ਮੋਦੀ ਹਕੂਮਤ ਦੀ ਹਿਟਲਰਸ਼ਾਹੀ ਖਿਲਾਫ ਰੋਸ ਵਜੋਂ ਚੋਕੀਮਾਨ ਟੋਲ ਪਲਾਜ਼ਾ ਕੀਤਾ ਫਰੀ

ਮੁੱਲਾਂਪੁਰ ਦਾਖਾ,20 ਫਰਵਰੀ ( ਸਤਵਿੰਦਰ ਸਿੰਘ ਗਿੱਲ) ਸੰਯੁਕਤ ਕਿਸਾਨ ਮੋਰਚੇ ਵਲੋਂ ਹਰਿਆਣਾ ਅਤੇ ਮੋਦੀ ਸਰਕਾਰ ਦੀ ਹਿਟਲਰਸ਼ਾਹੀ ਖਿਲਾਫ ਪੰਜਾਬ ਭਰ ਚ ਟੋਲਪਲਾਜੇ ਪਰਚੀ ਮੁਕਤ ਕਰਵਾਏ ਗਏ।  ਇਸੇ ਲੜੀ ਚ ਚੋਕੀਮਾਨ ਟੋਲ ਪਲਾਜੇ ਤੇ ਇਲਾਕੇ ਦੇ ਕਿਸਾਨਾਂ ਨੇ ਇਕੱਠੇ ਹੋ ਕੇ ਫ੍ਰੀ ਕਰ ਦਿੱਤਾ।  ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ, ਦਸਮੇਸ਼ ਕਿਸਾਨ ਮਜਦੂਰ ਯੂਨੀਅਨ ਜਮਹੂਰੀ ਕਿਸਾਨ ਸਭਾ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਵਰਕਰਾਂ ਨੇ ਇਥੇ ਰੈਲੀ ਕਰਕੇ ਪਲਾਜੇ ਤੇ ਕੋਈ ਵੀ ਪਰਚੀ ਨਾ ਕਟਣ ਦਿੱਤੀ।  ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਬਲਰਾਜ ਸਿੰਘ ਕੋਟ ਉਮਰਾ, ਇੰਦਰਜੀਤ ਸਿੰਘ ਧਾਲੀਵਾਲ, ਸੁਰਜੀਤ ਦੋਧਰ ,ਅਮਨ ਚੋਕੀਮਾਨ, ਅਵਤਾਰ ਸਿੰਘ ਬਿਲੂ ਵਲੈਤੀਆ, ਗੁਰਮੇਲ ਸਿੰਘ ਕੁਲਾਰ,ਚਮਕੌਰ ਸਿੰਘ ਚਚਰਾੜੀ ,ਕੁਲਦੀਪ ਸਿੰਘ ਕਾਉਂਕੇ ਆਦਿ ਨੇ ਕਿਹਾ ਕਿ ਹਰਿਆਣਾ ਦੇ ਬਾਰਡਰਾਂ ਤੇ ਸੰਘਰਸ਼ਸ਼ੀਲ ਕਿਸਾਨਾਂ ਵਲੋਂ ਕੇਂਦਰ ਸਰਕਾਰ ਦੀ ਪੰਜ ਫਸਲਾਂ ਦੀ ਪੰਜ ਸਾਲ ਠੇਕਾ ਕੰਪਨੀਆਂ ਵਲੋਂ ਖਰੀਦ ਪਰਪੋਜ਼ਲ ਰੱਦ ਕਰਨ ਦਾ ਸਵਾਗਤ ਕਰਦਿਆਂ ਕਿਹਾ ਕਿ ਸਾਂਝੇ ਅਤੇ ਵਿਸ਼ਾਲ ਸੰਘਰਸ਼ ਤੋਂ ਬਿਨਾਂ ਕੁੱਝ ਵੀ ਹਾਸਲ ਨਹੀਂ ਕੀਤਾ ਜਾ ਸਕਦਾ। ਉਨਾਂ ਦਿੱਲੀ ਜਾਣ ਤੋਂ ਕਿਸਾਨਾਂ ਨੂੰ ਰੋਕਣ ਦੇ ਜਾਬਰ ਤਰੀਕਿਆਂ ਦਾ ਜੋਰਦਾਰ ਖੰਡਨ ਕਰਦਿਆਂ ਖੱਟਰ ਤੇ ਮੋਦੀ ਸਰਕਾਰ ਨੂੰ ਸਰਕਾਰੀ ਗੁੰਡਾਗਰਦੀ ਤੋਂ ਬਾਜ ਆਉਣ ਦੀ ਚਿਤਾਵਨੀ ਦਿੱਤੀ।  ਉਨਾਂ ਕਿਹਾ ਕਿ ਇਸ ਹਾਲਤ ਚ ਸੰਯੁਕਤ ਕਿਸਾਨ ਮੋਰਚਾ ਕਿਸੇ ਵੀ ਹਦਾਇਤ ਤਕ ਜਾ ਕੇ ਇਸ ਤਾਨਾਸ਼ਾਹ ਸਰਕਾਰ ਦਾ ਗਰੂਰ ਚਕਨਾਚੂਰ ਕਰਨ ਲਈ ਮਜਬੂਰ ਹੋਵੇਗਾ। ਉਨਾਂ ਕਿਹਾ ਕਿ ਸੰਭੂ ਅਤੇ ਖਨੌਰੀ ਬਾਰਡਰਾਂ ਤੇ ਹੁਣ ਤਕ ਤਿੰਨ ਕਿਸਾਨ ਜਾਨਾਂ ਗਵਾ ਚੁਕੇ ਹਨ।ਉਨਾਂ ਵਿਛੋੜਾ ਦੇ ਗਏ ਕਿਸਾਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਸਮੇਂ ਗੁਰਮੇਲ ਸਿੰਘ ਰੂਮੀ,ਗੁਰਤੇਜ ਸਿੰਘ ਲੱਖਾ, ਕੁੰਡਾ ਸਿੰਘ ਕਾਉਂਕੇ,ਅਮਰੀਕ ਸਿੰਘ ਤਲਵੰਡੀ, ਦੀਵਾਨ ਸਿੰਘ ਕੋਟ ਉਮਰਾ ਆਦਿ ਹਾਜਰ ਸਨ।