ਅੰਧਵਿਸ਼ਵਾਸੀ ਦਾ ਜਵਾਬ ਤਰਕਸ਼ੀਲਤਾ ਦੇ ਪ੍ਰਚਾਰ-ਪ੍ਰਸਾਰ ਦੁਆਰਾ ਦੇਣ ਦੇ ਯਤਨ ਹੋਰ ਤੇਜ ਕੀਤੇ ਜਾਣਗੇ- ਜਸਵੰਤ ਜ਼ੀਰਖ

ਤਰਕਸ਼ੀਲ ਸੁਸਾਇਟੀ (ਲੁਧਿਆਣਾ) ਜ਼ੋਨ ਦੀ ਮੀਟਿੰਗ ਵਿੱਚ ਮੈਗਜ਼ੀਨ ਜਾਰੀ ਕੀਤਾ ਤੇ ਵਿੱਤ ਮੁਖੀ ਦੀ ਚੋਣ ਕੀਤੀ ਗਈ

ਲੁਧਿਆਣਾ, 10 ਮਾਰਚ (ਗੁਰਕਿਰਤ ਜਗਰਾਓਂ /ਮਨਜਿੰਦਰ ਗਿੱਲ) ਅੱਜ ਤਰਕਸ਼ੀਲ ਸੁਸਾਇਟੀ ਪੰਜਾਬ (ਜ਼ੋਨ ਲੁਧਿਆਣਾ) ਦੀ ਮੀਟਿੰਗ ਜ਼ੋਨ ਦੇ ਜਥੇਬੰਦਕ ਮੁਖੀ ਜਸਵੰਤ ਜ਼ੀਰਖ ਦੀ ਪ੍ਰਧਾਨਗੀ ਹੇਠ ਸਥਾਨਕ ਜ਼ੋਨ ਦਫਤਰ ਵਿੱਖੇ ਹੋਈ।ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਮੀਡੀਆ ਮੁੱਖੀ ਹਰਚੰਦ ਭਿੰਡਰ ਨੇ ਦੱਸਿਆ ਕਿ  ਇਸ ਵਿੱਚ ਸਮੁੱਚੇ ਲੁਧਿਆਣਾ ਜ਼ੋਨ ਦੀਆਂ ਕੁਹਾੜਾ, ਮਲੇਰ ਕੋਟਲਾ, ਜਗਰਾਂਓ, ਸੁਧਾਰ ਅਤੇ ਲੁਧਿਆਣਾ ਇਕਾਈਆਂ ਦੇ ਅਹੁਦੇਦਾਰ ਅਤੇ ਡੈਲੀਗੇਟਾਂ ਨੇ ਭਾਗ ਲਿਆ। ਮੀਟਿੰਗ ਵਿੱਚ ਸਭ ਤੋਂ ਪਹਿਲਾਂ ਪਿੱਛਲੇ ਦਿਨੀ ਸਦੀਵੀ ਵਿਛੋੜਾ ਦੇ ਗਏ ਜ਼ੋਨ ਦੇ ਵਿੱਤ ਮੁੱਖੀ ਤੇ ਸੀਨੀਅਰ ਆਗੂ ਆਤਮਾ ਸਿੰਘ ਬਾਰੇ ਅਫਸੋਸ ਜਾਹਰ ਕਰਦਿਆਂ ਦੋ ਮਿੰਟ ਦਾ ਮੋਨ ਰੱਖ ਕੇ ਸਰਧਾਂਜਲੀ ਦਿੱਤੀ ਗਈ। ਇਸ ਉਪਰੰਤ ਕਾਰਵਾਈ ਸ਼ੁਰੂ ਕਰਦਿਆਂ ਜਥੇਬੰਦਕ ਮੁੱਖੀ ਜਸਵੰਤ ਜ਼ੀਰਖ ਨੇ ਕਿਹਾ ਕਿ ਸਮੇਂ ਦੇ ਮੌਜੂਦਾ ਦੌਰ ਵਿੱਚ ਜਦੋਂ ਰਾਜ ਕਰਤਾ ਸ੍ਰੇਣੀ ਦਾ , ਲੋਕਾਂ ਨੂੰ ਅੰਧਵਿਸ਼ਵਾਸੀ ਬਣਾਈ ਰੱਖਣ ਅਤੇ ਤਰਕਸ਼ੀਲ ਵਿਚਾਰਾਂ ਨੂੰ ਦਬਾਉਣ ਲਈ ਬਿਨਾ ਸੋਚੇ ਸਮਝੇ ਧਾਰਮਿਕ ਆਸਥਾ ਨੂੰ ਠੇਸ ਪਹੁੰਚਣ ਦੇ ਬਹਾਨੇ ਤਰਕਸ਼ੀਲ ਕਾਰਕੁੰਨਾਂ ਉੱਪਰ ਕੇਸ ਦਰਜ ਕਰਨ ਤੇ ਪੂਰਾ ਜ਼ੋਰ ਲੱਗਿਆ ਹੋਇਆ ਹੈ। ਇਸ ਕਰਕੇ ਤਰਕਸ਼ੀਲਤਾ ਦੇ ਪ੍ਰਚਾਰ ਅਤੇ ਪ੍ਰਸਾਰ ਦੇ ਯਤਨਾ ਵਿੱਚ ਹੋਰ ਤੇਜੀ ਨਾਲ ਵਿਚਰਨ ਲਈ ਸਾਡੀ ਜੁੰਮੇਵਾਰੀ ਹੋਰ ਵਧ ਜਾਂਦੀ ਹੈ।ਇਸ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਤਹਿ ਕੀਤਾ ਗਿਆ ਕਿ ਸੁਸਾਇਟੀ ਦੇ ਜ਼ੋਨ ਲੁਧਿਆਣਾ ਵੱਲੋਂ , ਹਰ ਸਾਲ ਦੀ ਤਰ੍ਹਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ 14-15 ਮਾਰਚ ਨੂੰ ਹੋ ਰਹੇ ਕਿਸਾਨ ਮੇਲੇ ਵਿੱਚ ਸੂਬਾ ਪੱਧਰੀ ਸਟਾਲ ਲਾ ਕੇ ਤਰਕਸ਼ੀਲ ਸਾਹਿਤ ਨੂੰ ਆਮ ਲੋਕਾਂ ਤੱਕ ਪੁੱਜਦਾ ਕੀਤਾ ਜਾਵੇਗਾ। ਇਸ ਮੌਕੇ ਬੁਲਾਰਿਆਂ ਵੱਲੋਂ ਕਿਸਾਨ ਮੇਲੇ ਵਿੱਚ ਪਹੁੰਚੇ ਲੋਕਾਂ ਨੂੰ ਅੰਧ-ਵਿਸ਼ਵਾਸ ,ਜੋਤਿਸ਼ ਅਤੇ ਗੈਰ ਵਿਗਿਆਨਿਕ ਰੂੜੀਵਾਦੀ ਵਿਚਾਰਾਂ ਤੋਂ ਦੂਰ ਰਹਿਣ ਲਈ ਜਾਗਰੁਕ ਕਰਕੇ ਤਰਕਸ਼ੀਲਤਾ ਅਪਣਾਉਂਣ ਲਈ ਪ੍ਰੇਰਿਆ ਜਾਵੇਗਾ। ਇਸ ਸਮੇਂ ਜੋਨ ਦੀਆਂ ਸਾਰੀਆਂ ਇਕਾਈਆਂ ਦੇ ਆਗੂਆਂ ਲਈ ਦੋਵੇਂ ਦਿਨ ਹਾਜ਼ਰ ਰਹਿਣ ਲਈ ਜੁੰਮੇਵਾਰੀਆਂ ਤਹਿ ਕੀਤੀਆਂ ਗਈਆਂ। ਮੀਟਿੰਗ ਵਿੱਚ ਪੁਲਿਸ ਵੱਲੋਂ ਬਿਨਾ ਕਿਸੇ ਪੁੱਛ ਪੜਤਾਲ ਕੀਤਿਆਂ ਕੁੱਝ ਫਿਰਕਾਪ੍ਰਸਤ ਮੂਲਵਾਦੀਆਂ ਦੇ ਦਬਾਅ ਹੇਠ ਤਰਕਸ਼ੀਲ ਕਾਰਕੁੰਨਾਂ ਖਿਲਾਫ ਧਾਰਾ 295 ਏ ਅਧੀਨ ਦਰਜ ਕੀਤੇ ਕੇਸਾਂ ਦੀ ਸਖਤ ਅਲੋਚਨਾ ਕਰਦਿਆਂ ਇਹਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ। 
ਇਸ ਸਮੇਂ ਵਿੱਛੜ ਚੁੱਕੇ ਸਾਥੀ ਆਤਮਾ ਸਿੰਘ ਦੀ ਥਾਂ ਜੋਨ ਦੇ ਵਿੱਤ ਮੁਖੀ ਦੀ ਚੋਣ ਹੋਈ,ਜਿਸ ਵਿੱਚ ਸਰਬਸਮਤੀ ਨਾਲ ਇਕਾਈ ਲੁਧਿਆਣਾ ਦੇ ਧਰਮਪਾਲ ਸਿੰਘ ਨੂੰ ਜ਼ੋਨ ਦਾ ਵਿੱਤ ਮੁੱਖੀ ਚੁਣ ਲਿਆ ਗਿਆ। ਧਰਮਪਾਲ ਸਿੰਘ ਨੇ ਇਹ ਜੁੰਮੇਵਾਰੀ ਕਬੂਲਦਿਆਂ ਕਿਹਾ ਕੇ ਉਹ ਇਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਦਾ ਯਤਨ ਕਰਨਗੇ। ਇਸ ਉਪਰੰਤ ਤਰਕਸੀਲ ਮੈਗਜ਼ੀਨ ਦੇ ਮਾਰਚ-ਅਪ੍ਰੈਲ ਅੰਕ ਨੂੰ ਜਾਰੀ ਕਰਦਿਆਂ ਸਮਸ਼ੇਰ ਨੂਰਪੁਰੀ ਨੇ ਕਿਹਾ ਸ਼ਹੀਦ ਭਗਤ ਸਿੰਘ , ਰਾਜਗੁਰੂ, ਸੁਖਦੇਵ ਦਾ ਸ਼ਹੀਦੀ ਦਿਵਸ ਵੀ ਇਸ ਮਹੀਨੇ ਹੋਣ ਕਾਰਣ , ਇਸ ਅੰਕ ਵਿੱਚ ਉਹਨਾਂ ਨਾਲ ਸਬੰਧਤ ਲੇਖ ਅਤੇ ਅੰਧਵਿਸ਼ਵਾਸੀ ਵਿਚਾਰਾਂ ਨੂੰ ਭਾਂਜ ਦੇਣ ਬਾਰੇ ਹੋਰ ਬਹੁਤ ਸਾਰੀ ਸਮਗਰੀ ਪੜ੍ਹਨਯੋਗ ਹੈ। ਇਸ ਦੇ ਨਾਲ ਹੀ ਇਹ ਅੰਕ ਸਾਰੀਆਂ ਇਕਾਈਆਂ ਨੂੰ ਵੰਡਿਆ ਗਿਆ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਕਰਤਾਰ ਵਿਰਾਨ, ਸੁਰਜੀਤ ਦੌਧਰ, ਬਲਵਿੰਦਰ ਸਿੰਘ, ਹਰਚੰਦ ਭਿੰਡਰ, ਕਮਲਜੀਤ ਸਿੰਘ, ਗੁਰਮੀਤ ਮੱਲਾ, ਮੋਹਨ ਬਡਲਾ, ਰਜਿੰਦਰ ਜੰਡਿਆਲੀ ਤੇ ਗੁਰਮੇਲ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।