ਬਾਰ ਐਸੋਸੀਏਸ਼ਨ ਰੋਪੜ ਵੱਲੋਂ ਪ੍ਰਦਰਸ਼ਨਕਾਰੀਆਂ 'ਤੇ ਕੀਤੇ ਅਣਮਨੁੱਖੀ ਅੱਤਿਆਚਾਰ ਵਿਰੁੱਧ ਰੋਸ ਪ੍ਰਦਰਸ਼ਨ

ਰੋਪੜ, 22 ਫਰਵਰੀ (ਗੁਰਬਿੰਦਰ ਸਿੰਘ ਰੋਮੀ): ਲੱਗਭਗ ਇੱਕ ਹਫ਼ਤੇ ਤੋਂ ਸ਼ੰਭੂ ਤੇ ਖਨੋਰੀ (ਪੰਜਾਬ/ਹਰਿਆਣਾ) ਬਾਰਡਰਾਂ 'ਤੇ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਕਿਸਾਨਾਂ/ਮਜ਼ਦੂਰਾਂ ਅਤੇ ਸੁਰੱਖਿਆ ਬਲਾਂ ਦਰਮਿਆਨ ਟਕਰਾਅ-ਪੂਰਨ ਸਥਿਤੀ ਦੇ ਚਲਦਿਆਂ ਬਲਾਂ ਵੱਲੋਂ ਛੱਡੀਆਂ ਰਬੜ ਦੀਆਂ ਗੋਲ਼ੀਆਂ, ਅੱਥਰੂ ਗੈਸ ਦੀ ਬੰਬਾਰੀ ਤੇ ਲਾਠੀਚਾਰਜ ਕਾਰਨ ਨੌਜਵਾਨ ਕਿਸਾਨ ਸ਼ੁੱਭਕਰਨ ਸਿੰਘ ਵਾਸੀ ਪਿੰਡ: ਬੱਲੋਂ (ਬਠਿੰਡਾ) ਦੀ ਮੌਤ ਅਤੇ ਦਰਜਣਾਂ ਹੀ ਪ੍ਰਦਰਸ਼ਨਕਾਰੀਆਂ ਦੇ ਫੱਟੜ ਹੋਣ ਕਾਰਨ ਵੱਖੋ-ਵੱਖ ਚਿੰਤਕ ਧਿਰਾਂ ਵੱਲੋਂ 'ਹਾਅ ਦੇ ਨਾਅਰੇ' ਵਜੋਂ ਰੋਸ ਪ੍ਰਦਰਸ਼ਨ ਲਗਾਤਾਰ ਜਾਰੀ ਹਨ। ਇਸੇ ਤਹਿਤ ਬਾਰ ਐਸੋਸੀਏਸ਼ਨ ਰੋਪੜ ਵੱਲੋਂ ਪ੍ਰਧਾਨ ਐਡਵੋਕੇਟ ਮਨਦੀਪ ਮੋਦਗਿੱਲ ਦੀ ਅਗਵਾਈ ਵਿੱਚ 22 ਫਰਵਰੀ ਵੀਰਵਾਰ ਨੂੰ ਸਾਰੇ ਦਿਨ ਦਾ ਕੰਮ ਰੋਕ ਕੇ ਆਪਣਾ ਵਿਰੋਧ ਜਾਹਿਰ ਕੀਤਾ। ਇਸ ਮੌਕੇ ਐਡਵੋਕੇਟ ਡੀ.ਐੱਸ. ਦਾਰਾ (ਇੰਚਾਰਜ), ਐਡਵੋਕੇਟ ਹੇਮੰਤ ਚੌਧਰੀ, ਐਡਵੋਕੇਟ ਐੱਮ.ਐੱਸ. ਢੀਂਡਸਾ, ਐਡਵੋਕੇਟ ਪਰਗਟ ਸਿੰਘ ਕਮਾਲਪੁਰੀ, ਐਡਵੋਕੇਟ ਵਿਕਰਮ ਭਨੋਟ, ਐਡਵੋਕੇਟ ਪੰਕਜ ਸ਼ਰਮਾ, ਐਡਵੋਕੇਟ ਅਰਵਿੰਦ ਰਿਸ਼ੀ, ਐਡਵੋਕੇਟ ਪਰਿੰਕਸ਼ਿਤ ਸ਼ਰਮਾ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।