ਭਾਰਤ - ਚੀਨ ਦੋਸਤੀ ਦਾ ਪ੍ਰਤੀਕ ਡਾ: ਕੋਟਨਿਸ ਦੀ ਯਾਦ 'ਚ ਮੁਫਤ ਐਕੂਪੰਕਚਰ ਕੈਂਪ 12 ਤੱਕ ਚਲੇਗਾ - ਡਾ ਨੇਹਾ ਢੀਂਗਰਾ

 ਲੁਧਿਆਣਾ, 10 ਦਸੰਬਰ (ਟੀ. ਕੇ. ): ਡਾ: ਕੋਟਨਿਸ ਐਕੂਪੰਕਚਰ ਚੈਰੀਟੇਬਲ ਹਸਪਤਾਲ ਸਲੇਮ ਟਾਬਰੀ ਵੱਲੋਂ ਜੰਜ ਘਰ, ਸ਼ਾਸਤਰੀ ਨਗਰ ਵਿਖੇ ਤਿੰਨ ਰੋਜ਼ਾ ਐਕਿਊਪੰਕਚਰ ਮੈਡੀਕਲ ਕੈਂਪ ਸ਼ੁਰੂ ਹੋ ਗਿਆ ਹੈ। ਹਸਪਤਾਲ ਦੀ ਨਿਰਦੇਸ਼ਕਾ ਡਾ :ਨੇਹਾ ਢੀਂਗਰਾ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਕੈਂਪ ਅੰਤਰਰਾਸ਼ਟਰੀ ਸੁਤੰਤਰਤਾ ਸੈਨਾਨੀ ਅਤੇ ਭਾਰਤ-ਚੀਨ ਦੋਸਤੀ ਦੇ ਪ੍ਰਤੀਕ ਡਾ: ਦਵਾਰਕਾਨਾਥ ਕੋਟਨਿਸ ਦੀ 82ਵੀਂ ਬਰਸੀ ਮਨਾਉਣ ਲਈ ਮਨਾਇਆ ਜਾ ਰਿਹਾ ਹੈ ਜੋ 12 ਦਸੰਬਰ ਤੱਕ ਚੱਲੇਗਾ। ਇਸ ਮੌਕੇ ਕੈਂਪ ਵਿੱਚ ਲੁਧਿਆਣਾ ਦੇ ਉੱਘੇ ਸਮਾਜ ਸੇਵਕ ਤਰਸੇਮ ਗੁਪਤਾ (ਪ੍ਰਧਾਨ, ਕ੍ਰਿਸ਼ਨਾ ਮੰਦਰ, ਮਾਡਲ ਟਾਊਨ) ਅਤੇ ਸ੍ਰੀ ਆਨੰਦ ਤਾਇਲ (ਕੈਰਾਵੈਨ ਟਰਾਂਸਪੋਰਟ, ਇੰਡੀਆ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਕੈਂਪ ਵਿੱਚ ਹਸਪਤਾਲ ਦੇ ਪ੍ਰਬੰਧ ਨਿਰਦੇਸ਼ਕ ਡਾ: ਇੰਦਰਜੀਤ ਸਿੰਘ ਅਤੇ ਇਕਬਾਲ ਸਿੰਘ ਗਿੱਲ ਸਾਬਕਾ ਆਈ. ਜੀ. ਪੰਜਾਬ ਪੁਲਿਸ ਨੇ ਸਭ ਡਾ: ਕੋਟਨਿਸ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਦੱਸਿਆ ਕਿ ਕਿਵੇਂ ਉਹ ਔਖੇ ਸਮੇਂ ਵਿੱਚ ਚੀਨ ਗਏ ਅਤੇ ਉੱਥੋਂ ਦੇ ਲੋਕਾਂ ਨੂੰ ਮੁਫ਼ਤ ਡਾਕਟਰੀ ਸੇਵਾਵਾਂ ਮੁਹੱਈਆ ਕਰਵਾਈਆਂ। ਉਨ੍ਹਾਂ ਦੱਸਿਆ ਕਿ 1938 ਵਿੱਚ ਭਾਰਤ ਸਰਕਾਰ ਵੱਲੋਂ ਚੀਨ ਦੇ ਲੋਕਾਂ ਦੀ ਮਦਦ ਲਈ ਪੰਜ ਡਾਕਟਰਾਂ ਦੀ ਟੀਮ ਭੇਜੀ ਗਈ ਸੀ, ਜਿਨ੍ਹਾਂ ਵਿੱਚੋਂ ਤਿੰਨ ਡਾਕਟਰ ਆਪਣਾ ਕੰਮ ਪੂਰਾ ਕਰਨ ਤੋਂ ਬਾਅਦ ਭਾਰਤ ਪਰਤ ਆਏ ਸਨ, ਪਰ ਡਾ: ਕੋਟਨਿਸ ਅਤੇ ਡਾ: ਬਾਸੂ ਉੱਥੇ ਹੀ ਰਹੇ ਅਤੇ ਚੀਨ ਦੇ ਲੋਕਾਂ ਦੀ ਲਗਾਤਾਰ ਮਦਦ ਕਰਦੇ ਰਹੇ। 1942 ਵਿੱਚ ਡਾ: ਕੋਟਨਿਸ ਨੇ ਚੀਨ ਦੇ ਲੋਕਾਂ ਦੀ ਸੇਵਾ ਕਰਦਿਆਂ ਆਪਣੀ ਜਾਨ ਕੁਰਬਾਨ ਕਰ ਦਿੱਤੀ। ਚੀਨ ਦੇ ਲੋਕ ਅੱਜ ਵੀ ਉਨ੍ਹਾਂ ਨੂੰ ਆਪਣਾ ਨਾਇਕ ਮੰਨਦੇ ਹਨ ਅਤੇ ਉਨ੍ਹਾਂ ਦੀ ਕੁਰਬਾਨੀ ਨੂੰ ਹਮੇਸ਼ਾ ਯਾਦ ਕਰਦੇ ਹਨ।ਇਸ ਮੌਕੇ  ਤਰਸੇਮ ਗੁਪਤਾ  ਨੇ ਅੱਜ ਦੇ ਡਾਕਟਰਾਂ ਨੂੰ ਡਾ.ਕੋਟਨਿਸ ਦੇ ਮਹਾਨ ਸਿਧਾਂਤਾਂ ਅਤੇ ਉਨ੍ਹਾਂ ਦੀ ਮਾਨਵਤਾ ਦੀ ਸੇਵਾ ਕਰਨ ਦੀ ਪਹੁੰਚ ਨੂੰ ਅਪਣਾਉਣ ਦੀ ਅਪੀਲ ਕੀਤੀ। ਕੈਂਪ ਵਿੱਚ 82 ਮਰੀਜ਼ਾਂ ਦਾ ਆਕੂਪੰਕਚਰ ਰਾਹੀਂ ਮੁਫਤ ਇਲਾਜ ਕੀਤਾ ਗਿਆ। ਕੈਂਪ ਵਿੱਚ ਡਾ: ਰਘੁਵੀਰ ਸਿੰਘ, ਡਾ: ਦਿਲੀਪ, ਵਿਪੁਲ ਤਾਇਲ, ਮੈਡਮ ਰੀਤਿਕਾ, ਗਗਨਦੀਪ ਕੁਮਾਰ, ਦਿਨੇਸ਼ ਰਾਠੌਰ, ਤਰਸੇਮ , ਆਨੰਦ, ਅਮਨ, ਮਹੇਸ਼, ਆਦਿ ਨੇ ਆਪਣੀਆਂ ਮੁਫਤ ਸੇਵਾਵਾਂ ਪ੍ਰਦਾਨ ਕੀਤੀਆਂ।