*ਅੱਜ ਮੁਕੰਮਲ ਹੜਤਾਲ ਹੋਵੇਗੀ
ਲੁਧਿਆਣਾ, 15 ਫਰਵਰੀ (ਟੀ. ਕੇ.) ਕੇਂਦਰੀ ਟਰੇਡ ਯੂਨੀਅਨਾਂ/ ਸੈਕਟੋਰਲ ਫੈਡਰੇਸ਼ਨਾਂ/ ਐਸੋਸੀਏਸ਼ਨਾਂ ਅਤੇ ਸੰਯੁਕਤ ਕਿਸਾਨ ਮੋਰਚਾ ਦੇ ਕੌਮੀ ਸੱਦੇ ਤੇ ਹੜਤਾਲ ਅਤੇ ਭਾਰਤ ਬੰਦ 16 ਫਰਵਰੀ ਨੂੰ ਕੀਤਾ ਜਾ ਰਿਹਾ ਹੈ। ਇਸ ਦੀ ਤਿਆਰੀ ਤਹਿਤ ਇਥੇ ਕਈ ਦਿਨਾਂ ਤੋਂ ਪ੍ਰਚਾਰ ਮੁਹਿੰਮ ਚਲਾਈ ਜਾ ਰਹੀ ਹੈ। ਇੱਥੇ ਏਟਕ ਸੀਟੂ ਤੇ ਸੀ. ਟੀ. ਯੂ. ਪੰਜਾਬ ਦੇ ਆਗੂਆਂ ਵੱਲੋਂ ਮਿਨੀ ਸਕੱਤਰੇਤ, ਜਗਰਾਉ ਪੁੱਲ ਅਤੇ ਘੰਟਾ ਘਰ ਚੌਕ ਵਿੱਚ ਜੱਥੇ ਬਣਾ ਕੇ ਲੋਕਾਂ ਨੂੰ ਇਸ ਬੰਦ ਵਿੱਚ ਸ਼ਾਮਿਲ ਹੋਣ ਦੀ ਅਪੀਲ ਕਰਦਿਆਂ ਹੱਥ ਪਰਚੇ ਵੰਡੇ ਗਏ। ਇਸ ਵਿੱਚ ਸ਼ਾਮਿਲ ਸਾਥੀਆਂ ਨੇ ਹੱਥਾਂ ਵਿੱਚ ਬੈਨਰ ਤੇ ਤਖਤੀਆਂ ਫੜੀਆਂ ਹੋਈਆਂ ਸਨ। ਅਨੇਕਾਂ ਲੋਕਾਂ ਨੇ ਇਸ ਬਾਰੇ ਗੱਲਬਾਤ ਵੀ ਕੀਤੀ ਅਤੇ ਸਾਥੀਆਂ ਨੇ 16 ਫਰਵਰੀ ਦੇ ਇਸ ਐਕਸ਼ਨ ਦਾ ਮੰਤਵ ਲੋਕਾਂ ਨੂੰ ਸਮਝਾਇਆ ਜਿਸ ਦਾ ਕਿ ਲੋਕਾਂ ਨੇ ਹਾਂ ਪੱਖੀ ਹੁੰਗਾਰਾ ਦਿੱਤਾ। ਗੱਲਬਾਤ ਕਰਦਿਆਂ ਸਾਥੀਆਂ ਨੇ ਕਿਸਾਨਾਂ ਉੱਪਰ ਮੋਦੀ ਸਰਕਾਰ ਵੱਲੋਂ ਨਾਦਰਸ਼ਾਹੀ ਤਸ਼ੱਦਦ ਦੀ ਪੁਰਜੋਰ ਨਿਖੇਧੀ ਕੀਤੀ । ਹਰ ਪਾਸਿਓਂ ਫੇਲ ਹੋ ਕੇ ਸਰਕਾਰ ਹੁਣ ਦਮਨ ਤੇ ਉੱਤਰ ਆਈ ਹੈ ਅਤੇ ਇਸ ਦਾ ਕਾਰਪੋਰੇਟ ਪੱਖੀ ਤੇ ਮਜ਼ਦੂਰ, ਮੁਲਾਜ਼ਮ, ਕਿਸਾਨ ਛੋਟੇ ਕਾਰੋਬਾਰੀਆਂ ਅਤੇ ਆਮ ਲੋਕਾਂ ਦੇ ਖਿਲਾਫ ਚਿਹਰਾ ਮੋਰਾ ਸਾਹਮਣੇ ਆ ਗਿਆ ਹੈ। ਉਸ ਨੂੰ ਛੁਪਾਉਣ ਲਈ ਹੁਣ ਸਮਾਜ ਵਿੱਚ ਧਰਮ ਜਾਤ ਦੇ ਨਾਮ ਤੇ ਵੰਡੀਆਂ ਪਾਈਆਂ ਜਾ ਰਹੀਆਂ ਹਨ। 16 ਫਰਵਰੀ ਨੂੰ ਸਰਕਾਰ ਦੀਆਂ ਦਮਨਕਾਰੀ ਨੀਤੀਆਂ ਦਾ ਸਾਰੇ ਦੇਸ਼ ਵਿੱਚ ਅੰਦੋਲਨ ਕਰਕੇ ਮੂੰਹ ਤੋੜ ਜਵਾਬ ਦਿੱਤਾ ਜਾਏਗਾ। ਇਸ ਪ੍ਰਚਾਰ ਮੁਹਿੰਮ ਵਿੱਚ ਹਿੱਸਾ ਲੈਣ ਵਾਲੇ ਆਗੂਆਂ ਵਿੱਚ ਡੀ ਪੀ ਮੌੜ, ਚਮਕੌਰ ਸਿੰਘ, ਐਮ ਐਸ ਭਾਟੀਆ,ਜੋਗਿੰਦਰ ਰਾਮ, ਜਗਦੀਸ਼ ਚੰਦ ਅਤੇ ਬਲਰਾਮ ਸ਼ਾਮਿਲ ਸਨ। ਇਹਨਾਂ ਤੋਂ ਇਲਾਵਾ ਕੇਵਲ ਸਿੰਘ ਬਨਵੈਤ, ਚਰਨ ਸਰਾਭਾ, ਅਵਤਾਰ ਛਿੱਬੜ,ਕਾਮਰੇਡ ਵਿਨੋਦ ਕੁਮਾਰ,ਮਾਸਟਰ ਜਗਮੇਲ ਸਿੰਘ, ਜੋਗਿੰਦਰ ਰਾਮ, ਸੰਜੇ ਕੁਮਾਰ,ਜੋਗਿੰਦਰ ਪਾਲ, ਦਾਨ ਸਿੰਘ, ਕਰਮਾਲ ਸਿੰਘ, ਐਸ ਕੇ ਨਗੇਸ਼, ਅਨੋਦ ਕੁਮਾਰ ਅਤੇ ਰਾਮ ਚੰਦ ਸ਼ਾਮਲ ਸਨ।