You are here

ਜਵੱਦੀ ਟਕਸਾਲ ਵਿਖੇ ਅੱਜ ਹਫਤਾਵਾਰੀ ਨਾਮ ਅਭਿਆਸ ਸਿਮਰਨ ਸਮਾਗਮ ਕਰਵਾਏ ਗਏ

ਸਿਮਰਨ ਸਾਧਨਾ ਬਗੈਰ ਸੱਚਾ ਸੁੱਖ, ਸੱਚਾ ਸੰਤੋਖ ਤੇ ਯਥਾਰਥ ਰੂਪ ‘ਚ ਸ਼ਾਂਤੀ ਨਸੀਬ ਨਹੀਂ ਹੋ ਸਕਦੀ–ਸੰਤ ਬਾਬਾ ਅਮੀਰ ਸਿੰਘ

ਲੁਧਿਆਣਾ 30 ਜੂਨ ( ਕਰਨੈਲ ਸਿੰਘ ਐੱਮ.ਏ. )-  ਗੁਰਬਾਣੀ ਪ੍ਰਚਾਰ-ਪ੍ਰਸਾਰ ਅਤੇ ਪੁਰਾਤਨ ਗੁਰਮਤਿ ਸੰਗੀਤ ਦੀ ਮੁੜ ਬਹਾਲੀ ਲਈ ਜੀਵਨ ਭਰ ਕਾਰਜ਼ਸ਼ੀਲ ਰਹੀ ਸਿੱਖ ਸ਼ਖਸ਼ੀਅਤ ਸੰਤ ਬਾਬਾ ਸੁਚਾ ਸਿੰਘ ਜੀ ਵੱਲੋਂ ਸਿਰਜਿਤ ਜਵੱਦੀ ਟਕਸਾਲ ਦੇ ਕੇਂਦਰੀ ਅਸਥਾਨ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਸਾਹਿਬ ਵਿਖੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਹਫਤਾਵਾਰੀ ਨਾਮ ਸਿਮਰਨ ਸਮਾਗਮ ਦੌਰਾਨ ਸੰਗਤਾਂ ਦੇ ਸਨਮੁੱਖ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਦਿਆਂ ਫੁਰਮਾਇਆ ਕਿ ਪ੍ਰਭੂ ਸਿਮਰਨ ਦੀ ਪਾਰਸ ਕਲਾ ਦੇ ਤੇਜ਼ ਪ੍ਰਤਾਪ ਨਾਲ ਗੁਰਮੁੱਖ ਪ੍ਰਾਣੀ ਸਬਰ, ਸੰਤੋਖ, ਖੇਮ, ਸ਼ਾਂਤ ਰਿਧਿ, ਨਵਨਿਿਧ, ਬੁੱਧ-ਗਿਆਨ ਆਦਿ ਸਭ ਸ਼ਕਤੀਆਂ ਪ੍ਰਾਪਤ ਹੁੰਦੀਆਂ ਹਨ। ਸਿਮਰਨ ਸਾਧਨਾ ਬਗ਼ੈਰ ਸੱਚਾ ਸੁੱਖ, ਸੱਚਾ ਸੰਤੋਖ ਤੇ ਯਥਾਰਥ ਰੂਪ ‘ਚ ਸ਼ਾਂਤੀ ਨਸੀਬ ਨਹੀਂ ਹੋ ਸਕਦੀ। ਬਾਬਾ ਜੀ ਨੇ ਸਾਖੀਆਂ ਦੇ ਹਵਾਲੇ ਨਾਲ ਸਮਝਾਇਆ ਕਿ ਅਸੀਂ ਆਪਣੇ ਰੋਜ਼ਾਨਾ ਦੇ ਰੁਝੇਵਿਆਂ ਤੇ ਹੋਰ ਪੱਖਾਂ ਤੋਂ ਵੇਖਦੇ ਹਾਂ ਕਿ ਕਿਵੇਂ ਦੌੜ-ਭੱਜ ਬਣੀ ਰਹਿੰਦੀ ਹੈ, ਮਾਇਆ ਸਦਕਾ ਮੌਜਾਂ ਤਾਂ ਮਾਣੀਆਂ ਜਾਂਦੀਆਂ ਨੇ ਪਰ ਤਸੱਲੀ ਨਹੀਂ ਹੁੰਦੀ। ਫੇਰ ਵੀ ਦੁੱਖ ਕਿਤੇ-ਨ-ਕਿਤੇ ਸਤਾਉਦਾ ਰਹਿੰਦਾ ਹੈ। ਜਿਵੇਂ ਸੁਫਨਿਆਂ ਦਾ ਕੋਈ ਲਾਭ ਨਹੀਂ ਉਸੇ ਤਰ੍ਹਾਂ ਸੰਤੋਖ ਹੁਣ ਮਨੁੱਖ ਦੇ ਸਮੁੱਚੇ ਕੰਮ ਖਾਹਿਸ਼ਾਂ ਵਿਅਰਥ ਹਨ। ਪ੍ਰਭੂ ਦੇ ਨਾਮ ਦੀ ਮੌਜ ਵਿੱਚ ਹੀ ਸਮੁੱਚਾ ਅਨੰਦ ਹੈ। ਸ਼ਾਂਤੀ, ਸੰਤੋਖ ਉੱਤੇ ਨਿਰਭਰ ਹੈ, ਸੁੱਖ ਸਹਿਜ ਅਵਸਥਾ ਤੇ ਹੁਕਮ ‘ਚ ਰਹਿਣ ਉੱਤੇ ਨਿਰਭਰ ਹੈ। ਇਹ ਅਵਸਥਾ ਪ੍ਰੇਮ ਸਾਧਨਾ ਤੇ ਬੰਦਗੀ ਦੇ ਬਗ਼ੈਰ ਨਸੀਬ ਨਹੀਂ ਹੋ ਸਕਦੀ। ਪ੍ਰੇਮ ਸਾਧਨਾ ਸੱਚੇ ਪਾਤਸ਼ਾਹ ਦੇ ਜੋਤਿ ਸ਼ਬਦ ਸਰੂਪ ਦੀ ਅਰਾਧਨਾ ਕਰਨ ਨਾਲ ਹੁੰਦੀ ਹੈ। ਸਮਾਪਤੀ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤੇ।