ਵਿਸਾਖੀ ਜੋੜ ਮੇਲੇ ਮੌਕੇ ਲੋੜੀਂਦੇ ਕਾਰਜ ਕਰਨ ਤੋਂ ਭੱਜ ਜਾਣਾ ਸਰਕਾਰ ਦੀ ਸ਼ਰਮਨਾਕ ਕਾਰਵਾਈ- ਸਾਬਕਾ ਵਿਧਾਇਕ ਸਿੱਧੂ।

ਤਲਵੰਡੀ ਸਾਬੋ, 07 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਖਾਲਸਾ ਸਾਜਨਾ ਦਿਵਸ ‘ਵਿਸਾਖੀ’ ਮੌਕੇ ਸਿੱਖ ਕੌਮ ਦੇ ਚੌਥੇ ਤਖਤ, ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਲੱਗਣ ਵਾਲੇ ਜੋੜ ਮੇਲੇ 'ਚ ਹਰ ਵਰ੍ਹੇ ਦੇਸ਼ ਵਿਦੇਸ਼ 'ਚੋਂ ਲੱਖਾਂ ਸੰਗਤਾਂ ਸ਼ਮੂਲੀਅਤ ਕਰਦੀਆਂ ਹਨ ਅਤੇ ਸਰਕਾਰ ਜੋੜ ਮੇਲੇ 'ਚ ਸ਼ਰਧਾਲੂਆਂ ਦੀ ਆਮਦ ਨੂੰ ਦੇਖਦਿਆਂ ਵੱਡੇ ਪੱਧਰ 'ਤੇ ਲੋੜੀਂਦੇ ਕਾਰਜ ਕਰਵਾਉਂਦੀ ਹੈ ਪਰ ‘ਬਦਲਾਅ’ ਦੇ ਨਾਅਰੇ ਨਾਲ ਸੱਤਾ 'ਚ ਆਈ ਆਮ ਆਦਮੀ ਪਾਰਟੀ ਸਰਕਾਰ ਇਸ ਵਾਰ ਜੋੜ ਮੇਲੇ ਮੌਕੇ ਤਲਵੰਡੀ ਸਾਬੋ 'ਚ ਕਰਵਾਏ ਜਾਣ ਵਾਲੇ ਲੋੜੀਂਦੇ ਕਾਰਜ ਕਰਨ ਤੋਂ ਹੀ ਭੱਜ ਗਈ ਜਾਪਦੀ ਹੈ ਜੋ ਸ਼ਰਮਨਾਕ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਜੀਤਮਹਿੰਦਰ ਸਿੰਘ ਸਿੱਧੂ ਸਾਬਕਾ ਵਿਧਾਇਕ ਨੇ ਇੱਥੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਕੀਤਾ। ਸਿੱਧੂ ਨੇ ਕਿਹਾ ਕਿ ਸਰਕਾਰ ਭਾਂਵੇ ਕਿਸੇ ਦੀ ਹੋਵੇ, ਹਰ ਸਾਲ੍ਹ ਵਿਸਾਖੀ ਜੋੜ ਮੇਲੇ ਤੋਂ ਕਾਫੀ ਪਹਿਲਾਂ ਹੀ ਸਰਕਾਰ ਦੀਆਂ ਹਦਾਇਤਾਂ 'ਤੇ ਪ੍ਰਸ਼ਾਸਨ ਨਗਰ ਦਾ ਰੰਗ ਰੂਪ ਬਿਲਕੁਲ ਬਦਲ ਕੇ ਦੇਸ਼ ਵਿਦੇਸ਼ 'ਚੋਂ ਪੁੱਜਣ ਵਾਲੇ ਲੱਖਾਂ ਸ਼ਰਧਾਲੂਆਂ ਲਈ ਲੋੜੀਂਦੇ ਪ੍ਰਬੰਧ ਕਰਨ ਚ ਲੱਗ ਜਾਂਦਾ ਹੈ ਪਰ ਇਸ ਵਾਰ ਲੱਗਦਾ ਹੈ ਕਿ ਵਿਸਾਖੀ ਜੋੜ ਮੇਲੇ ਨੂੰ ਲੈ ਕੇ ਸਰਕਾਰ ਅਤੇ ਪ੍ਰਸ਼ਾਸਨ ਗੰਭੀਰ ਹੀ ਨਹੀ ਜਿਸਦਾ ਸਭ ਤੋਂ ਵੱਡਾ ਸਬੂਤ ਹੈ ਕਿ ਜਦੋਂ ਜੋੜ ਮੇਲਾ ਆਰੰਭ ਹੋਣ ਹੀ ਵਾਲਾ ਹੈ ਤਾਂ ਅਜੇ ਤੱਕ ਨਗਰ ਤਲਵੰਡੀ ਸਾਬੋ ਦੀਆਂ ਸੜਕਾਂ ਦੀ ਮੁਰੰਮਤ ਤੱਕ ਨਹੀ ਕੀਤੀ ਗਈ। ਉਨਾਂ ਕਿਹਾ ਕਿ ਤਖਤ ਸਾਹਿਬ ਨੂੰ ਜਾਣ ਵਾਲੀਆਂ ਕਈ ਸੜਕਾਂ ਚ ਟੋਏ ਪਏ ਹੋਏ ਹਨ ਪਰ ਸਰਕਾਰ ਜਾਂ ਪ੍ਰਸ਼ਾਸਨ ਦਾ ਧਿਆਨ ਹੀ ਨਹੀ ਕਿ ਚਾਰ ਦਿਨਾ ਜੋੜ ਮੇਲੇ ਦੌਰਾਨ ਇੰਨਾਂ ਸੜਕਾਂ ਤੋਂ ਪੈਦਲ ਚੱਲਕੇ ਲੱਖਾਂ ਸੰਗਤਾਂ ਨੇ ਤਖਤ ਸਾਹਿਬ ਦੇ ਦਰਸ਼ਨ ਕਰਨ ਪੁੱਜਣਾ ਹੈ। ਉਨਾਂ ਮੰਗ ਕੀਤੀ ਕਿ ਪ੍ਰਸ਼ਾਸਨਿਕ ਅਧਿਕਾਰੀ ਦਫਤਰਾਂ ਚੋਂ ਨਿਕਲ ਕੇ ਸ਼ਰਧਾਲੂਆਂ ਲਈ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕਰਨ ਵੱਲ ਗੰਭੀਰਤਾ ਨਾਲ ਧਿਆਨ ਦੇਣ ਤਾਂ ਕਿ ਜੋੜ ਮੇਲੇ ਦੌਰਾਨ ਕਿਸੇ ਸ਼ਰਧਾਲੂ ਨੂੰ ਕਿਸੇ ਕਿਸਮ ਦੀ ਵੀ ਮੁਸ਼ਕਿਲ ਪੇਸ਼ ਨਾ ਆਵੇ