ਅੰਤਰਰਾਸ਼ਟਰੀ ਇਨਕਲਾਬੀ ਮੰਚ ਵੱਲੋਂ ਭਗਵੰਤ ਮਾਨ ਦੇ ਦਸਤਾਰ ਸਬੰਧੀ ਦਿੱਤੇ ਬਿਆਨ ਦੀ ਨਿੰਦਾ 

ਕਿਹਾ, “ ਹਰ ਸਰਦਾਰ ਗ਼ੱਦਾਰ ਨਹੀਂ ਹੁੰਦਾ , ਸਰਾਭਾ ਕਰਤਾਰ ਵੀ ਹੁੰਦਾ ਹੈ “

ਜੋਧਾਂ/ ਸਰਾਭਾ 10 ਦਸੰਬਰ (ਦਲਜੀਤ ਸਿੰਘ ਰੰਧਾਵਾ) ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਘੋੜਿਆਂ ਵਾਲੇ ਮਾਮਲੇ ਵਿੱਚ ਜਿਹੜੇ ਦਸਤਾਰ ਬਾਰੇ ਗੱਲ ਕਹੀ ਹੈ ਉਸ ਬਿਆਨ ਦੀ ਅੰਤਰਰਾਸ਼ਟਰੀ ਇਨਕਲਾਬੀ ਮੰਚ ਵੱਲੋਂ ਨਿੰਦਾ ਕੀਤੀ ਗਈ ਹੈ । ਇਸ ਸਬੰਧੀ ਜਾਰੀ ਬਿਆਨ ਰਾਹੀਂ ਮੰਚ ਦੇ ਸਰਪ੍ਰਸਤ ਦਵਿੰਦਰ ਸਿੰਘ ਪੱਪੂ ਬੈਲਜੀਅਮ , ਪ੍ਰਧਾਨ ਰੁਪਿੰਦਰ ਜੋਧਾਂ ਜਪਾਨ , ਮੀਤ ਪ੍ਰਧਾਨ ਬਿੰਦਰ ਜਾਨੇ ਸਾਹਿਤ ਕੈਨੇਡਾ ,ਜ. ਸਕੱਤਰ ਸੁਖਦੇਵ ਸਿੰਘ , ਐਡਵੋਕੇਟ ਪ੍ਰਭਜੋਤ ਸਿੰਘ ਦੋਰਾਹਾ , (ਕਾਨੂੰਨੀ ਸਲਾਹਕਾਰ ) ਉਜਾਗਰ ਸਿੰਘ ਬੱਦੋਵਾਲ ਪ੍ਰਧਾਨ ਪੰਜਾਬ ਕਮੇਟੀ ,ਬਲਦੇਵ ਸਿੰਘ ਮਣਕੂ ਸਮੇਤ ਹੋਰ ਆਗੂਆਂ ਨੇ ਕਿਹਾ ਘੋੜਿਆਂ ਦੇ ਵਾਦ ਵਿਵਾਦ ਵਿੱਚ ਦਸਤਾਰ ਦਾ ਕਥਿਤ ਤੌਰ ਤੇ ਮਾੜੇ ਰੂਪ ਵਿੱਚ ਜ਼ਿਕਰ ਕਰਨਾ ਜਿੱਥੇ ਦਸਤਾਰ ਬੰਨ੍ਹਣ ਵਾਲੇ ਸਰਦਾਰਾਂ ਨੂੰ ਨੀਵਾਂ ਦਿਖਾਉਣ ਵਾਲੀ ਗੱਲ ਹੈ ਉੱਥੇ ਦੇਸ਼ਾਂ ਵਿਦੇਸ਼ਾਂ ਵਿੱਚ ਪੱਗ ਨਾਲ ਆਪਣੀ ਵੱਖਰੀ ਪਹਿਚਾਣ ਤੇ ਸ਼ੋਭਾ ਕਮਾਉਣ ਵਾਲੇ ਸਿੱਖਾਂ ਦੇ ਮਨਾਂ ਨੂੰ ਵੀ ਠੇਸ ਲਗਾਉਣ ਵਾਲੀ ਗੱਲ ਹੈ ।ਮੰਚ ਦੇ ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਦੇ ਮੁੱਖ ਮੰਤਰੀ ਇਸ ਕਥਿਤ ਤੌਰ ਤੇ ਦਿੱਤੇ ਗਏ ਬਿਆਨ ਨੂੰ ਵਾਪਸ ਲੈਣ ਤੇ ਮਾਫ਼ੀ ਮੰਗਣ ।ਮੰਚ ਦੇ ਆਗੂਆਂ ਨੇ ਕਿ ਆਜ਼ਾਦੀ ਦੀ ਲੜਾਈ ਜਿਨ੍ਹਾਂ ਯੋਗਦਾਨ ਪੰਜਾਬ ਦੇ ਮਹਾਨ ਇਨਕਲਾਬੀਆਂ ਭਗਤ ਸਰਾਭਿਆਂ ਤੇ ਗਦਰੀ ਬਾਬਿਆਂ ਪਾਇਆ ਸ਼ਾਇਦ ਹੀ ਕਿਸੇ ਹੋਰ ਨੇ ਪਾਇਆ ਹੋਵੇ । ਸ਼ਹੀਦ ਭਗਤ ਸਿੰਘ ਵਰਗੀ ਪੱਗ ਬੰਨ੍ਹ ਕੇ ਤੇ ਉਸਦੇ ਇਨਕਲਾਬ ਦਾ ਨਾਂ ਵਰਤੇ ਪੰਜਾਬ ਦੀ ਰਾਜ ਸੱਤਾ ਤੇ ਕਾਬਜ਼ ਹੋਇਆ ਭਗਵੰਤ ਮਾਨ ਜਿੱਥੇ ਲੋਕਾਂ ਨਾਲ ਕੀਤੇ ਵਾਅਦਿਆਂ ਤੇ ਖਰਾ ਨਹੀਂ ਉਤਰ ਰਿਹਾ ਉੱਥੇ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਲਾਂਭੇ ਕਰਨ ਲਈ ਗ਼ੈਰ ਸੰਜੀਦਾ ਬਿਆਨਬਾਜ਼ੀ ਕਰਕੇ ਆਪਣੀਆਂ ਖ਼ਾਮੀਆਂ ਨੂੰ ਛਿਪਾਉਣ ਲਈ ਆਏ ਦਿਨ ਵਿਰੋਧੀਆਂ ਵੱਲ ਸ਼ੁਰਲੀਆਂ ਛੱਡ ਕੇ ਸਮਾਂ ਬਰਬਾਦ ਕਰ ਰਿਹਾ ਹੈ ।