You are here

ਸ਼ੁਭ ਸਵੇਰ ਦੋਸਤੋ

  ਸਾਡੇ ਵਡੇਰਿਆਂ ਨੇ ਸਾਨੂੰ ਰੁੱਤ-ਰੁੱਤ ਦੇ ਮੇਵੇ ਦੇਣ ਵਾਲੀ ਕੁਦਰਤ ਨਾਲ ਪਿਆਰ ਕਰਨ ਤੇ ਉਸਨੂੰ ਸੰਭਾਲਣ ਲਈ ਕਿਹਾ ਸੀ, ਪਰ ਅਸੀਂ ਬੇਸਮਝ ਕੁਦਰਤ ਨੂੰ ਰੱਬ ਕਹਿ ਕੇ ਦੂਰੋਂ ਹੀ ਮੱਥਾ ਟੇਕਣ ਲੱਗ ਪਏ, ਤੇ ਇੱਕ ਨਹੀਂ ਅਨੇਕਾਂ ਹੀ ਸਮੱਸਿਆਵਾਂ ਸਹੇੜ ਲਈਆਂ ਆਪਣੇ ਅਤੇ ਆਪਣਿਆਂ ਲਈ…
   ਇਸ ਖੂਬਸੂਰਤ ਸੰਸਾਰ ਤੇ ਸਾਡਾ ਆਉਣਾ, ਹੋਰਨਾਂ ਜੀਵ-ਜੰਤੂਆਂ ਤੇ ਬਨਸਪਤੀ ਵਰਗਾ ਹੀ ਹੈ, ਸਿਵਾਏ ਮਨੁੱਖ ਦੇ ਬਾਕੀ ਕੋਈ ਵੀ ਕੁਦਰਤ ਨਾਲ ਸਿਕਵੇ-ਸਿਕਾਇਤਾਂ ਕਰਕੇ ਨਹੀਂ ਜਿਊਂਦੇ, ਹੱਕ ਸਾਨੂੰ ਵੀ ਕੋਈ ਨਹੀਂ ਕਿ ਅਸੀਂ ਫਾਲਤੂ ਦੇ ਪਖੰਡ ਕਰੀਏ! ਅਸੀਂ ਮਨੁੱਖ ਹੀ ਹਾਂ ਜਿਨ੍ਹਾਂ ਨੇ ਜੀਵਨ ਨੂੰ ਕਿਸੇ ਅਣਕਿਆਸੇ ਢੰਗ ਨਾਲ ਲੈ ਰੱਖਿਆ ਹੈ, ਪ੍ਰਸੰਨ ਹੋਣ ਦੀ ਇੱਛਾ ਵਿਚ ਐਸੀ ਦੌੜ ਲਾ ਬੈਠੇ ਹਾਂ ਕਿ ਜੀਵਨ ਦਾ ਅਨੰਦ, ਚੈਨ ਤੇ ਰਸ ਵੀ ਖ਼ਤਮ ਕਰ ਲਿਆ!
  ਅਸੀਂ ਪਤਾ ਨਹੀਂ ਕਿਉਂ ਨਹੀਂ ਸਮਝ ਸਕੇ ਕਿ ਜੀਵਨ ਵਿਚ ਰੌਣਕਾਂ ਸਾਡੇ ਅਧੂਰੇ ਹੋਣ ਕਰਕੇ ਹੀ ਹੁੰਦੀਆਂ ਹਨ। ਪੂਰਨ ਤੌਰ ਤੇ ਸੰਪੂਰਨ ਤਾਂ ਅਣਜੰਮੇ ਜਾਂ ਮੋਏ ਹੋਏ ਹੀ ਹੁੰਦੇ ਨੇ।
   ਜਦੋਂ ਅਸੀਂ ਉਦਾਸ ਜਾਂ ਮਾਯੂਸ ਹੋ ਕੇ ਸੋਚਦੇ ਹਾਂ ਤਾਂ ਸਾਨੂੰ ਕੁਦਰਤ ਦੀਆਂ ਅਨੇਕਾਂ ਨਿਆਮਤਾਂ ਮਹਿਸੂਸ ਨਹੀਂ ਹੁੰਦੀਆਂ, ਜੇਕਰ ਅਸੀਂ ਕੁਦਰਤ ਨਾਲ ਇੱਕਮਿਕ ਹੋਈਏ ਤਾਂ ਸਾਨੂੰ ਅਹਿਸਾਸ ਹੁੰਦਾ ਹੈ ਕਿ 'ਅਸੀਂ ਥੋੜ੍ਹੇ ਨਹੀਂ, ਅਸੀਂ ਤਾਂ ਬਹੁਤ ਹਾਂ'। ਅਸਲ ਵਿਚ ਤਾਂ ਸਾਡੇ ਵੇਖਣ, ਸੋਚਣ ਅਤੇ ਸਮਝਣ ਦੇ ਢੰਗ-ਤਰੀਕਿਆਂ ਵਿਚ ਹੀ ਜ਼ਿੰਦਗੀ ਨੂੰ ਭਰੀ ਹੋਈ ਜਾਂ ਖ਼ਾਲੀ ਕਹਿਣ ਦੇ ਕਾਰਨ ਹੁੰਦੇ ਹਨ।
  ਸਾਰਥਿਕ ਸੋਚਣ ਦੀ ਸੁਤੰਤਰਤਾ ਗੁਆ ਦੇਣ ਕਰਕੇ ਹੀ ਸਾਨੂੰ ਕੋਈ ਹੋਰ ਸ਼ਖ਼ਸ ਸੰਗਲਾਂ ਵਿਚ ਜਕੜਿਆ ਹੋਇਆ ਗੁਲਾਮ ਨਜ਼ਰ ਆਉਂਦਾ ਹੈ, ਅਸਲ ਵਿਚ ਤਾਂ ਓਹ ਵਿਚਾਰਾਂ ਜਾਂ ਬੇਵੱਸ ਹੁੰਦਾ ਹੈ।
  ਸੋ ਆਪਾਂ ਸਿਆਣੇ ਬਣੀਏ, ਕੁਦਰਤ ਦੇ ਬਜ਼ਾਰ ਵਿਚ ਫ਼ਜ਼ੂਲ ਦੀਆਂ ਚੀਜ਼ਾਂ ਨਹੀਂ ਵਿਕਦੀਆਂ। ਅਸੀਂ ਮਨੁੱਖ ਕੁਦਰਤ ਦੇ ਬਹੁਤ ਹੀ ਲਾਡਲੇ ਜੀਵ ਹਾਂ, ਕੁਦਰਤ ਵੀ ਸਾਥੋਂ ਚਾਹੁੰਦੀ ਹੈ ਕਿ ਅਸੀਂ ਆਪਣੇ ਚਰਿੱਤਰ ਦੀ ਸੋਭਾ ਨੂੰ ਸੰਸਾਰ ਅੰਦਰ ਕਾਇਮ ਰੱਖੀਏ, ਕੁਦਰਤ ਸਾਨੂੰ ਅਨੇਕਾਂ ਹੀ ਫੁੱਲਾਂ ਤੇ ਬਨਸਪਤੀ ਰਾਹੀਂ ਸਮਝਾਉਦੀ ਹੈ ਕਿ...
ਗੁਆਚੀ ਹੋਈ ਖ਼ੁਸ਼ਬੂ, ਫੁੱਲਾਂ 'ਚ ਵਾਪਸ ਨਹੀਂ ਮੁੜਦੀ,
ਤੇ ਮਿੱਟੀ ਬਣਗੀ ਦੇਹ ਵਿਚ ਦੁਬਾਰਾ ਜਾਨ ਨਹੀਂ ਪੈਂਦੀ!
   ਫਿਰ ਕਿਉਂ ਨਾ ਰੱਜ ਰੱਜ ਮਾਣੀਏ ਮਿਲੇ ਵਕਤ ਨੂੰ, ਖੁਸ਼ ਰਹੀਏ ਤੇ ਖੁਸ਼ ਰੱਖੀਏ ਰਿਸ਼ਤਿਆਂ ਨੂੰ, ਮੰਨਿਆ ਜਿਵੇਂ ਚੁੰਬਕ ਦਾ ਆਪਣਾ ਹੀ ਸੁਭਾਅ ਹੁੰਦਾ, ਇੱਕ ਦੂਜੇ ਨੂੰ ਖਿੱਚਦੀ ਵੀ ਹੈ ਤੇ ਦੂਰ ਵੀ ਧੱਕਦੀ ਹੈ। ਅਸੀਂ ਇਨਸਾਨ ਵੀ ਤਾਂ ਉਸੇ ਚੁੰਬਕ ਤੇ ਰਹਿੰਦੇ ਹਾਂ ਤੇ ਪ੍ਰਸਥਿਤੀਆਂ ਅਨੁਸਾਰ ਇੱਕ ਦੂਜੇ ਨੂੰ ਖਿੱਚਦੇ ਜਾਂ ਧਕਦੇ ਹੋਏ ਜੀਵਨ ਪੰਧ ਮੁਕਾਉਣ ਲੱਗੇ ਹਾਂ, ਪਰ ਇਹ ਸਹੀ ਨਹੀਂ! ਜ਼ਿੰਦਗੀ ਤਾਂ ਲੰਘ ਹੀ ਜਾਣੀ ਐਂ, ਮਸਲਾ ਤਾਂ ਇਸਨੂੰ ਹੱਸ-ਹੱਸ ਕੇ ਲੰਘਾਉਣ ਦਾ ਹੈ!
ਹਰਫੂਲ ਸਿੰਘ ਭੁੱਲਰ ਮੰਡੀ ਕਲਾਂ