ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ ਗਿਆ

1 ਲੱਖ ਦੇਸੀ ਘਿਉ ਦੇ ਦੀਵਿਆਂ ਦੀ ਵੀ ਦੀਪਮਾਲਾ ਕੀਤੀ ਗਈ

ਅੰਮਿ੍ਤਸਰ, ਅਕਤੂਬਰ 2019- (ਇਕਬਾਲ ਸਿੰਘ ਰਸੂਲਪੁਰ )- 

 ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ ਗਿਆ | ਬੀਤੀ ਰਾਤ ਤੋਂ ਅੱਜ ਅੱਧੀ ਰਾਤ ਤੱਕ ਇਸ ਪਾਵਨ ਪ੍ਰਕਾਸ਼ ਪੁਰਬ ਮੌਕੇ ਵੱਖ-ਵੱਖ ਮੁਲਕਾਂ ਤੋਂ 8 ਲੱਖ ਦੇ ਕਰੀਬ ਲੱਖਾਂ ਸੰਗਤਾਂ ਉਤਸ਼ਾਹ ਸਹਿਤ ਸ਼ਾਮਿਲ ਹੋਈਆਂ, ਜਿਨ੍ਹਾਂ ਪਵਿੱਤਰ ਅੰਮਿ੍ਤ ਸਰੋਵਰ 'ਚ ਇਸ਼ਨਾਨ ਕਰਕੇ ਗੁਰੂ ਦਰ 'ਤੇ ਮੱਥਾ ਟੇਕਿਆ ਤੇ ਵੱਖਵੱਖ ਰਾਗੀ ਜਥਿਆਂ ਤੋਂ ਇਲਾਹੀ ਬਾਣੀ ਦਾ ਸ਼ਬਦ ਕੀਰਤਨ ਸਰਵਨ ਕੀਤਾ |  ਸ਼ਰਧਾਲੂਆਂ ਨੂੰ ਮੱਥਾ ਟੇਕਣ ਲਈ ਦੋ ਤੋਂ ਤਿੰਨ ਘੰਟਿਆਂ ਤੋਂ ਵੀ ਵੱਧ ਸਮਾਂ ਕਤਾਰਾਂ 'ਚ ਖੜ੍ਹੇ ਹੋਣਾ ਪਿਆ | ਸੁੰਦਰ ਜਲੌ ਸਜਾਏ

ਸਵੇਰੇ 8 ਤੋਂ 12 ਵਜੇ ਤੱਕ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਗੁ: ਬਾਬਾ ਅਟੱਲ ਰਾਇ ਜੀ ਵਿਖੇ ਜਲੌ ਵੀ ਸਜਾਏ ਗਏ, ਜਿਸ ਦੌਰਾਨ ਗੁਰੂ ਘਰ ਦੇ ਤੋਸ਼ਾਖਾਨੇ 'ਚ ਰੱਖੀਆਂ ਗਈਆਂ ਬੇਸ਼ਕੀਮਤੀ ਵਸਤੂਆਂ, ਜਿਨ੍ਹਾਂ 'ਚ ਸੋਨੇ ਦੇ ਦਰਵਾਜ਼ੇ, ਚਾਂਦੀ ਦੇ ਦਸਤਿਆਂ ਵਾਲੀਆਂ ਸੋਨੇ ਦੀਆਂ ਕਹੀਆਂ ਤੇ ਚਾਂਦੀ ਦੇ ਬਾਟੇ, ਨੌ ਲੱਖਾ ਹਾਰ, ਨੀਲਮ ਦਾ ਮੋਰ, ਜੜਾਊ ਸਿਹਰਾ ਤੇ ਹੋਰ ਵਸਤਾਂ ਸ਼ਾਮਿਲ ਸਨ, ਦੇ ਸੰਗਤਾਂ ਨੇ ਦਰਸ਼ਨ ਕੀਤੇ |
ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਰੰਗ ਬਿਰੰਗੇ ਬਿਜਲਈ ਬਲਬਾਂ ਤੇ ਲੜੀਆਂ ਦੀ ਆਧੁਨਿਕ ਦੀਪਮਾਲਾ ਤੋਂ ਇਲਾਵਾ ਇਸ ਵਾਰ ਰਵਾਇਤੀ ਦੀਪਮਾਲਾ ਨੂੰ ਉਤਸ਼ਾਹਿਤ ਕਰਨ ਹਿਤ 1 ਲੱਖ ਦੇਸੀ ਘਿਉ ਦੇ ਦੀਵਿਆਂ ਦੀ ਵੀ ਦੀਪਮਾਲਾ ਕੀਤੀ ਗਈ |
ਇਸ ਸਬੰਧੀ ਸਮੂਹ ਦੇ ਸਾਰੇ 8 ਦਰਵਾਜ਼ਿਆਂ ਦੇ ਬਾਹਰ ਦੀਵੇ ਵੱਟੀਆਂ ਤੇ ਦੇਸੀ ਘਿਉ ਮੇਜ਼ਾਂ 'ਤੇ ਸੰਗਤਾਂ ਲਈ ਰੱਖੇ ਹੋਏ ਸਨ | ਇਹ ਦੀਵੇ ਜਦੋਂ ਪਰਿਕਰਮਾ 'ਚ ਸਰੋਵਰ ਦੀਆਂ ਪੌੜੀਆਂ ਦੇ ਕਿਨਾਰੇ ਜਗਾ ਕੇ ਰੱਖੇ ਗਏ ਤਾਂ ਅਲੌਕਿਕ ਨਜ਼ਾਰਾ ਪੇਸ਼ ਕਰਦੇ ਸਨ | ਰਾਤ ਨੂੰ ਲੱਖਾਂ ਸੰਗਤਾਂ ਨੇ ਪਰਿਕਰਮਾ 'ਚ ਬੈਠ ਕੇ ਸਮੂਹ ਵਿਖੇ ਕੀਤੀ ਗਈ ਦੀਪਮਾਲਾ ਤੇ ਚਲਾਈ ਗਈ ਆਤਿਸ਼ਬਾਜ਼ੀ ਦਾ ਅਨੰਦ ਮਾਣਿਆ |
ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਾਰਾ ਦਿਨ ਗੁਰਮਤਿ ਸਮਾਗਮ ਸਜਾਏ ਗਏ, ਜਿਸ ਦੌਰਾਨ ਕੌਮ ਦੇ ਮਹਾਨ ਰਾਗੀ, ਢਾਡੀ ਤੇ ਕਵੀਸ਼ਰ ਜਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਤੇ ਗੁਰੂ ਰਾਮਦਾਸ ਜੀ ਦੇ ਜੀਵਨ ਇਤਿਹਾਸ ਨਾਲ ਜੋੜਿਆ | ਇਸ ਮੌਕੇ ਵੱਖ-ਵੱਖ ਗੁਰਮਤਿ ਮੁਕਾਬਲਿਆਂ 'ਚੋਂ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ | ਕਵੀ ਦਰਬਾਰ 'ਚ ਪੰਥਕ ਕਵੀਆਂ ਨੇ ਚੌਥੇ ਪਾਤਸ਼ਾਹ ਦੇ ਜੀਵਨ ਇਤਿਹਾਸ ਤੇ ਉਨ੍ਹਾਂ ਦੀ ਮਨੁੱਖਤਾ ਲਈ ਮਹਾਨ ਦੇਣ ਧਾਰਮਿਕ ਕਵਿਤਾਵਾਂ ਰਾਹੀਂ ਸੰਗਤਾਂ ਨਾਲ ਸਾਂਝਾ ਕੀਤਾ |
 ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ਼ਹਿਰ ਦੇ ਵੱਖ ਵੱਖ ਧਰਮਾਂ ਨਾਲ ਸਬੰਧਤ 52 ਕਿਰਤੀਆਂ ਨੂੰ 11-11 ਹਜ਼ਾਰ ਰੁਪਏ ਤੇ 52 ਹੋਣਹਾਰ ਲੋੜਵੰਦ ਵਿਦਿਆਰਥੀਆਂ ਨੂੰ 51-51 ਸੌ ਰੁਪਏ ਦੀ ਰਾਸ਼ੀ ਨਾਲ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ, ਮੁੱਖ ਸਕੱਤਰ ਡਾ. ਰੂਪ ਸਿੰਘ, ਸਕੱਤਰ ਮਨਜੀਤ ਸਿੰਘ ਬਾਠ ਤੇ ਮੈਨੇਜਰ ਜਸਵਿੰਦਰ ਸਿੰਘ ਦੀਨਪੁਰ ਵਲੋਂ ਸਨਮਾਨਿਤ ਕੀਤਾ ਗਿਆ |