੋਂ ਮੈਂਬਰ ਹਾਂ। ਕਮਲ ਖਹਿਰਾ ਨੇ ਕਿਹਾ ਕਿ ਪਹਿਲਾਂ ਲੋਕ ਨਾਚ, ਲੋਕ ਸਾਜ਼, ਲੋਕ ਸੰਗੀਤ ਅਤੇ ਸ਼ਖਸੀਅਤ ਵਿਕਾਸ ਦੀਆਂ ਵਰਕਸ਼ਾਪਸ ਲਾ ਕੇ ਰਵਿੰਦਰ ਰੰਗੂਵਾਲ ਨੇ ਬਦੇਸ਼ਾਂ ਚ ਵੱਸਦੀ ਨੌਜਵਾਨ ਪੀੜ੍ਹੀ ਨੂੰ ਪੰਜਾਬ ਦੀ ਅਮੀਰ ਵਿਰਾਸਤ ਨਾਲ ਜੋੜ ਕੇ ਰੱਖਿਆ ਹੈ। ਹੁਣ ਵਿਰਾਸਤ ਦੇ ਰੰਗ ਗੀਤ ਸੰਗ੍ਰਹਿ ਨਾਲ ਉਸਨੇ ਆਪਣੀ ਸ਼ਖ਼ਸੀਅਤ ਦਾ ਇੱਕ ਹੋਰ ਪੱਖ ਪੇਸ਼ ਕੀਤਾ ਹੈ। ਕਮਲ ਖ਼ਹਿਰਾ ਨੇ ਦੱਸਿਆ ਕਿ ਉਸ ਦੀ ਜਿੱਤ ਵਿੱਚ ਪੰਜਾਬ ਕਲਚਰਲ ਸੋਸਾਇਟੀ ਦੇ ਮੈਂਬਰਾਂ ਦਾ ਵੱਡਾ ਯੋਗਦਾਨ ਹੈ। ਪੰਜਾਬ ਕਲਚਰਲ ਸੋਸਾਇਟੀ (ਰਜਿ:) ਦੇ ਪ੍ਰਧਾਨ ਅਤੇ ਸਰਦਾਰੀ ਟੀ ਵੀ ਚੈਨਲ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ: ਰਣਧੀਰ ਸਿੰਘ ਰਾਣਾ ਸਿੱਧੂ ਨੇ ਕਿਹਾ ਕਿ ਰਵਿੰਦਰ ਰੰਗੂਵਾਲ ਪੰਜਾਬੀ ਸਭਿਆਚਾਰ ਦਾ ਵਿਸ਼ਵ ਦੂਤ ਹੈ ਜਿਸ ਨੇ ਵੱਖ ਵੱਖ ਮੁਲਕਾਂ ਚ ਸਭਿਆਚਾਰਕ ਤੇਤਨਾ ਪਸਾਰਨ ਵਿੱਚ ਵੱਡਾ ਹਿੱਸਾ ਪਾਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਚ ਇਹੋ ਜਹੇ ਕਲਾ ਦੇ ਚੌਮੁਖੀਏ ਚਿਰਾਗ ਬਹੁਤ ਥੋੜੇ ਹਨ। ਲੁਧਿਆਣਾ(ਪੰਜਾਬ) ਤੋਂ ਟੋਰੰਟੋ ਆਏ ਉੱਘੇ ਉਦਯੋਗਪਤੀ ਤੇ ਪੰਜਾਬ ਕਲਚਰਲ ਸੋਸਾਇਟੀ ਦੇ ਸਰਪ੍ਰਸਤ ਡਾ: ਸੁਰਿੰਦਰ ਸਿੰਘ ਕੂਨਰ ਨੇ ਕਿਹਾ ਕਿ ਰਵਿੰਦਰ ਰੰਗੂਵਾਲ ਦੀ ਇਸ ਕਿਤਾਬ ਵਿੱਚੋਂ ਉਸ ਦੇ ਗਾਏ ਕੁਝ ਗੀਤਾਂ ਨੂੰ ਪੀ ਟੀ ਸੀ ਰੀਕਾਰਡਜ਼ ਨੇ ਸਰਦਾਰ ਨਾਮ ਹੇਠ ਰਿਲੀਜ਼ ਕੀਤਾ ਹੈ ਜੋ ਬਹੁਤ ਵੱਡੀ ਪ੍ਰਾਪਤੀ ਹੈ। ਮੈਨੂੰ ਮਾਣ ਹੈ ਕਿ ਮੈਂ ਰਵਿੰਦਰ ਰੰਗੂਵਾਲ ਦੇ ਕਾਫ਼ਲੇ ਦੀ ਸਰਪ੍ਰਸਤੀ ਕਰ ਰਿਹਾ ਹਾਂ। ਇਸ ਮੌਕੇ ਕਮਲ ਖ਼ਹਿਰਾ ਦੇ ਪਿਤਾ ਜੀ ਸ: ਹਰਮਿੰਦਰ ਸਿੰਘ ਖ਼ਹਿਰਾ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਸਾਬਕਾ ਪ੍ਰੋਫੈਸਰ ਡਾ: ਬੇਅੰਤਬੀਰ ਸਿੰਘ ਤੇ ਡਾ: ਦੇਵਿੰਦਰ ਸਿੰਘ ਲੱਧੜ ਵੀ ਹਾਜ਼ਰ ਸਨ।