You are here

ਛੇਕੇ ਵਿਅਕਤੀਆਂ ਨੂੰ ਪੰਥ 'ਚ ਵਾਪਸੀ ਦਾ ਦਿੱਤਾ ਜਾਵੇਗਾ ਮੌਕਾ- ਗਿਆਨੀ ਹਰਪ੍ਰੀਤ ਸਿੰਘ

ਅੰਮਿ੍ਤਸਰ, ਅਕਤੂਬਰ 2019- (ਸਤਪਾਲ ਸਿੰਘ ਦੇਹੜਕਾ )-

 ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਇਤਿਹਾਸਕ ਅਵਸਰ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਬੀਤੇ ਸਮੇਂ ਦੌਰਾਨ ਕਿਸੇ ਕਾਰਨ ਪੰਥ 'ਚੋਂ ਛੇਕੇ ਵਿਅਕਤੀਆਂ ਦੀ ਪੰਥ 'ਚ ਮੁੜ ਵਾਪਸੀ ਲਈ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਖੁੱਲੀ ਪੇਸ਼ਕਸ਼ ਦਿੰਦਿਆਂ ਕਿਹਾ ਹੈ ਕਿ ਗੁਰੂ ਸਾਹਿਬਾਨ ਦੇੇ ਸਮੇਂ ਤੋਂ ਛੇਕੇ ਵਿਅਕਤੀਆਂ ਤੇ ਡੇਰਾ ਸਿਰਸਾ ਮੁਖੀ ਤੇ ਨਿਰੰਕਾਰੀਆਂ ਨੂੰ ਛੱਡ ਕੇ ਵਿਅਕਤੀਗਤ ਗਲਤੀਆਂ ਕਾਰਨ ਪੰਥ 'ਚੋਂ ਛੇਕੇ ਸਿੱਖਾਂ ਜਾਂ ਉਨ੍ਹਾਂ ਦੇ ਪਰਿਵਾਰਾਂ ਵਲੋਂ ਅਕਾਲ ਤਖ਼ਤ ਸਾਹਿਬ ਵਿਖੇ ਸੰਪਰਕ ਕਰਨ ਤੇ ਉਨ੍ਹਾਂ ਦੇ ਮਾਮਲਿਆਂ ਬਾਰੇ ਸਿੰਘ ਸਾਹਿਬਾਨ ਵਲੋਂ ਵਿਚਾਰ ਕੀਤਾ ਜਾਵੇਗਾ | ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪ੍ਰਕਾਸ਼ ਪੁਰਬ ਮੌਕੇ ਅਕਾਲ ਤਖ਼ਤ ਸਾਹਿਬ ਵਲੋਂ ਛੇਕੇ ਹੋਏ ਵਿਅਕਤੀਆਂ ਨੂੰ ਮੁੜ ਪੰਥ 'ਚ ਸ਼ਾਮਿਲ ਹੋਣ ਦਾ ਮੌਕਾ ਦੇਣ ਲਈ ਪੰਜ ਸਿੰਘ ਸਾਹਿਬਾਨ ਦੀ 21 ਅਕਤੂਬਰ ਨੂੰ ਹੋਣ ਵਾਲੀ ਇਕੱਤਰਤਾ 'ਚ ਭੁੱਲ ਬਖ਼ਸ਼ਾਉਣ ਲਈ ਆਈਆਂ ਦਰਖਾਸਤਾਂ 'ਤੇ ਵਿਚਾਰ ਕੀਤਾ ਜਾਵੇਗਾ, ਨਾਲ ਹੀ ਉਨ੍ਹਾਂ ਸਪੱਸ਼ਟ ਕੀਤਾ ਕਿ ਡੇਰਾ ਸਿਰਸਾ ਮੁਖੀ, ਨਿਰੰਕਾਰੀਆਂ ਤੇ ਗੁਰੂ ਕਾਲ ਤੋਂ ਛੇਕੇ ਗਏ ਵਿਅਕਤੀਆਂ ਜਾਂ ਪਰਿਵਾਰਾਂ ਲਈ ਇਹ ਪੇਸ਼ਕਸ਼ ਨਹੀਂ ਹੈ | ਉਨ੍ਹਾਂ ਕਿਹਾ ਕਿ ਇਸ ਵੇਲੇ ਤੱਕ ਅਕਾਲ ਤਖ਼ਤ ਸਾਹਿਬ ਵਿਖੇ ਚੀਫ਼ ਖਾਲਸਾ ਦੀਵਾਨ ਦੇ ਤਤਕਾਲੀ ਪ੍ਰਧਾਨ ਤੇ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਦੀਆਂ ਮੁਆਫੀ ਲਈ ਦਰਖਾਸਤਾਂ ਪੁੱਜੀਆਂ ਹੋਈਆਂ ਹਨ | ਇਸ ਮੌਕੇ ਤਖ਼ਤ ਸ੍ਰੀ ਕੇਸਗੜ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਰਘਬੀਰ ਸਿੰਘ ਵੀ ਹਾਜ਼ਰ ਸਨ |