ਗੁਰਦੁਆਰਾ ਗੁਰਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿਖੇ ਹਫਤਾਵਾਰੀ ਨਾਮ ਸਿਮਰਨ ਸਮਾਗਮ ਹੋਏ

ਲੁਧਿਆਣਾ 7 ਅਪ੍ਰੈਲ (ਕਰਨੈਲ ਸਿੰਘ ਐੱਮ.ਏ.)- ਗੁਰਬਾਣੀ ਪ੍ਰਚਾਰ ਪ੍ਰਸਾਰ ਅਤੇ ਪੁਰਾਤਨ ਗੁਰਮਤਿ ਸੰਗੀਤ ਦੀ ਬਹਾਲੀ ਲਈ ਜੀਵਨ ਭਰ ਕਾਰਜਸ਼ੀਲ ਸਿੱਖ ਕੌਮ ਦੀ ਮਾਇਨਾਜ਼ ਸ਼ਖਸ਼ੀਅਤ ਸੱਚ-ਖੰਡ ਵਾਸੀ ਸੰਤ ਬਾਬਾ ਸੁੱਚਾ ਸਿੰਘ ਜੀ ਵੱਲੋਂ ਸਿਰਜਿਤ ਜਵੱਦੀ ਟਕਸਾਲ ਦੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਵੱਲੋਂ ਮਹਾਂਪੁਰਸ਼ਾਂ ਦੇ ਉਲੀਕੇ ਕਾਰਜਾਂ ਨੂੰ ਨਿਰੰਤਰ ਕਾਰਜਸ਼ੀਲ ਰੱਖਦਿਆਂ ਅੱਜ ਹਫਤਾਵਾਰੀ ਨਾਮ ਸਿਮਰਨ ਸਮਾਗਮ ਕਰਵਾਇਆ। ਸਜੇ ਸਮਾਗਮ ਦੌਰਾਨ ਸੰਗਤਾਂ ਦੇ ਰੂ-ਬ-ਰੂ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਮਹਾਂਪੁਰਸ਼ਾਂ ਨੇ ਗੁਰਬਾਣੀ ਸ਼ਬਦਾਂ ਅਤੇ ਗੁਰ ਇਤਿਹਾਸ ਨਾਲ ਸੰਬੰਧਿਤ ਸਾਖੀਆਂ ਦੇ ਹਵਾਲੇ ਦਿੰਦਿਆਂ ਗਰਮ ਮੌਸਮ ਦੀਆਂ ਮੁਸ਼ਕਲਾਂ, ਮਨੁੱਖ ਮਾਤਰ ਨੂੰ ਮੌਤ ਦੀ ਅਟੱਲਤਾ ਅਤੇ ਪਰਵਾਰਿਕ ਰਿਸ਼ਤਿਆਂ ਦੀ ਆਸਰਤਾ ਤੇ ਪਰਿਵਰਤਨਸ਼ੀਲਤਾ ਸੰਬੰਧੀ ਬਾਰੀਕੀ ਨਾਲ ਸਮਝਾਉਂਦਿਆਂ ਪ੍ਰਭੂ ਨਾਮ ਦੇ ਮੂਲ ਤੱਤ ਨੂੰ ਜਾਨਣ ਤੇ ਪਛਾਨਣ ਲਈ ਪ੍ਰੇਰਦਿਆਂ ਸੁਚੇਤ ਕੀਤਾ ਕਿ ਪ੍ਰਭੂ ਵੱਲੋਂ ਬਖਸ਼ਿਆ ਜੀਵਨ ਦਾ ਕੀਮਤੀ ਵਕਤ ਤੇ ਜੀਵਨ-ਮਾਰਗ ਖੁੰਝਦਾ ਜਾ ਰਿਹਾ ਹੈ। ਇਸ ਲਈ ਪ੍ਰਮਾਤਮਾਂ ਵੱਲੋਂ ਮਿਲਿਆ ਜੀਵਨ ਚੰਗੇ ਕਰਮ ਬੀਜਣ ਵੱਲ ਹੀ ਲਾਈਏ। ਮਹਾਂਪੁਰਸ਼ਾਂ ਨੇ ਸਮਝਾਇਆ ਕਿ ਜਿਹੜੇ ਜਗਿਆਸੂ ਸੰਗਤ ਰੂਪ ਵਿੱਚ ਗੁਰੂ ਸ਼ਰਨ ਵਿੱਚ ਆਉਦੇ ਹਨ, ਉਨ੍ਹਾਂ ਨੂੰ ਪ੍ਰਭੂ ਸ਼ਰਨ ਰੂਪੀ ਜਹਾਜ਼ ਰਾਹੀਂ ਇਹ ਸੰਸਾਰ ਸਮੁੰਦਰ ਪਾਰ ਕਰਨ ਦੀ ਬਖਸ਼ਿਸ਼ ਹੋ ਜਾਂਦੀ ਹੈ। ਮਹਾਂਪੁਰਸ਼ਾਂ ਨੇ ਨਾਨਕਸ਼ਾਹੀ ਕੈਲੰਡਰ ਅਨੁਸਾਰ ਅੱਜ ਚੇਤ ਵਦੀ 13 ਸੰਮਤ 1701 (1644 ਈ) ਨੂੰ ਛੇਵੇਂ ਗੁਰੂ ਸ਼੍ਰੀ ਗੁਰੂ ਹਰਿਰਾਇ ਸਾਹਿਬ ਜੀ ਕੀਰਤਪੁਰ ਸਾਹਿਬ ਵਿਖੇ ਗੁਰਤਾਗੱਦੀ ਪੁਰਬ ਦੀਆਂ ਸਮੁੱਚੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਦਿੱਤੀਆਂ।