ਬੀਬੀ ਮਾਣੂੰਕੇ ਦੇ ਘਰ ਪਹੁੰਚੇ ਵਿਧਾਨ ਸਭਾ ਦੇ ਸਪੀਕਰ ਸੰਧਵਾਂ

ਪੰਜਾਬ ਨੂੰ ਹੋਰ ਤਰੱਕੀ ਦੀ ਲੀਹੇਂ ਤੋਰਨ ਲਈ ਕੀਤੀਆਂ ਵਿਚਾਰਾਂ

ਜਗਰਾਓਂ, 11 ਫ਼ਰਵਰੀ (ਮਨਜਿੰਦਰ ਗਿੱਲ) ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਘਰ ਵਿਖੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅੱਜ ਅਚਾਨਕ ਪਹੁੰਚੇ ਅਤੇ ਉਹਨਾਂ ਬੀਬੀ ਮਾਣੂੰਕੇ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ ਅਤੇ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ। ਸਪੀਕਰ ਕੁਲਤਾਰ ਸਿੰਘ ਸੰਧਵਾਂ ਬੀਬੀ ਮਾਣੂੰਕੇ ਦੇ ਸੰਘਰਸ਼ੀ ਸਮੇਂ ਤੋਂ ਸਾਥੀ ਹਨ ਅਤੇ ਪਹਿਲਾਂ ਵੀ ਅਕਸਰ ਹੀ ਉਹ ਪਹਿਲਾਂ ਵੀ ਵਿਧਾਇਕਾ ਮਾਣੂੰਕੇ ਦੇ ਘਰ ਫੇਰੀ ਪਾਉਂਦੇ ਰਹਿੰਦੇ ਹਨ। ਇਸ ਮੌਕੇ ਉਹਨਾਂ ਬੀਬੀ ਸਰਵਜੀਤ ਕੌਰ ਮਾਣੂੰਕੇ ਅਤੇ ਪ੍ਰੋਫੈਸਰ ਸੁਖਵਿੰਦਰ ਸਿੰਘ ਨਾਲ ਮੁਲਾਕਾਤ ਦੌਰਾਨ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਨੂੰ ਹੋਰ ਤਰੱਕੀ ਦੀ ਲੀਹੇਂ ਤੋਰਨ ਅਤੇ ਪੰਜਾਬ ਦੇ ਲੋਕਾਂ ਲਈ ਹੋਰ ਕੀ ਕੁੱਝ ਕੀਤਾ ਜਾ ਸਕਦਾ ਹੈ, ਸਬੰਧੀ ਗੰਭੀਰਤਾ ਨਾਲ ਵਿਚਾਰਾਂ ਕੀਤੀਆਂ। ਇਸ ਉਪਰੰਤ ਬੀਬੀ ਮਾਣੂੰਕੇ ਦੇ ਗ੍ਰਹਿ ਵਿਖੇ ਪੁੱਜੇ ਕੁੱਝ ਪੱਤਰਕਾਰਾਂ ਵੱਲੋਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਸੁਆਲ ਉਠਾਉਂਦਿਆਂ ਆਖਿਆ ਕਿ ਜਗਰਾਉਂ ਸ਼ਹਿਰ ਅਮਰ ਸ਼ਹੀਦ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਅਤੇ ਉਹਨਾਂ ਦੇ ਪੁਰਖਿਆਂ ਦਾ ਜੱਦੀ ਸ਼ਹਿਰ ਹੈ, ਪਰੰਤੂ ਪਿਛਲੀਆਂ ਸਰਕਾਰਾਂ ਨੇ ਲਾਲਾ ਜੀ ਦੇ ਜੱਦੀ ਸ਼ਹਿਰ ਨੂੰ ਅੱਖੋਂ ਪਰੋਖੇ ਕਰਕੇ ਉਹਨਾਂ ਦੇ ਨਾਨਕੇ ਪਿੰਡ ਢੁੱਡੀਕੇ ਦੇ ਵਿਕਾਸ ਕਾਰਜਾਂ ਨੂੰ ਹੀ ਤਰਜ਼ੀਹ ਦਿੱਤੀ ਹੈ। ਇਸ ਤੇ ਉਹਨਾ ਕਿਹਾ ਕਿ ਉਹ ਵਿਧਾਨ ਸਭਾ ਵੱਲੋਂ ਜਗਰਾਉਂ ਵਾਸਤੇ ਹਰ ਸਾਲ ਫੰਡ ਜਾਰੀ ਕਰਦੇ ਹਨ, ਪਰੰਤੂ ਇਸ ਸਬੰਧੀ ਵਧੀਆ ਜੁਵਾਬ ਬੀਬੀ ਮਾਣੂੰਕੇ ਹੀ ਦੇ ਸਕਦੇ ਹਨ, ਤਾਂ ਸਪੀਕਰ ਸੰਧਵਾਂ ਦੇ ਕਹਿਣ 'ਤੇ ਬੀਬੀ ਮਾਣੂੰਕੇ ਨੇ ਆਖਿਆ ਕਿ ਬੇਸ਼ੱਕ ਲਾਲਾ ਜੀ ਦਾ ਜਨਮ ਉਹਨਾਂ ਦੇ ਨਾਨਕੇ ਪਿੰਡ ਢੁੱਡੀਕੇ ਵਿਖੇ ਹੋਇਆ ਹੈ, ਪਰੰਤੂ ਲਾਲਾ ਜੀ ਦਾ ਜੱਦੀ ਸ਼ਹਿਰ ਜਗਰਾਉਂ ਹੈ ਅਤੇ ਜਦੋਂ ਤੋਂ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਤਾਂ ਦੇਸ਼ ਦੀ ਅਜ਼ਾਦੀ ਵਿੱਚ ਯੋਗਦਾਨ ਪਾਉਣ ਵਾਲੇ ਸ਼ਹੀਦਾਂ ਦੀਆਂ ਯਾਦਗਾਰਾਂ ਅਤੇ ਉਹਨਾਂ ਦੇ ਜੱਦੀ ਸ਼ਹਿਰਾਂ: ਦੇ ਵਿਕਾਸ ਲਈ ਯਤਨ ਤੇਜ਼ ਕੀਤੇ ਗਏ ਹਨ। ਹੁਣ ਉਹਨਾਂ ਨੂੰ ਵੀ ਆਸ ਬੱਝੀ ਹੈ ਕਿ ਮੁੱਖ ਮੰਤਰੀ ਸਾਹਿਬ ਲਾਲਾ ਜੀ ਦੇ ਜੱਦੀ ਸ਼ਹਿਰ ਨੂੰ ਵਿਕਾਸ ਪੱਖੋਂ ਅਧੂਰਾ ਨਹੀਂ ਛੱਡਣਗੇ। ਬੀਬੀ ਮਾਣੂੰਕੇ ਨੇ ਆਖਿਆ ਕਿ ਜਗਰਾਉਂ ਹਲਕੇ ਅੰਦਰ ਵਿਕਾਸ ਦੇ ਵੱਡੇ ਪ੍ਰੋਜੈਕਟ ਜਿਵੇਂ ਅਖਾੜਾ ਨਹਿਰ ਉਪਰ ਨਵਾਂ ਅਤੇ ਚੌੜਾ ਪੁਲ ਬਣਨਾਂ ਸ਼ੁਰੂ ਹੋ ਚੁੱਕਾ ਹੈ, ਹਲਕੇ ਦੇ ਪਿੰਡ ਗਿੱਦੜਵਿੰਡੀ ਵਿਖੇ ਬਿਜਲੀ ਦਾ ਨਵਾਂ 66 ਕੇਵੀ ਗਰਿੱਡ ਮੰਨਜੂਰ ਹੋ ਚੁੱਕਾ ਹੈ ਤੇ ਬਣਨਾਂ ਸ਼ੁਰੂ ਹੋਣ ਜਾ ਰਿਹਾ ਹੈ, ਜਗਰਾਉਂ ਸ਼ਹਿਰ ਦੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਲਗਭਗ ਪੌਣੇ 11 ਕਰੋੜ ਰੁਪਏ ਦਾ ਪ੍ਰੋਜੈਕਟ ਮੰਨਜੂਰ ਹੋ ਚੁੱਕਾ ਹੈ, ਪਿੰਡ ਮਲਕ ਤੋਂ ਬੋਦਲਵਾਲਾ ਵਿਚਕਾਰ ਡਰੇਨ ਉਪਰ ਲਗਭਗ ਦੋ ਕਰੋੜ ਰੁਪਏ ਦੀ ਲਾਗਤ ਨਾਲ ਨਵਾਂ ਪੁਲ ਬਣਕੇ ਤਿਆਰ ਹੋ ਚੁੱਕਾ ਹੈ, ਹਲਕੇ ਦੀਆਂ ਵੱਡੀਆਂ ਸੜਕਾਂ ਨਿਰਮਾਣ ਅਧੀਨ ਹਨ ਅਤੇ ਹੋਰ ਬਹੁਤ ਸਾਰੇ ਕੰਮ ਉਹਨਾਂ ਵੱਲੋਂ ਲਾਲਾ ਜੀ ਦੀ ਜਨਮ ਭੂਮੀ ਨੂੰ ਸੋਹਣਾ ਬਨਾਉਣ ਲਈ ਕਰਵਾਏ ਜਾ ਰਹੇ ਹਨ। ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਘਰ ਘਰ ਰਾਸ਼ਣ ਯੋਜਨਾਂ ਸਬੰਧੀ ਜੁਵਾਬ ਦਿੰਦਿਆਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਆਖਿਆ ਕਿ ਦੇਸ਼ ਅੰਦਰ ਘਰ ਘਰ ਰਾਸ਼ਨ ਪਹੁੰਚਾਉਣ ਵਾਲਾ ਪੰਜਾਬ ਪਹਿਲਾ ਸੂਬਾ ਬਣ ਗਿਆ ਹੈ ਅਤੇ ਇਹ ਲੋਕ ਪੱਖੀ ਅਤੇ ਗਰੀਬ ਪੱਖੀ ਫੈਸਲਾ ਹੈ। ਇਸ ਮੌਕੇ ਉਹਨਾਂ ਦੇ ਨਾਲ ਬੀਬੀ ਸਰਵਜੀਤ ਕੌਰ ਮਾਣੂੰਕੇ ਦੇ ਪਤੀ ਪ੍ਰੋਫੈਸਰ ਸੁਖਵਿੰਦਰ ਸਿੰਘ, ਨਾਇਬ ਤਹਿਸੀਲਦਾਰ ਵਿਨੋਦ ਕੁਮਾਰ, ਗਊ ਕੌਂਸਲ ਪੰਜਾਬ ਦੇ ਮੈਂਬਰ ਗੋਪੀ ਸ਼ਰਮਾਂ, ਨਗਰ ਕੌਂਸਲ ਦੇ ਪ੍ਰਧਾਨ ਅਮਰਜੀ਼ਤ ਸਿੰਘ ਮਾਲਵਾ, ਜਗਰੂਪ ਸਿੰਘ ਜੱਗਾ, ਸਾਬਕਾ ਕੰਵਰਪਾਲ ਸਿੰਘ, ਸਾਬਕਾ ਕੌਂਸਲਰ ਕਰਮਜੀਤ ਕੈਂਥ, ਸਾਜਨ ਮਲਹੋਤਰਾ ਆਦਿ ਵੀ ਹਾਜ਼ਰ ਸਨ।