ਸੰਸਾਰ ਵਪਾਰ ਸੰਸਥਾਂ ਦੀ ਆਬੂ ਧਾਬੀ ਮੀਟਿੰਗ ਦੇ ਵਿਰੋਧ ਟਰੈਕਟਰ ਖੜਣਗੇ ਮੁਖੱ ਸੜਕਾਂ ਤੇ --ਦੇਹੜਕਾ

ਜਗਰਾਓ, 25 ਫਰਵਰੀ (ਗੁਰਕਿਰਤ ਜਗਰਾਓ/ਮਨਜਿੰਦਰ ਗਿੱਲ) 26 ਫਰਵਰੀ ਤੋਂ 29 ਫਰਵਰੀ ਤੱਕ ਆਬੂਧਾਬੀ ਵਿਖੇ ਹੋ ਰਹੀ ਸੰਸਾਰ ਵਪਾਰ ਸੰਸਥਾਂ ਦੀ ਮੀਟਿੰਗ ਦੇ ਵਿਰੋਧ ਚ ਪੰਜਾਬ ਭਰ ਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਰਾਸ਼ਟਰੀ ਰਾਜ ਮਾਰਗਾਂ ਤੇ ਕਿਸਾਨ ਟਰੈਕਟਰ ਖੜੇ ਕਰਕੇ ਸਾਮਰਾਜੀ ਕਾਰਪੋਰੇਟਾਂ ਵਲੋਂ ਡਬਲਯੂ ਟੀ ਓ ਰਾਹੀਂ ਕਿਸਾਨੀ ਅਤੇ ਆਮ ਲੋਕਾਂ ਦੀ ਲੁੱਟ ਤਿੱਖੀ ਕਰਨ ਲਈ ਬਣਾਈਆਂ ਜਾ ਰਹੀਆਂ ਸਬੀਲਾਂ ਦਾ ਡੱਟਵਾਂ ਵਿਰੋਧ ਕੀਤਾ ਜਾਵੇਗਾ। ਅੱਜ ਇਥੇ ਬਲਾਕ ਜਗਰਾਂਓ ਦੀਆਂ ਸਾਰੀਆਂ ਇਕਾਈਆਂ ਦੀ ਬਲਾਕ ਪ੍ਰਧਾਨ ਤਰਸੇਮ ਸਿੰਘ ਬੱਸੂਵਾਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਚ ਇਸ ਮਕਸਦ ਦਾ ਐਲਾਨ ਕਰਦਿਆਂ ਉਨਾਂ ਕਿਹਾ ਕਿ ਭਲਕੇ 26 ਫਰਵਰੀ ਨੂੰ ਨਾਨਕਸਰ ਲਾਗੇ ਖੰਡ ਮਿੱਲ ਨੇੜੇ ਜੀ ਟੀ ਰੋਡ ਤੇ ਜਗਰਾਂਓ ਅਤੇ ਸਿਧਵਾਂਬੇਟ ਬਲਾਕ ਦੀਆਂ ਇਕਾਈਆਂ ਦੇ ਕਿਸਾਨ ਵੱਡੀ ਗਿਣਤੀ ਚ ਟਰੈਕਟਰ ਲੈ ਕੇ ਖੜਣਗੇ ਅਤੇ" ਡਬਲਯੂ ਟੀ ਓ ਚੋਂ ਭਾਰਤ ਵਾਪਸ ਆਵੇ" ਦੀ ਮੰਗ ਕਰਨਗੇ। ਉਨਾਂ ਦੱਸਿਆ ਕਿ ਮੀਟਿੰਗ ਵਿੱਚ ਸੰਸਾਰ ਵਪਾਰ ਸੰਸਥਾ ਦੀਆਂ ਸ਼ਰਤਾਂ ਕਿ ਕਿਸਾਨਾਂ ਨੂੰ ਮਿਲਦੀਆਂ ਸਾਰੀਆਂ ਸਬਸਿਡੀਆਂ ਖਤਮ ਕਰਨ,ਮੰਡੀਆਂ ਤਕ ਟੈਕਸ ਮੁਕਤ ਰਸਾਈ ਖਤਮ ਕਰਨ ਅਤੇ ਆਜਾਦ ਮੁਕਾਬਲੇਬਾਜੀ ਤੇਜ ਕਰਨ ਦਾ ਤਿੱਖਾ ਨੋਟਿਸ ਲਿਆ ਗਿਆ।। ਇਹ ਸਾਮਰਾਜੀ ਕਾਰਪੋਰੇਟਾਂ ਦੀ ਸਰਦਾਰੀ ਵਾਲੀ ਸੰਸਥਾਂ ਭਾਰਤ ਵਰਗੇ ਦੇਸ਼ਾਂ ਚ ਸਬਸਿਡੀਆਂ ਦੀ ਸੀਮਾ ਸਿਰਫ ਦਸ ਪ੍ਰਤੀਸ਼ਤ ਨਿਰਧਾਰਤ ਕਰਨਾ ਚਾਹੁੰਦੀਆਂ ਹਨ ਜਦੋਂ ਕਿ ਅਪਣੇ ਮੁਲਕ ਚ ਹਜਾਰਾਂ ਡਾਲਰ ਸਬਸਿਡੀਆਂ ਦਿੱਤੀਆਂ ਜਾ ਰਹੀਆਂ ਹਨ।। ਮੀਟਿੰਗ ਦੀ ਕਾਰਵਾਈ ਪ੍ਰੈੱਸ ਨੂੰ ਜਾਰੀ ਕਰਦਿਆਂ ਬਲਾਕ ਸਕੱਤਰ ਰਛਪਾਲ ਸਿੰਘ ਨਵਾਂ ਡੱਲਾ ਨੇ ਦੱਸਿਆ ਕਿ ਮੀਟਿੰਗ ਵਿੱਚ ਇਕੱਤਰ ਸਾਰੇ ਅਹੁਦੇਦਾਰਾਂ ਨੇ ਸਭ ਤੋਂ ਪਹਿਲਾਂ ਖਨੌਰੀ ਬਾਰਡਰ ਤੇ ਸ਼ਹੀਦ ਹੋਏ ਨੋਜਵਾਨ ਕਿਸਾਨ ਸ਼ੁਭਕਰਮਨ ਸਿੰਘ ਅਤੇ ਹੋਰ ਵਿਛੜੇ  ਕਿਸਾਨਾਂ ਨੂੰ ਸ਼ਰਧਾਂਜਲੀ ਭੇਂਟ 
ਕੀਤੀ। 
ਇਸ ਸਮੇਂ ਮੀਟਿੰਗ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋਂ ਹਰਿਆਣਾ ਦੇ ਡੱਬਵਾਲੀ ਬਾਰਡਰ ਤੇ ਚਲ ਰਹੇ ਧਰਨੇ ਚ ਸ਼ਾਮਿਲ ਹੋਣ ਲਈ ਪੰਜ ਮਾਰਚ ਨੂੰ ਵਡੀ ਗਿਣਤੀ ਚ ਕਿਸਾਨ ਸ਼ਾਮਿਲ ਹੋਣਗੇ।  ਮੀਟਿੰਗ ਚ ਮਨਦੀਪ ਸਿੰਘ ਧਾਲੀਵਾਲ ਮੀਤ ਪ੍ਰਧਾਨ, ਚਮਕੌਰ ਸਿੰਘ ਚਚਰਾੜੀ ਬਲਾਕ ਵਿਤ ਸਕੱਤਰ ਤੋਂ ਬਿਨਾਂ ਸਾਰੀਆਂ ਇਕਾਈਆਂ ਦੇ ਪ੍ਰਧਾਨ ਹਾਜਰ ਸਨ।