2009 ਚ ਕੀਤੇ ਕਤਲ ਅਤੇ 18 ਦੋਸ਼ਾਂ ਤਹਿਤ ਭਾਰਤ ਤੋਂ ਇੰਗਲੈਂਡ ਲਿਆਂਦਾ ਦੋਸ਼ੀ

2009 ਚ ਕੀਤੇ ਕਤਲ ਅਤੇ 18 ਦੋਸ਼ਾਂ ਤਹਿਤ ਭਾਰਤ ਤੋਂ ਇੰਗਲੈਂਡ ਲਿਆਂਦਾ ਦੋਸ਼ੀ 

ਓਕਸਬਰਿਜ/ਲੰਡਨ, ਅਕਤੂਬਰ -( ਗਿਆਨੀ ਰਵਿਦਾਰਪਾਲ ਸਿੰਘ)- 35 ਸਾਲਾ ਅਮਨ ਵਿਆਸ ਨੂੰ ਇਕ ਔਰਤ ਦੇ ਕਤਲ ਦੇ ਮਾਮਲੇ ਸਮੇਤ 18 ਵੱਖ-ਵੱਖ ਦੋਸ਼ਾਂ ਤਹਿਤ ਭਾਰਤ ਤੋਂ ਲਿਆ ਕੇ ਇੰਗਲੈਂਡ ਅਦਾਲਤ 'ਚ ਪੇਸ਼ ਕੀਤਾ ਗਿਆ | ਵਿਆਸ 'ਤੇ ਦੋਸ਼ ਹੈ ਕਿ ਉਸ ਨੇ 2009 'ਚ ਮਿਸ਼ਲੇ ਸਾਮਾਰਾਵੀਰਾ ਨਾਮੀ ਇਕ ਔਰਤ ਨਾਲ ਜਬਰ ਜਨਾਹ ਕਰਕੇ ਉਸ ਦੀ ਕੁਈਨਜ਼ ਰੋਡ, ਵਾਲਥਾਮਸਟੋਅ ਵਿਖੇ ਕਤਲ ਕਰ ਦਿੱਤਾ ਸੀ | 35 ਸਾਲਾ ਸਾਮਾਰਾਵੀਰਾ ਦੀ ਲਾਸ਼ ਇਕ ਛੋਟੇ ਪਾਰਕ 'ਚੋਂ 30 ਮਈ 2009 ਨੂੰ ਸਵੇਰ ਮੌਕੇ ਮਿਲੀ ਸੀ | ਭਾਰਤੀ ਨਾਗਰਿਕ ਵਿਆਸ ਨੂੰ ਲੰਘੇ ਸ਼ੁੱਕਰਵਾਰ ਨੂੰ ਇਕ ਲੰਬੀ ਕਾਨੂੰਨੀ ਲੜਾਈ ਬਾਅਦ ਇੰਗਲੈਂਡ ਲਿਆਂਦਾ ਗਿਆ । ਵਿਆਸ ਨੂੰ 2011 'ਚ ਗਿ੍ਫ਼ਤਾਰ ਕੀਤਾ ਗਿਆ ਸੀ ਅਤੇ ਉਸ ਦੀ ਇੰਗਲੈਂਡ ਹਵਾਲਗੀ ਦੀ ਦਸੰਬਰ 2018 'ਚ ਮਨਜ਼ੂਰੀ ਮਿਲੀ ਸੀ । ਵਿਆਸ ਨੂੰ ਆਕਸਬਿ੍ਜ਼ ਮੈਜਿਸਟਰੇਟ ਅਦਾਲਤ 'ਚ ਕੱਲ੍ਹ ਸ਼ਨਿਚਰਵਾਰ ਨੂੰ ਪੇਸ਼ ਕੀਤਾ ਗਿਆ, ਜਿੱਥੇ ਉਸ ਦੇ ਨਾਂਅ ਅਤੇ ਨਾਗਰਿਕਤਾ ਦੀ ਪੁਸ਼ਟੀ ਕੀਤੀ ਗਈ । ਕਤਲ ਤੋਂ ਇਲਾਵਾ ਅਮਨ ਵਿਆਸ 'ਤੇ ਤਿੰਨ ਔਰਤਾਂ ਨਾਲ ਸਬੰਧਿਤ 17 ਹੋਰ ਮਾਮਲੇ ਹਨ ਜੋ 24 ਮਾਰਚ ਤੋਂ 30 ਮਈ 2009 ਦਰਮਿਆਨ ਹਨ ।
ਅਮਨ ਵਿਆਸ 'ਤੇ ਇਰਾਦਾ ਕਤਲ, 7 ਜਬਰ ਜਨਾਹ, 5 ਜਿਸਮਾਨੀ ਹਮਲੇ, ਜਨਤਕ ਥਾਵਾਂ 'ਤੇ ਤੇਜ਼ਧਾਰ ਹਥਿਆਰ, ਹਥਿਆਰ ਅਤੇ ਇਕ ਜਿਸਮਾਨੀ ਛੇੜਛਾੜ ਦਾ ਮਾਮਲਾ ਦਰਜ ਹੈ । ਚੇਅਰ ਮੈਜਿਸਟਰੇਟ ਡਾ: ਪ੍ਰਭਜੋਤ ਬਸਰਾ ਨੇ ਵਿਆਸ ਨੂੰ ਮੰਗਲਵਾਰ ਓਲਡ ਬੈਲੀ ਅਦਾਲਤ 'ਚ ਪੇਸ਼ ਕਰਨ ਤੱਕ ਹਿਰਾਸਤ 'ਚ ਭੇਜ ਦਿੱਤਾ ਹੈ ।