ਪੀ.ਏ.ਯੂ. ਦੇ ਕਿਸਾਨ ਮੇਲੇ ਦੇ ਦੂਜੇ ਦਿਨ ਕਿਸਾਨਾਂ ਦਾ ਭਾਰੀ ਇਕੱਠ ਜੁੜਿਆ

*ਦੇਸ਼ ਦੇ ਅੰਨ-ਭੰਡਾਰ ਨੂੰ ਭਰਪੂਰ ਕਰਕੇ ਅੰਨ ਸੁਰੱਖਿਆ ਪ੍ਰਦਾਨ ਕਰਨ ਵਿਚ ਹਰੀ ਕ੍ਰਾਂਤੀ ਨੇ ਅਹਿਮ ਭੂਮਿਕਾ ਨਿਭਾਈ : ਡਾ. ਖੁਸ਼

ਲੁਧਿਆਣਾ 15 ਮਾਰਚ(ਟੀ. ਕੇ.)  ਪੀ.ਏ.ਯੂ. ਦੇ ਕੈਂਪਸ ਵਿਚ ਜਾਰੀ ਕਿਸਾਨ ਮੇਲੇ ਦੇ ਦੂਸਰੇ ਦਿਨ ਅੱਜ ਪੰਜਾਬ ਅਤੇ ਆਸਪਾਸ ਦੇ ਖਿੱਤਿਆਂ ਤੋਂ ਭਾਰੀ ਗਿਣਤੀ ਵਿਚ ਕਿਸਾਨ ਸ਼ਾਮਿਲ ਹੋਏ| ਮੇਲੇ ਦੇ ਦੂਸਰੇ ਦਿਨ ਇਨਾਮ ਵੰਡ ਸਮਾਰੋਹ ਵਿਚ ਚੌਲਾਂ ਦੇ ਸੰਸਾਰ ਪ੍ਰਸਿੱਧ ਵਿਗਿਆਨੀ ਪਦਮਸ਼੍ਰੀ ਡਾ. ਗੁਰਦੇਵ ਸਿੰਘ ਖੁਸ਼ ਮੁੱਖ ਮਹਿਮਾਨ ਵਜੋਂ ਅਤੇ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਕਮਿਸ਼ਨ ਦੇ ਚੇਅਰਮੈਨ ਡਾ. ਸੁਖਪਾਲ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ| ਸਮਾਰੋਹ ਦੀ ਪ੍ਰਧਾਨਗੀ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ| ਇਸ ਮੌਕੇ ਅਮਰੀਕਾ ਦੀ ਯੇਲ ਯੂਨੀਵਰਸਿਟੀ ਤੋਂ ਪ੍ਰੋਫੈਸਰ ਐਂਥਨੀ 13 ਵਿਦਿਆਰਥੀਆਂ ਦੇ ਵਫ਼ਦ ਸਮੇਤ ਵਿਸ਼ੇਸ਼ ਰੂਪ ਵਿਚ ਸ਼ਾਮਿਲ ਹੋਏ|

 
ਇਸ ਮੌਕੇ ਆਪਣੇ ਮੁੱਖ ਭਾਸ਼ਣ ਵਿਚ ਡਾ. ਗੁਰਦੇਵ ਸਿੰਘ ਖੁਸ਼ ਨੇ ਕਿਹਾ ਕਿ ਹਰੀ ਕ੍ਰਾਂਤੀ ਨੇ ਦੇਸ਼ ਦੇ ਅੰਨ ਭੰਡਾਰ ਨੂੰ ਭਰਪੂਰ ਕਰਕੇ ਅੰਨ ਸੁਰੱਖਿਆ ਪ੍ਰਦਾਨ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਅਤੇ ਇਸਦਾ ਸਮੁੱਚਾ ਸਿਹਰਾ ਪੰਜਾਬ ਦੇ ਮਿਹਨਤੀ ਕਿਸਾਨਾਂ ਅਤੇ ਪੀ.ਏ.ਯੂ. ਦੇ ਵਿਗਿਆਨੀਆਂ ਸਿਰ ਬੱਝਦਾ ਹੈ| ਉਹਨਾਂ ਕਿਹਾ ਕਿ ਪੀ.ਏ.ਯੂ. ਦੇ ਵਿਗਿਆਨੀਆਂ ਨੇ ਫ਼ਸਲਾਂ ਦੀਆਂ ਬਹੁਤ ਸਾਰੀਆਂ ਕਿਸਮਾਂ ਵਿਚ ਸੁਧਾਰ ਕਰਕੇ ਉਹਨਾਂ ਨੂੰ ਉੱਚ ਝਾੜ ਦੇਣ ਯੋਗ ਬਣਾਇਆ, ਇਸ ਨਾਲ ਕਿਸਾਨਾਂ ਦੀ ਆਮਦਨ ਵਿਚ ਚੌਖਾ ਵਾਧਾ ਹੋਇਆ ਅਤੇ ਪੇਂਡੂ ਜੀਵਨ ਵਿਚ ਖੁਸ਼ਹਾਲੀ ਆਈ| ਪਰ ਨਾਲ ਹੀ ਕੁਦਰਤੀ ਸਾਧਨਾਂ ਦੀ ਲੋੜੋਂ ਵੱਧ ਵਰਤੋਂ ਨੇ ਸਾਡੀ ਕਿਸਾਨੀ ਲਈ ਕਈ ਸਮੱਸਿਆਵਾਂ ਵੀ ਪੈਦਾ ਕੀਤੀਆਂ ਜਿਸ ਲਈ ਸਾਨੂੰ ਕਣਕ-ਝੋਨੇ ਦੇ ਰਵਾਇਤੀ ਚੱਕਰ ਨੂੰ ਘਟਾ ਕੇ ਬਹੁਫਸਲੀ ਪ੍ਰਣਾਲੀ ਵਿਕਸਿਤ ਕਰਨ ਦੀ ਲੋੜ ਹੈ| ਇਸਦੇ ਨਾਲ ਹੀ ਸਰ•ੋਂ ਅਤੇ ਦਾਲਾਂ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ, ਖੇਤੀ ਲਾਗਤਾਂ ਨੂੰ ਘਟਾਉਣ, ਪਰਾਲੀ ਦੀ ਢੁੱਕਵੀਂ ਸਾਂਭ-ਸੰਭਾਲ ਕਰਨ, ਸਪੀਡ ਬਰੀਡਿੰਗ ਅਤੇ ਮਸ਼ੀਨੀ ਬੌਧਿਕਤਾ ਵਰਗੀਆਂ ਨਵੀਆਂ ਤਕਨੀਕਾਂ ਅਪਨਾਉਣ, ਮੁੱਲ ਵਾਧੇ ਰਾਹੀਂ ਖੇਤੀ ਮੁਨਾਫ਼ਾ ਵਧਾਉਣ ਦੇ ਨਾਲ-ਨਾਲ ਫਲਾਂ ਅਤੇ ਸਬਜ਼ੀਆਂ ਦੀ ਕਾਸ਼ਤ ਉੱਪਰ ਜ਼ੋਰ ਦਿੱਤਾ|

 
ਉੱਘੇ ਅਰਥ ਸ਼ਾਸਤਰੀ ਡਾ. ਸੁਖਪਾਲ ਸਿੰਘ ਨੇ ਕਿਹਾ ਕਿ ਇਸ ਖਿੱਤੇ ਵੱਲੋਂ ਸਭ ਤੋਂ ਵੱਧ ਫਸਲੀ ਝਾੜ ਪੈਦਾ ਕਰਨ ਦੇ ਬਾਵਜੂਦ ਸਾਡੀ ਕਿਸਾਨੀ ਸਾਹਮਣੇ ਕਈ ਸੰਕਟ ਹਨ, ਇਸਦਾ ਪ੍ਰਮੁੱਖ ਕਾਰਨ ਸੂਬੇ ਕੋਲ ਕਿਸੇ ਬੱਝਵੀਂ ਖੇਤੀ ਨੀਤੀ ਦੀ ਅਣਹੋਂਦ ਰਹੀ ਹੈ| ਉਹਨਾਂ ਕਿਹਾ ਕਿ ਖੇਤੀਬਾੜੀ ਅਤੇ ਕਿਸਾਨ ਕਮਿਸ਼ਨ ਨੇ ਪੀ.ਏ.ਯੂ. ਦੇ ਸਹਿਯੋਗ ਨਾਲ ਪੰਜਾਬ ਦੀ ਖੇਤੀ ਨੀਤੀ ਤਿਆਰ ਕਰਨ ਦਾ ਉੱਦਮ ਕੀਤਾ ਹੈ ਜਿਸ ਵਿਚ ਸਹਾਇਕ ਧੰਦਿਆਂ ਰਾਹੀਂ ਖੇਤੀ ਆਮਦਨ ਵਿਚ ਵਾਧੇ ਦੀ ਤਜ਼ਵੀਜ਼ ਪ੍ਰਮੁੱਖ ਹੈ| ਉਹਨਾਂ ਕਿਹਾ ਕਿ ਬਿਹਤਰ ਸਮਾਜ ਸਿਰਜਣ ਲਈ ਪਿੰਡ ਦੀ ਇਕਾਈ ਨੂੰ ਆਤਮ ਨਿਰਭਰ ਬਣਾ ਕੇ ਮਜ਼ਬੂਤ ਕਰਨ ਸੰਬੰਧੀ ਤਜ਼ਵੀਜ਼ਾਂ ਵੀ ਨਵੀਂ ਖੇਤੀ ਨੀਤੀ ਵਿਚ ਸ਼ਾਮਿਲ ਹਨ|

 
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਬੀਤੇ ਸਾਲ ਹੋਏ ਪ੍ਰਵਾਸੀ ਕਿਸਾਨ ਸੰਮੇਲਨ ਦੌਰਾਨ ਪ੍ਰਵਾਸੀ ਕਿਸਾਨਾਂ ਵੱਲੋਂ ਸਾਂਝੇ ਕੀਤੇ ਖੇਤੀ ਤਜਰਬਿਆਂ ਦੇ ਅਧਾਰ ਤੇ ਕਿਹਾ ਕਿ ਵਿਦੇਸ਼ ਵਿਚ ਕਿਸਾਨਾਂ ਨੇ ਕਿਰਤ ਅਤੇ ਕਿਰਸ ਨੂੰ ਅਪਣਾ ਕੇ, ਨਿਰੋਲ ਖੇਤੀਬਾੜੀ ਦੀ ਥਾਂ ਖੇਤੀ ਕਾਰੋਬਾਰ ਰਾਹੀਂ ਪ੍ਰੋਸੈਸਿੰਗ ਨੂੰ ਉਤਸ਼ਾਹਿਤ ਕਰਕੇ ਆਪਣੇ ਸੰਘਰਸ਼ ਅਤੇ ਸਫਲਤਾ ਦੀ ਕਹਾਣੀ ਲਿਖੀ ਹੈ| ਉਹਨਾਂ ਕਿਹਾ ਕਿ ਸ਼ੋਸ਼ਲ ਮੀਡੀਆ ਰਾਹੀਂ ਖੇਤੀ ਪਸਾਰ ਨੂੰ ਨਵਾਂ ਮਾਧਿਅਮ ਮਿਲਿਆ ਹੈ ਅਤੇ ਕਿਸਾਨਾਂ ਨੂੰ ਪੀ.ਏ.ਯੂ. ਦੀਆਂ ਸ਼ੋਸ਼ਲ ਮੀਡੀਆਂ ਐਪਸ ਨਾਲ ਜੁੜ ਕੇ ਆਪਣੀ ਖੇਤੀ ਨੂੰ ਲਾਹੇਵੰਦ ਧੰਦਾ ਬਨਾਉਣਾ ਚਾਹੀਦਾ ਹੈ| ਡਾ. ਗੋਸਲ ਨੇ ਮੇਲੇ ਦੇ ਉਦੇਸ਼ ਬਾਰੇ ਗੱਲ ਕਰਦਿਆਂ ਰੋਜ਼ਾਨਾ ਆਮਦਨ ਹਾਸਲ ਕਰਨ ਲਈ ਸਹਾਇਕ ਧੰਦੇ ਅਪਨਾਉਣ ਦੀ ਅਪੀਲ ਕੀਤੀ|

 
ਯੇਲ ਯੂਨੀਵਰਸਿਟੀ ਦੇ ਪ੍ਰੋਫੈਸਰ ਐਂਥਨੀ ਨੇ ਮੇਲੇ ਵਿਚ ਸ਼ਾਮਿਲ ਹੋਣ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਪੀ.ਏ.ਯੂ. ਵਿਗਿਆਨੀਆਂ ਅਤੇ ਕਿਸਾਨਾਂ ਦੇ ਸੁਮੇਲ ਨੂੰ ਪੰਜਾਬ ਦੀ ਕਿਸਾਨੀ ਦੀ ਖੁਸ਼ਹਾਲੀ ਦਾ ਪ੍ਰਤੀਕ ਕਿਹਾ|

ਇਸ ਸਮਾਰੋਹ ਵਿਚ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਸਭ ਦਾ ਸਵਾਗਤ ਕਰਦਿਆਂ ਸਹਾਇਕ ਧੰਦਿਆਂ ਦੀ ਸਿਖਲਾਈ ਦੇ ਸੰਬੰਧ ਵਿਚ ਪੀ.ਏ.ਯੂ. ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਮਹੱਤਵ ਬਾਰੇ ਗੱਲ ਕੀਤੀ| ਉਹਨਾਂ ਕਿਹਾ ਕਿ ਸਿਖਲਾਈ ਲੈਣ ਵਾਲੇ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੇ ਆਪਣੇ ਉਤਪਾਦਾਂ ਦੀਆਂ ਸਟਾਲਾਂ ਮੇਲੇ ਵਿਚ ਲਾਈਆਂ ਹਨ ਜਿਨ•ਾਂ ਤੋਂ ਹੋਰ ਕਿਸਾਨਾਂ ਨੂੰ ਵੀ ਪ੍ਰੇਰਿਤ ਹੋਣ ਦੀ ਲੋੜ ਹੈ|

ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ, ਪਸਾਰ ਸਿੱਖਿਆ ਵਿਭਾਗ ਦੇ ਮੁਖੀ ਡਾ. ਕੁਲਦੀਪ ਸਿੰਘ ਅਤੇ ਲੜਕਿਆਂ ਦੇ ਭਲਾਈ ਅਧਿਕਾਰੀ ਗੁਰਪ੍ਰੀਤ ਸਿੰਘ ਵਿਰਕ ਨੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਨਿਭਾਈ|

 
ਅੰਤ ਵਿਚ ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜੀ ਪੀ ਐੱਸ ਸੋਢੀ ਨੇ ਧੰਨਵਾਦ ਦੇ ਸ਼ਬਦ ਕਹੇ|