ਕਿਸਾਨ ਮੇਲੇ 'ਤੇ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਲਗਾਈ ਗਈ ਕਿਤਾਬਾਂ ਦੀ ਸਟਾਲ 

ਲੁਧਿਆਣਾ, 15 ਮਾਰਚ (ਟੀ. ਕੇ. ) ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਹਰ ਸਾਲ ਕਿਸਨਾਂ ਨੂੰ ਨਵੇਂ ਸੁਧਰੇ ਹੋਏ ਬੀਜਾਂ ਤੇ ਫਸਲਾਂ ਪ੍ਰਤੀ ਨਵੀਂ ਜਾਣਕਾਰੀ ਦੇਣ ਹਿੱਤ ਕਿਤਾਬਾਂ ਦੀਆਂ ਦੁਕਾਨਾਂ ਅਤੇ ਖੇਤੀਬਾੜੀ ਦੇ ਸੰਦਾਂ ਦੀ ਨੁਮਾਇਸ ਲਈ ਹਰ ਸਾਲ ਹਾੜ੍ਹੀ ਅਤੇ ਸਾਉਣੀ ਦੀਆਂ ਫਸਲਾਂ ਲਈ ਕਿਸਾਨ ਮੇਲੇ ਲਗਾਉਂਦੀ ਹੈ। ਇਸ ਵਾਰ ਦੋ ਦਿਨਾ 14 ਤੇ 15 ਮਾਰਚ ਦੇ ਕਿਸਾਨ ਮੇਲੇ ਤੇ ਹਰ ਵਾਰ ਦੀ ਤਰ੍ਹਾਂ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਜ਼ੋਨ ਲੁਧਿਆਣਾ ਦੇ ਸਹਿਯੋਗ ਨਾਲ ਤਰਕਸ਼ੀਲ ਕਿਤਾਬਾਂ ਅਤੇ ਵਿਗਿਆਨਿਕ ਵਿਚਾਰਾਂ ਦੇ ਪਸਾਰੇ ਲਈ ਪ੍ਰਦਰਸ਼ਨੀ ਲਾਈ ਗਈ।ਬਹੁਤ ਸਾਰੇ ਕਿਸਾਨਾਂ ਅਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਇਸ ਸਟਾਲ ਵਿੱਚ ਵਿਸ਼ੇਸ਼  ਦਿਲਚਸਪੀ ਵਿਖਾਈ। ਜ਼ੋਨ ਲੁਧਿਆਣਾ ਦੇ ਮੁੱਖੀ ਜਸਵੰਤ ਜ਼ੀਰਖ ਦੀ ਰਿਪੋਰਟ ਅਨੂਸਾਰ ਇਹ ਪ੍ਰਦਰਸ਼ਨੀ ਆਮ ਲੋਕਾਂ ਨੂੰ ਤਰਕਸ਼ੀਲ ਵਿਚਾਰਾਂ ਦੇ ਧਾਰਨੀ ਬਣਾਉਣ ਲਈ ਬਹੁਤ ਸਹਾਈ ਸਿੱਧ ਹੋ ਰਹੀ ਹੈ, ਜਿਸ ਵਿੱਚ ਬਹੁਤ ਸੌਖੇ ਅਤੇ ਦਿਲਚਸਪ ਢੰਗ ਨਾਲ ਵਿਗਿਆਨਿਕ ਵਿਚਾਰਾਂ ਨੂੰ ਦਰਸਾਇਆ ਗਿਆ ਹੈ। ਇਸ ਵਿੱਚ ਤਰਕਸ਼ੀਲ ਸੁਸਾਇਟੀ ਵੱਲੋਂ ਪੰਜਾਬ ਦੇ ਕਈ ਘਰਾਂ ਵਿੱਚ ਅਚਨਚੇਤ ਵਾਪਰਦੀਆਂ ਕੱਪੜੇ ਕੱਟਣ ਤੇ ਅੱਗ ਲੱਗਣ ਆਦਿ ਦੀਆਂ ਘਟਨਾਵਾਂ ਬੰਦ ਕਰਨ ਦੇ ਇਲਾਜ ਲਈ ਕਈ ਅਖੌਤੀ ਬਾਬਿਆਂ ਵੱਲੋਂ ਦਿੱਤੇ ਧਾਗੇ- ਤਵੀਤ ਦੇਣ ਦੇ ਬਾਵਜੂਦ ਵੀ ਘਟਨਾਵਾਂ ਬੰਦ ਨਹੀਂ ਸੀ ਹੋਈਆਂ , ਪਰ ਤਰਕਸ਼ੀਲ ਸੁਸਾਇਟੀ ਵੱਲੋਂ ਉਹਨਾਂ ਤੋਂ ਛੁਟਕਾਰਾ ਪਵਾਉਣ ਉਪਰੰਤ ਉਹਨਾ ਨੂੰ ਲੋਕਾਂ ਦੇ ਗਲ਼ਾਂ ਵਿੱਚੋਂ ਉਤਰਵਾਕੇ ਇਸ ਪ੍ਰਦਰਸ਼ਨੀ ਵਿੱਚ ਰੱਖਿਆ ਗਿਆ ਸੀ, ਜਿਹਨਾ ਦੀ ਨੁਮਾਇਸ ਵੀ ਹਰ ਵਾਰ ਤਰ੍ਹਾਂ ਖਿੱਚ ਦਾ ਕੇਂਦਰ ਬਣੀ ਰਹੀ।ਅਗਾਂਹ ਵਧੂ ਵਿਚਾਰਾਂ ਵਾਲੇ ਪੋਸਟਰ ਵੀ ਲੋਕ ਧਿਆਨ ਨਾਲ ਪੜ੍ਹਦੇ ਸਨ ਅਤੇ ਤਰਕਸ਼ੀਲ ਕਾਰਕੁਨਾਂ ਨਾਲ ਅੰਧਵਿਸਵਾਸ਼ਾਂ ਬਾਰੇ ਚਰਚਾ ਵੀ ਕਰਦੇ ਰਹੇ। ਇਸ ਸਮੇਂ ਕਿਸਨਾਂ ਅਤੇ ਵਿਦਿਆਰਥੀਆਂ ਨੇ ਵੱਡੀ ਪੱਧਰ ਤੇ ਕਿਤਾਬਾਂ ਖਰੀਦੀਆਂ ਅਤੇ ਤਰਕਸ਼ੀਲ ਮੈਗਜ਼ੀਨ ਦੇ ਚੰਦੇ ਭਰੇ। ਇਸ ਸਮੇਂ ਸਟਾਲ 'ਤੇ ਅਤੇ ਤਰਕਸ਼ੀਲ ਸਾਹਿਤ ਵੈਨ ਨਾਲ ਜਥੇਬੰਦਕ ਮੁਖੀ ਰਜਿੰਦਰ ਭਦੌੜ, ਗੁਰਪ੍ਰੀਤ ਸੈਹਣਾ, ਬਿੰਦਰ ਸਿੰਘ, ਜਸਵੰਤ ਬੋਪਾਰਾਏ ਬਲਵਿੰਦਰ ਸਿੰਘ, ਧਰਮਪਾਲ ਸਿੰਘ, ਕਰਤਾਰ ਸਿੰਘ, ਰਾਕੇਸ਼ ਅਜ਼ਾਦ, ਸੁਰਜੀਤ ਸਿੰਘ, ਸੋਹਣ ਸਿੰਘ ਬਡਲਾ, ਗੁਰਮੇਲ ਸਿੰਘ, ਦੀਪ ਦਿਲਬਰ, ਰੁਪਿੰਦਰ ਸਿੰਘ, ਹਰਚੰਦ ਭਿੰਡਰ, ਸ਼ਮਸੇਰ ਨੂਰਪੁਰੀ, ਰਜਿੰਦਰ ਜੰਡਿਆਲੀ ਤੇ ਕਰਤਾਰ ਵਿਰਾਨ , ਕਰਨੈਲ ਸਿੰਘ, ਧਰਮ ਸਿੰਘ ਆਦਿ ਕਿਤਾਬਾਂ ਦੀ ਵਿਕਰੀ ਅਤੇ ਸਟਾਲ ਤੇ ਪਹੁੰਚੇ ਪਾਠਕਾਂ ਅਤੇ ਦਰਸ਼ਕਾਂ ਦੇ ਅੰਧਵਿਸਵਾਸ਼ਾਂ ਪ੍ਰਤੀ ਅਤੇ ਤਰਕਸ਼ੀਲਤਾ ਦੇ ਸਬੰਧ ਵਿੱਚ ਸੁਆਲਾਂ ਦੇ ਜਵਾਬ ਦੇਣ ਲਈ ਮੌਜੂਦ ਰਹੇ।