ਅਰਦਾਸ ਅਤੇ ਗੁਰਦੁਆਰਾ ਕਮੇਟੀ ਵੱਲੋਂ ਪੰਚਾਇਤ ਨੂੰ ਕੀਤਾ ਸਨਮਾਨਿਤ।
ਤਲਵੰਡੀ ਸਾਬੋ, 17 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਪਿੰਡ ਨਥੇਹਾ ਤੋਂ ਸ਼੍ਰੀਮਤੀ ਰਾਜ ਰਾਣੀ ਪਤਨੀ ਸੁਖਪਾਲ ਸਿੰਘ ਚਾਹਲ ਪਿੰਡ ਵਾਸੀਆਂ ਦੇ ਸਹਿਯੋਗ ਅਤੇ ਵੱਡੇ ਫਰਕ ਨਾਲ ਸਰਪੰਚ ਬਣ ਗਈ ਹੈ। ਜਿਸਨੇ ਆਪਣੇ ਪੰਚਾਇਤ ਮੈਂਬਰਾਂ ਅਤੇ ਪਿੰਡ ਦੇ ਮੋਹਤਬਰਾਂ ਸਮੇਤ ਪਿੰਡ ਵਾਸੀਆਂ ਨਾਲ ਕੱਤਕ ਦੀ ਸੰਗਰਾਂਦ ਮੌਕੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਆਸਾ ਕੀ ਵਾਰ ਦਾ ਕੀਰਤਨ ਕਰਵਾਇਆ ਅਤੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਚੁਣੀ ਗਈ ਨਵੀਂ ਪੰਚਾਇਤ ਦਾ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਰਪੰਚ ਰਾਜ ਰਾਣੀ ਅਤੇ ਉਹਨਾਂ ਦੇ ਪਤੀ ਸੁਖਪਾਲ ਸਿੰਘ ਨੇ ਕਿਹਾ ਕਿ ਜੋ ਮਾਣ ਸਤਿਕਾਰ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਦਿੱਤਾ ਹੈ, ਉਹ ਹਮੇਸ਼ਾ ਪਿੰਡ ਵਾਸੀਆਂ ਦੇ ਰਿਣੀ ਰਹਿਣਗੇ ਤੇ ਉਨ੍ਹਾਂ ਦੀਆਂ ਉਮੀਦਾਂ 'ਤੇ ਖਰਾ ਉਤਰਾਂਗੇ। ਸਿਹਤ ਅਤੇ ਸਿੱਖਿਆ ਦੇ ਕੰਮਾਂ ਨੂੰ ਪਹਿਲ ਦੇ ਅਧਾਰ 'ਤੇ ਸ਼ੁਰੂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਪਿੰਡ ਤੋਂ ਲੈਕੇ ਡੇਰਾ ਬਾਬਾ ਯੋਗੀ ਪੀਰ ਵਾਲੀ ਸੜਕ ਦੇ ਨਾਲ ਇੰਟਰਲਾਕ ਇੱਟਾਂ ਲਗਾ ਕੇ ਸੁੰਦਰ ਬਣਾਈ ਜਾਵੇਗੀ ਅਤੇ ਪਿੰਡ ਵਿੱਚ ਖੇਡ ਸਟੇਡੀਅਮ ਪਹਿਲ ਦੇ ਅਧਾਰ 'ਤੇ ਬਣਾਇਆ ਜਾਵੇਗਾ। ਮਹਿਲਾ ਸਰਪੰਚ ਰਾਜ ਰਾਣੀ ਦੇ ਨਾਲ ਭੋਲਾ ਸਿੰਘ ਪੰਚ, ਪਰਵਿੰਦਰ ਕੌਰ ਪੰਚ, ਨਾਜਰ ਰਾਮ ਪੰਚ, ਕਿਰਨਪਾਲ ਕੌਰ ਪੰਚ, ਸ਼ਿੰਦਰ ਕੌਰ, ਚਰਨਜੀਤ ਸਿੰਘ ਪੰਚ, ਬਿੱਕਰ ਸਿੰਘ ਪੰਚ, ਮਲਕੀਤ ਸਿੰਘ ਪੰਚ, ਪਰਮਜੀਤ ਕੌਰ ਪੰਚ ਅਤੇ ਪਿੰਡ ਵਾਸੀ ਹਾਜਰ ਸਨ।