ਕੇਂਦਰੀ ਟਰੇਡ ਯੂਨੀਅਨਾਂ ਵੱਲੋਂ 16 ਫਰਵਰੀ ਨੂੰ ਲੁਧਿਆਣਾ ਵਿਖੇ ਰੈਲੀ ਅਤੇ ਪ੍ਰਦਰਸ਼ਨ ਕਰਨ ਦਾ ਫੈਸਲਾ

ਬੱਸ ਅੱਡੇ  ਰੈਲੀ ਕਰਕੇ ਮਿੰਨੀ ਸਕੱਤਰੇਤ ਤੱਕ ਕੱਢਿਆ ਜਾਵੇਗਾ ਰੋਸ ਮਾਰਚ
ਲੁਧਿਆਣਾ, 11 ਫਰਵਰੀ (ਟੀ. ਕੇ.)
ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿਖੇ ਕੇਂਦਰੀ ਟਰੇਡ ਯੂਨੀਅਨਾਂ ਦੀਆਂ ਲੁਧਿਆਣਾ ਇਕਾਈਆਂ ਵੱਲੋਂ ਕਨਵੈਂਸ਼ਨ ਕੀਤੀ ਗਈ, ਜਿਸ ਵਿਚ ਏਟਕ, ਸੀਟੂ ਅਤੇ ਸੀ. ਟੀ. ਯੂ. ਦੇ ਕਾਰਕੁੰਨਾਂ ਨੇ ਭਾਗ ਲਿਆ। ਇਸ ਮੌਕੇ ਕਨਵੈਨਸ਼ਨ ਨੇ ਸਰਬ ਸੰਮਤੀ  ਨਾਲ 16 ਫਰਵਰੀ ਨੂੰ ਸੰਯੁਕਤ ਕਿਸਾਨ ਮੋਰਚਾ ਅਤੇ ਕੇਂਦਰੀ ਟਰੇਡ ਯੂਨੀਅਨਾਂ ਸੈਕਟੋਰਲ ਫੈਡਰੇਸ਼ਨਾਂ /ਐਸੋਸੀਏਸ਼ਨਾਂ ਵੱਲੋਂ ਦਿੱਤੇ ਗਏ ਸੱਦੇ  'ਤੇ ਉਦਯੋਗਕ ਹੜਤਾਲ ਅਤੇ ਪੇਂਡੂ ਭਾਰਤ ਬੰਦ ਵਿੱਚ ਪੂਰੇ ਜੋਰ  ਨਾਲ ਸ਼ਾਮਿਲ ਹੋ ਕੇ ਸਫਲ ਬਣਾਉਣ ਦਾ ਫੈਸਲਾ ਕੀਤਾ। ਇਹ ਫੈਸਲਾ ਕੀਤਾ ਗਿਆ ਕਿ ਉਸ ਦਿਨ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮਜ਼ਦੂਰ, ਮੁਲਾਜ਼ਮ, ਨੌਜਵਾਨ, ਔਰਤਾਂ,ਛੋਟੇ ਕਾਰੋਬਾਰੀ,ਸਕੀਮ ਵਰਕਰ,ਕੰਟਰੈਕਟ ਵਰਕਰ ਅਤੇ ਟਰਾਂਸਪੋਰਟ ਬੱਸ ਅੱਡੇ ਤੇ ਇਕੱਤਰ ਹੋਣਗੇ ਅਤੇ ਰੈਲੀ ਕਰਨਗੇ, ਉਪਰੰਤ ਭਾਰਤ ਨਗਰ ਚੌਕ ਹੁੰਦੇ ਹੋਏ ਮਿੰਨੀ ਸਕੱਤਰੇਤ ਤੱਕ ਰੋਸ ਮਾਰਚ ਕਰਨਗੇ। ਕਨਵੈਨਸ਼ਨ ਵਿੱਚ ਬੋਲਦਿਆਂ ਬੁਲਾਰਿਆਂ ਨੇ ਦੱਸਿਆ ਕਿ ਇਸ ਐਕਸ਼ਨ ਬਾਰੇ ਕਾਮਿਆਂ ਤੇ ਮੁਲਾਜ਼ਮਾਂ ਵਿੱਚ ਬਹੁਤ ਉਤਸ਼ਾਹ ਹੈ ਅਤੇ ਵੱਖ ਵੱਖ ਯੂਨੀਅਨਾਂ ਆਪਣੀਆਂ ਮੀਟਿੰਗਾਂ ਕਰਕੇ ਪੂਰੀ ਤਿਆਰੀ ਦੇ ਨਾਲ ਹੁੰਮ ਹੁੰਮਾ ਕੇ 16 ਫਰਵਰੀ ਦੇ ਰੈਲੀ ਤੇ ਪ੍ਰਦਰਸ਼ਨ ਵਿੱਚ ਹਿੱਸਾ ਲੈਣਗੀਆਂ। ਇਸ ਸਭਾ ਵਿੱਚ ਪੀ. ਏ. ਯੂ. , ਪੰਜਾਬ ਰੋਡਵੇਜ਼, ਅਧਿਆਪਕ, ਪ. ਸ. ਸ. ਫ. , ਉਦਯੋਗਿਕ ਮਜ਼ਦੂਰ, ਹੌਜ਼ਰੀ ਮਜ਼ਦੂਰ, ਰੇਹੜੀ ਫੜੀ ਵਾਲੇ ਕਾਮੇ, ਉਸਾਰੀ ਮਜ਼ਦੂਰ ਅਤੇ ਪੈਨਸ਼ਨਰ ਐਸੋਸੀਏਸ਼ਨਾਂ ਦੇ ਕਾਰਕੁੰਨ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ। ਇਸ ਮੌਕੇ ਆਗੂਆਂ ਨੇ ਦੱਸਿਆ ਕਿ ਨਗਰ ਵਿੱਚ ਵਪਾਰੀਆਂ ਵਿੱਚ, ਆਟੋ ਰਿਕਸ਼ਾ ਵਾਲਿਆਂ ਵਿੱਚ ਅਤੇ ਹੋਰ ਅਨੇਕਾਂ ਕਿਸਮ ਦੇ ਕਾਮਿਆਂ ਵਿੱਚ ਇਸ ਬਾਰੇ ਬਹੁਤ ਜੋਸ਼ ਹੈ। ਕਿਉਂਕਿ ਪਿਛਲੇ ਸਮਿਆਂ ਵਿੱਚ ਸਰਕਾਰ ਦੀਆਂ ਨੀਤੀਆਂ ਨੇ ਮਜ਼ਦੂਰਾਂ, ਮੁਲਾਜ਼ਮਾਂ ਦੇ ਹੱਕਾਂ ਦਾ ਘਾਣ ਕੀਤਾ ਹੈ, ਕਿਸਾਨਾਂ ਨਾਲ ਕੀਤੇ ਵਾਅਦਿਆਂ ਤੋਂ ਸਰਕਾਰ ਦੇ ਮੁਕਰਨ ਕਰਕੇ ਉਹਨਾਂ ਵਿੱਚ ਬੜਾ ਰੋਸ ਹੈ। ਜੀ. ਐਸ. ਟੀ. ਦੀਆਂ ਮੁਸ਼ਕਿਲਾਂ ਕਰਕੇ ਵਪਾਰੀਆਂ ਵਿੱਚ ਬੜਾ ਗੁੱਸਾ ਹੈ ਅਤੇ ਐਮ. ਐਸ ਐਮ. ਈ. ਦੇ ਵਿੱਚ ਬਹੁਤ ਰੋਸ ਹੈ ਕਿਉਂਕਿ ਸਮੁੱਚੀ ਆਰਥਿਕ ਨੀਤੀ ਕਾਰਪੋਰੇਟ ਪੱਖੀ ਹੈ। ਜਿੱਥੇ  ਕਾਰਪੋਰੇਟਾਂ ਨੂੰ ਅਥਾਹ ਧਨ ਵੰਡਿਆ ਜਾ ਰਿਹਾ ਹੈ, ਟੈਕਸ ਛੋਟਾਂ ਦਿੱਤੀਆਂ ਜਾ ਰਹੀਆਂ ਹਨ, ਉੱਥੇ ਛੋਟੇ ਖੇਤਰਾਂ ਤੇ ਟੈਕਸ ਵੀ ਵਧਾਇਆ ਜਾ ਰਿਹਾ ਹੈ ਅਤੇ ਸਹੂਲਤਾਂ ਘਟਾਈਆਂ ਜਾ ਰਹੀਆਂ ਹਨ। ਇਹਨਾਂ ਕਦਮਾਂ ਕਰਕੇ ਬੇਰੋਜ਼ਗਾਰੀ ਵਧ ਰਹੀ ਹੈ ਅਤੇ ਮਹਿੰਗਾਈ ਨਾਲ ਹਾਹਾਕਾਰ ਮਚਿਆ ਹੈ, ਜਦਕਿ ਗੈਸ ਡੀਜ਼ਲ, ਪੈਟਰੋਲ ਤੇ  ਰੋਜ ਦੀਆਂ ਵਰਤੋਂ ਦੀਆਂ ਚੀਜ਼ਾਂ ਦੇ ਭਾਅ ਵਧਦੇ ਜਾ ਰਹੇ ਹਨ। ਆਪਣੀਆਂ ਅਸਫਲਤਾਵਾਂ ਤੋਂ ਭੱਜਣ ਦੇ ਲਈ ਮੋਦੀ ਸਰਕਾਰ ਲੋਕਾਂ ਦਾ ਧਿਆਨ  ਗੈਰ ਜਰੂਰੀ ਮੁੱਦਿਆਂ ਵੱਲ ਖਿੱਚਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਸਮਾਜ ਵਿੱਚ ਧਰਮ ਦੇ ਨਾਮ ਤੇ ਵੰਡੀਆਂ ਪਾ ਰਹੀ ਹੈ। ਰਾਮ ਮੰਦਰ ਦੇ ਉਦਘਾਟਨ ਦਾ ਰਾਜਨੀਤੀਕਰਨ ਇੱਕ ਬਹੁਤ ਹੀ ਖਤਰਨਾਕ ਕਦਮ ਹੈ। ਕਨਵੈਨਸ਼ਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ਵਿੱਚ ਉਕਤ ਮਿਤੀ ਦੇ ਐਕਸ਼ਨ ਵਿੱਚ ਸ਼ਾਮਿਲ ਹੋਣ।ਇਸ ਮੌਕੇ 
ਕਨਵੈਨਸ਼ਨ ਨੂੰ ਸੰਬੋਧਨ ਕਰਨ ਵਾਲੇ ਮੁੱਖ ਆਗੂਆਂ ਵਿੱਚ ਜਮਹੂਰੀ ਕਿਸਾਨ ਸਭਾ ਦੋ ਸੂਬਾ ਆਗੂ ਰਘਬੀਰ ਸਿੰਘ ਬੈਨੀਪਾਲ, ਅਧਿਆਪਕ ਆਗੂ ਚਰਨ ਸਿੰਘ ਸਰਾਭਾ, ਸੀਟੂ ਦੇ ਆਗੂ ਸੁਖਵਿੰਦਰ ਸਿੰਘ ਲੋਟੇ, ਏਟਕ ਆਗੂ ਡੀ. ਪੀ. ਮੌੜ, ਐਮ. ਐਸ. ਭਾਟੀਆ ਅਤੇ ਕੇਵਲ ਸਿੰਘ ਬਨਵੈਤ, ਸੀਟੀਯੂ ਪੰਜਾਬ ਦੇ ਆਗੂ ਜਗਦੀਸ਼ ਚੰਦ ਅਤੇ ਬਲਰਾਮ ਤੋਂ ਇਲਾਵਾ ਸਮਰ ਬਹਾਦਰ, ਤਹਿਸੀਲਦਾਰ ਰਾਮ, ਅਜੀਤ ਕੁਮਾਰ, ਜਗਮੇਲ ਸਿੰਘ, ਕਾਮੇਸ਼ਵਰ ਯਾਦਵ, ਬੈਕ ਕਰਮਚਾਰੀਆਂ ਦੇ ਆਗੂ ਨਰੇਸ਼ ਗੌੜ, ਮੋਲਡਰ ਐਂਡ ਸਟੀਲ ਵਰਕਰ ਯੂਨੀਅਨ ਦੇ ਆਗੂ ਕਾਮਰੇਡ ਹਰਜਿੰਦਰ ਸਿੰਘ ਸ਼ਾਮਿਲ ਸਨ।ਇਸ ਮੌਕੇ ਕਨਵੈਨਸ਼ਨ ਦੀ ਪ੍ਰਧਾਨਗੀ ਕਾਮਰੇਡ ਕੇਵਲ ਸਿੰਘ ਬਨਵੈਤ,  ਜੋਗਿੰਦਰ ਰਾਮ ਅਤੇ ਸਮਰ ਬਹਾਦਰ ਨੇ ਕੀਤੀ ਜਦ ਕਿ ਸਟੇਜ ਦੀ ਕਾਰਵਾਈ  ਜਗਦੀਸ਼ ਚੰਦ ਨੇ ਬਾਖੂਬੀ ਨਿਭਾਈ।