ਉੱਤਰੀ ਅਤੇ ਕੇਂਦਰੀ ਜੋਨ ਨੇਤਰਹੀਣ ਫੁੱਟਬਾਲ ਚੈਂਪੀਅਨਸ਼ਿਪ ਦੇ ਦੂਜੇ ਦਿਨ ਦੇ ਮੁਕਾਬਲੇ ਵਿੱਚ ਦਿੱਲੀ ਤੇ ਉਤਰਾਖੰਡ ਜੇਤੂ ਰਹੇ 

ਲੁਧਿਆਣਾ( ਕਰਨੈਲ ਸਿੰਘ ਐੱਮ.ਏ.) ਉੱਤਰੀ ਅਤੇ ਕੇਂਦਰੀ ਜੋਨ ਲੜਕੇ ਅਤੇ ਲੜਕੀਆਂ ਦੇ ਫੁੱਟਬਾਲ ਖੇਡ ਮੁਕਾਬਲੇ ਪਹਿਲੀ ਵਾਰ ਪੰਜਾਬ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਚੱਲ ਰਹੇ ਹਨ। ਖੇਡ ਮੁਕਾਬਲਿਆਂ ਦੇ ਦੂਜੇ ਦਿਨ ਦੇ ਮੁੱਖ ਮਹਿਮਾਨ ਵਰਧਮਾਨ ਸਪੈਸ਼ਲ ਸਟੀਲ ਲਿਮਟਿਡ ਦੇ ਵਾਈਸ ਚੇਅਰਮੈਨ ਸ਼੍ਰੀ ਸਚਿਤ ਜੈਨ ਸਨ । ਉਹਨਾਂ ਇਸ ਮੌਕੇ ਇਹ ਐਲਾਨ ਕੀਤਾ ਹੈ ਕਿ ਜੋ ਬਲਾਈਂਡ ਫੁੱਟਬਾਲ ਗਰਾਊਂਡ ਵਿੱਚ ਦੋਨਾਂ ਪਾਸਿਆਂ ਦੇ ਸਾਈਡ ਬੋਰਡ ਲੱਗਦੇ ਹਨ, ਉਹ ਬਣਾ ਕੇ ਦੇਣ ਦਾ ਐਲਾਨ ਕੀਤਾ ਜਿਸ ਦੀ ਲਗਭਗ ਕੀਮਤ ਪੰਜ ਤੋਂ ਛੇ ਲੱਖ ਰੁਪਏ ਹੈ। ਉਹਨਾਂ ਅੱਗੇ ਤੋਂ ਹਰ ਤਰ੍ਹਾਂ ਸੰਸਥਾ ਦੀ ਮੱਦਦ ਕਰਨ ਦਾ ਭਰੋਸਾ ਦਿੱਤਾ । ਪ੍ਰਧਾਨ ਤਨਵੀਰ ਦਾਦ ਅਤੇ ਜਨਰਲ ਸਕੱਤਰ ਰਾਜਿੰਦਰ ਸਿੰਘ ਚੀਮਾ ਨੇ ਆਏ ਹੋਏ ਮਹਿਮਾਨਾਂ ਅਤੇ ਖਿਡਾਰੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਪੰਕਜ ਜਿੰਦਲ, ਗੁਰਭਿੰਦਰ ਸਿੰਘ ਮੀਤ ਪ੍ਰਧਾਨ ਬਲਾਈਂਡ ਫੁੱਟਬਾਲ ਐਸੋਸੀਏਸ਼ਨ ਅਤੇ ਅਮਿਤ ਧੀਮਾਨ ਵਰਧਮਾਨ ਸਪੈਸ਼ਲ ਸਟੀਲ ਲਿਮਟਿਡ ਹਾਜ਼ਰ ਸਨ। ਅੱਜ ਦੇ ਪਹਿਲੇ ਮੈਚ (ਲੜਕੇ)ਵਿੱਚ ਦਿੱਲੀ ਨੇ ਚੰਡੀਗੜ੍ਹ ਨੂੰ 7-0 ਗੋਲਾਂ ਦੇ ਵੱਡੇ ਫਰਕ ਨਾਲ ਹਰਾਇਆ। ਦੂਜੇ ਮੈਚ ਲੜਕਿਆਂ ਵਿੱਚ ਉਤਰਾਖੰਡ ਨੇ ਹਰਿਆਣਾ ਨੂੰ ਵੀ 7-0 ਗੋਲਾਂ ਦੇ ਅੰਤਰ ਨਾਲ ਹਰਾਇਆ। ਤੀਜਾ ਮੈਚ ਮੱਧ ਪ੍ਰਦੇਸ਼ ਤੇ ਹਰਿਆਣਾ ਦੀਆਂ ਲੜਕੀਆਂ ਵਿਚਕਾਰ ਖੇਡੇ ਗਏ ਮੈਚ ਵਿੱਚ ਦੋਨਾਂ ਟੀਮਾਂ ਵਿੱਚੋਂ ਕੋਈ ਵੀ ਟੀਮ ਗੋਲ ਨਹੀਂ ਕਰ ਪਾਈ।  ਰਾਜਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਖੇਡ ਮੁਕਾਬਲਿਆਂ ਵਿੱਚ ਖਾਲਸਾ ਏਡ ਦੇ ਵਲੰਟੀਅਰ, ਸਿਟੀ ਨੀਡ ਦੇ ਪ੍ਰਧਾਨ ਅਤੇ ਵਲੰਟੀਅਰਾਂ,ਐਸ.ਐਮ.ੳ ਲੁਧਿਆਣਾ ,ਪੁਨਰਜੋਤ, ਵਰਧਮਾਨ ਸਪੈਸ਼ਲ ਸਟੀਲ ਲਿਮਟਿਡ ਨੇ ਵਿਸ਼ੇਸ਼ ਤੌਰ ਤੇ ਚੈਂਪੀਅਨਸ਼ਿਪ ਨੂੰ ਨੇਪਰੇ ਚੜ੍ਹਾਉਣ ਵਿੱਚ ਵਿਸ਼ੇਸ਼ ਸਹਿਯੋਗ ਦਿੱਤਾ।