ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਸੁਨੇਤ ਵੱਲੋਂ ਕਾਲ਼ੇ ਪਾਣੀ ਜੇਲ੍ਹ ਵਿੱਚ ਦਿੱਤੀ ਸ਼ਹਾਦਤ ਦੀ ਦਾਸਤਾਨ ਦਰਸਾਉਂਦੀ ਪੁਸਤਕ , ਅੱਜ ਵਿਸ਼ੇਸ਼ ਨਾਟਕ ਸਮਾਗਮ ਦੌਰਾਨ ਹੋਵੇਗੀ ਲੋਕ ਅਰਪਣ

 ਲੁਧਿਆਣਾ, 9 ਮਾਰਚ (  ਟੀ. ਕੇ.  ) ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਉੱਠੀ ਗ਼ਦਰ ਲਹਿਰ ਵਿੱਚ ਕਾਲ਼ੇ ਪਾਣੀ (ਅੰਡੇਮਾਨ) ਦੀ ਸੈਲੂਲਰ ਜੇਲ੍ਹ ਵਿੱਚ ਅੰਗਰੇਜ ਹਕੂਮਤ ਵੱਲੋਂ ਦਿੱਤੀ ਉਮਰ ਕੈਦ ਕੱਟਦੇ ਹੋਏ ਬਾਬਾ ਭਾਨ ਸਿੰਘ ਸੁਨੇਤ ਜੇਲ੍ਹ ਵਿੱਚ ਹੀ ਸ਼ਹੀਦ ਹੋ ਗਏ ਸਨ। ਪਿੰਡ ਸੁਨੇਤ (ਲੁਧਿਆਣਾ) ਦੇ ਜੰਮਪਲ ਇਸ ਮਹਾਨ ਸ਼ਹੀਦ ਦੀ ਇੱਥੇ ਬਣੀ ਯਾਦਗਾਰ ਵਿੱਖੇ 10 ਮਾਰਚ ਨੂੰ ਰਾਤ 7 ਵਜੇ ਤੋਂ ਸ਼ਹੀਦੀ ਸਮਾਗਮ ਹੋ ਰਿਹਾ ਹੈ। ਇਸ ਬਾਰੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸ਼ਹੀਦ ਬਾਬਾ ਭਾਨ ਸਿੰਘ ਗ਼ਦਰ ਮੈਮੋਰੀਅਲ ਟ੍ਰੱਸਟ ਦੇ ਪ੍ਰਧਾਨ ਕਰਨਲ ਜੇ ਐਸ ਬਰਾੜ ਅਤੇ ਜਨਰਲ ਸਕੱਤਰ ਜਸਵੰਤ ਜੀਰਖ ਨੇ ਦੱਸਿਆ ਕਿ ਹੋਰ ਜੰਤਕ ਜਮਹੂਰੀ ਜੱਥੇਬੰਦੀਆਂ ਦੇ ਸਹਿਯੋਗ ਨਾਲ ਹੋ ਰਹੇ ਇਸ ਸਮਾਗਮ ਵਿੱਚ ਨਾਟਕ, ਕਵੀਸ਼ਰੀਆਂ, ਅਤੇ ਗ਼ਦਰੀ ਸ਼ਹੀਦਾਂ ਦੀਆਂ ਕੁਰਬਾਨੀਆਂ ਭਰੇ ਇਤਿਹਾਸ ਬਾਰੇ ਵੱਖ ਵੱਖ ਬੁਲਾਰਿਆਂ ਵੱਲੋਂ ਅਹਿਮ ਇਤਿਹਾਸਿਕ ਘਟਨਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਇਹਨਾਂ ਵਿੱਚ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਕਮੇਟੀ ਦੇ ਸਭਿਆਚਾਰਕ ਕਨਵੀਨਰ ਅਮੋਲਕ ਸਿੰਘ ਅਤੇ ਤਰਕਸ਼ੀਲ ਰਸਾਲੇ ਦੇ ਸੰਪਾਦਕ ਬਲਵੀਰ ਲੌਂਗੋਵਾਲ ਜਿਹਨਾਂ ਵੱਲੋਂ ਬਾਬਾ ਭਾਨ ਸਿੰਘ ਦੀ ਸ਼ਹਾਦਤ ਬਾਰੇ ਲਿੱਖੀ ਕਿਤਾਬ ‘ਦਾਸਤਾਨ-ਏ- ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ (ਪਿੰਡ ਸੁਨੇਤ ਤੋਂ ਕਾਲ਼ੇ ਪਾਣੀ ਤੱਕ ) ਇਸ ਸਮਾਗਮ ਦੌਰਾਨ ਲੋਕ ਅਰਪਣ ਕੀਤੀ ਜਾਵੇਗੀ।ਅੱਜ ਦੇਸ਼ ਨੂੰ ਦੁਬਾਰਾ ਉਹਨਾਂ ਹੀ ਲੁਟੇਰੀਆਂ ਕੰਪਨੀਆਂ ਕੋਲ ਦੇਸ਼ ਨੂੰ ਵੇਚਣ ਦੇ ਰਾਹ ਟੁਰੇ ਸਿਆਸਤਦਾਨਾ ਦੇ ਚ੍ਰਿਤਰ ਨੂੰ ਉਘਾੜਨ ਲਈ ਇਹ ਸਮਾਗਮ ਚੇਤਨਾ ਮਹੱਈਆ ਕਰੇਗਾ। ਦੇਸ਼ ਦੇ ਕਿਰਤੀ ਲੋਕਾਂ ਦੀ ਬਾਤ ਪਾਉਂਦਾ ਨਾਟਕ ‘ਲੇਬਰ ਚੌਕ’ ਕਿਰਤ ਦੀ ਲੁੱਟ ਅਤੇ ਦੋਮ ਦਰਜੇ ਦੀ ਸਿਆਸਤ ਦੇ ਪਾਜ ਉਧੇੜੇਗਾ। ਰਸੂਲਪੁਰ ਵਾਲਾ ਕਵੀਸਰੀ ਜੱਥਾ ਆਪਣੇ ਵੱਖਰੇ ਅੰਦਾਜ ਵਿੱਚ ਸ਼ਹੀਦਾਂ ਨੂੰ ਯਾਦ ਕਰੇਗਾ।