ਝੂਠ - ਕਵਿਤਾ, ਗੋਬਿੰਦਰ ਸਿੰਘ ‘ਬਰੜ੍ਹਵਾਲ’

ਝੂਠ!

ਤੂੰ ਬੜਾ

ਕਲਾ ਕੌਸ਼ਲ

ਕਲਾਕਾਰ ਏਂ

ਖਰੇ ਨੂੰ ਖੋਟਾ

ਖੋਟੇ ਨੂੰ ਖਰਾ ਕਰਨ

ਸੱਚ ਨੂੰ ਤੂੰ

ਪੜ੍ਹਨੇ ਪਾਉਣ ਲਈ

ਬਿੰਦ ਲਾਉਣਾ

ਤੇਰੇ ਅੱਗੇ

ਕਟਹਿਰਿਆਂ ਚ ਖੜੇ

ਹਾਰ ਜਾਂਦੇ ਨੇ

ਕਹਿੰਦੇ ਕਹਾਉਂਦਿਆਂ ਨੂੰ

ਪਾਣੀ ਭਰਨ

ਲਾ ਦੇਨਾਂ ਤੂੰ

 

ਤੂੰ ਡਾਢਾ ਨੇੜੇ

ਨਿੱਘਾ ਸੁਭਾਅ

ਸੁਖਾਲਿਆਂ ਹੀ

ਹੱਥ ਵਧਾਇਆਂ

ਹੱਥ ਫੜ੍ਹਦੈਂ

ਤੇ ਪਤਾ ਨਹੀਂ ਚੱਲਦਾ

ਬਦੋ ਬਦੀ

ਤੂੰ ਤੇ ਤੇਰੀ

ਨਿੱਕ ਸੁੱਕ

ਗਲ ਪੈਂਦੀ

ਤੂੰ ਚਿੰਬੜ ਜਾਣਾ

ਤੇਰੇ ਇੱਕ ਦੀ ਖ਼ਾਤਰ

ਹੋਰ ਕਿੰਨੇ

ਤੇਰੇ ਪੂਰਨੇ

ਪੂਰਨੇ ਪੈਂਦੇ

 

 

ਸੱਚ ਤਾਂ ਚੰਦਰਾ

ਡਾਢਾ ਅੱਕੀ

ਕੁੜੱਤਣ ਭਰਿਆ

ਤੂੰ ਮਿੱਠਾ ਏ

ਉਸ ਠੱਗ ਵਰਗਾ

ਜੋ ਲੁੱਟਦਾ ਏ,

ਕੁੱਟਦਾ ਏ

ਰੱਤੀ ਨੀ ਛੱਡਦਾ ਪੱਲੇ

ਪਲੇਚੇ ਚ ਆਇਆਂ

 

ਸ਼ੱਕ ਨਹੀਂ,

ਤੂੰ ਅੜੇ ਗੱਡੇ ਨੂੰ

ਕੱਢ ਦੇਨਾਂ

ਪਰ

ਖੰਜਰ ਖੋਭ ਦੇਨਾਂ

ਅੰਦਰ ਘੁਮਾ ਦੇਨਾਂ

ਤੇ ਨਾੜਾਂ ਵੱਢ ਸੁੱਟਦੈਂ

ਆਤਮਾ ਦੀਆਂ

ਜੇ ਕਿਧਰੇ ਓ

ਜਾਗਦੀ ਰਹਿ ਜੇ

 

ਤੇਰੇ ਤੇ

ਸੱਚ ਚ ਪਾੜਾ

ਮਸਾਂ ਕੁ ਵੈਰੀ

ਦੋ ਇੰਚ ਦਾ

ਜਿੰਨਾ ਕੁ ਹੁੰਦਾ

ਅੱਖ ਤੇ ਕੰਨ ਚ।

 

ਗੋਬਿੰਦਰ ਸਿੰਘ ‘ਬਰੜ੍ਹਵਾਲ’

ਪਿੰਡ – ਬਰੜ੍ਹਵਾਲ (ਧੂਰੀ)

ਈਮੇਲ - bardwal@gmail.com