ਅਵਾਰਾ ਪਸ਼ੂਆਂ ਲਈ ਆਪਣੀ ਕਿਸਮ ਦੇ ਪਹਿਲੇ “ਸ਼ਿਵਾਲੇ - ਐਸ.ਪੀ.ਸੀ.ਏ. ਸਿਹਤ ਕੇਂਦਰ” ਦਾ  ਉਦਘਾਟਨ

ਲੁਧਿਆਣਾ, 6 ਦਸੰਬਰ(ਟੀ. ਕੇ.)  ਸੂਬੇ ਵਿੱਚ ਆਪਣੀ ਕਿਸਮ ਦੇ ਪਹਿਲੇ ਪ੍ਰੋਜੈਕਟ ਦੇ ਤਹਿਤ, ਲੁਧਿਆਣਾ ਪੱਛਮੀ ਦੇ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਨੇ ਹੰਬੜਾਂ ਰੋਡ ਵਿਖੇ ਹੈਬੋਵਾਲ ਡੇਅਰੀ ਕੰਪਲੈਕਸ ਵਿੱਚ ਨਗਰ ਨਿਗਮ ਦੇ ਏ.ਬੀ.ਸੀ. ਕੇਂਦਰ ਵਿੱਚ ਸਥਾਪਿਤ ਸ਼ਿਵਾਲੇ - (ਅਵਾਰਾ ਪਸ਼ੂਆਂ ਲਈ ਐਸ.ਪੀ.ਸੀ.ਏ. ਸਿਹਤ ਕੇਂਦਰ) ਦਾ ਉਦਘਾਟਨ ਕੀਤਾ।

ਬੁੱਧਵਾਰ ਨੂੰ ਹੋਏ ਉਦਘਾਟਨੀ ਸਮਾਰੋਹ ਵਿੱਚ ਡਿਪਟੀ ਕਮਿਸ਼ਨਰ (ਵਧੀਕ ਚਾਰਜ) ਕੁਲਵੰਤ ਸਿੰਘ ਅਤੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਵੀ ਸ਼ਾਮਲ ਹੋਏ। ਇਸ ਮੌਕੇ ਏ.ਡੀ.ਸੀ. ਅਮਿਤ ਸਰੀਨ, ਸਮਾਜ ਸੇਵੀ ਅਨਮੋਲ ਕਵਾਤਰਾ ਆਦਿ ਵੀ ਹਾਜ਼ਰ ਸਨ।

ਇਹ ਸਿਹਤ ਕੇਂਦਰ ਜ਼ਖਮੀ ਅਵਾਰਾ ਪਸ਼ੂਆਂ/ਕੁੱਤਿਆਂ ਦੇ ਇਲਾਜ ਲਈ ਸਥਾਪਿਤ ਕੀਤਾ ਗਿਆ ਹੈ। ਇਹ ਸਹੂਲਤ ਸੋਸਾਇਟੀ ਫਾਰ ਪ੍ਰੀਵੈਂਸ਼ਨ ਆਫ ਕਰੂਏਲਟੀ ਟੂ ਐਨੀਮਲਜ਼ (ਐਸ.ਪੀ.ਸੀ.ਏ.) ਦੇ ਸਹਿਯੋਗ ਨਾਲ ਚਲਾਈ ਜਾਵੇਗੀ।

ਐਸ.ਪੀ.ਸੀ.ਏ. ਵੱਲੋਂ ਸੁਨੀਲ ਕੁਮਾਰ ਅਤੇ ਪੂਜਾ ਜੈਨ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਵਿਧਾਇਕ ਗੋਗੀ ਨੇ ਕਿਹਾ ਕਿ ਇਹ ਸੂਬੇ ਵਿੱਚ ਆਪਣੀ ਕਿਸਮ ਦੀ ਪਹਿਲੀ ਸਹੂਲਤ ਹੈ ਅਤੇ ਲੁਧਿਆਣਾ ਪੱਛਮੀ ਹਲਕੇ ਵਿੱਚ ਸੂਬੇ ਦਾ ਪਹਿਲਾ ਪਸ਼ੂ ਸਿਹਤ ਕੇਂਦਰ ਸਥਾਪਿਤ ਕੀਤਾ ਗਿਆ ਹੈ। ਸਿਹਤ ਕੇਂਦਰ ਵਿੱਚ ਅਵਾਰਾ ਪਸ਼ੂਆਂ ਨੂੰ ਪਨਾਹ ਦੇਣ ਲਈ 19 ਕੈਨਲ ਵੀ ਬਣਾਏ ਗਏ ਹਨ। ਸ਼ਹਿਰ ਦੀਆਂ ਸੜਕਾਂ ਤੋਂ ਅਵਾਰਾ ਪਸ਼ੂਆਂ ਨੂੰ ਚੁੱਕਣ ਲਈ ਚਾਰ ਐਂਬੂਲੈਂਸਾਂ ਵੀ ਤਾਇਨਾਤ ਕੀਤੀਆਂ ਗਈਆਂ ਹਨ। ਸਮਾਗਮ ਦੌਰਾਨ ਵਿਧਾਇਕ ਗੋਗੀ ਵੱਲੋਂ ਐਂਬੂਲੈਂਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਵੀ ਕੀਤਾ ਗਿਆ। ਇਸ ਕੇਂਦਰ ਵਿੱਚ ਪਸ਼ੂ ਪਾਲਣ ਵਿਭਾਗ ਦੇ ਵੈਟਰਨਰੀ ਡਾਕਟਰ ਜ਼ਖਮੀ ਪਸ਼ੂਆਂ ਦਾ ਇਲਾਜ ਕਰਨਗੇ।

ਜ਼ਖਮੀ ਪਸ਼ੂਆਂ ਬਾਰੇ ਜਾਣਕਾਰੀ ਦੇਣ ਲਈ ਨਿਵਾਸੀ ਪਸ਼ੂ ਹੈਲਪਲਾਈਨ ਨੰਃ 78370-18522 'ਤੇ ਕਾਲ ਕਰ ਸਕਦੇ ਹਨ।

ਇਸ ਪਹਿਲਕਦਮੀ ਵਿੱਚ ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ, ਨਗਰ ਨਿਗਮ ਅਤੇ ਪਸ਼ੂ ਪਾਲਣ ਵਿਭਾਗ ਦੇ ਸਹਿਯੋਗ ਦੀ ਸ਼ਲਾਘਾ ਕਰਦਿਆਂ ਵਿਧਾਇਕ ਗੋਗੀ ਨੇ ਕਿਹਾ ਕਿ ਇਸ ਪਹਿਲਕਦਮੀ ਨਾਲ ਨਾ ਸਿਰਫ਼ ਅਵਾਰਾ ਪਸ਼ੂਆਂ ਦਾ ਬਚਾਅ ਹੋਵੇਗਾ, ਸਗੋਂ ਜ਼ਖ਼ਮੀ ਪਸ਼ੂਆਂ ਕਾਰਨ ਵਾਪਰਨ ਵਾਲੇ ਸੜਕ ਹਾਦਸਿਆਂ ਨੂੰ ਘਟਾਉਣ ਵਿੱਚ ਵੀ ਮਦਦ ਮਿਲੇਗੀ।

ਵਿਧਾਇਕ ਗੋਗੀ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਸੂਬੇ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ। ਉਹ ਡੇਅਰੀ ਕੰਪਲੈਕਸ ਵਿੱਚ ਪਸ਼ੂ ਹਸਪਤਾਲ ਦੀ ਸਥਾਪਨਾ ਲਈ ਵੀ ਕੰਮ ਕਰ ਰਹੇ ਹਨ ਤਾਂ ਜੋ ਡੇਅਰੀ ਮਾਲਕਾਂ ਨੂੰ ਪਸ਼ੂਆਂ ਦਾ ਸਹੀ ਇਲਾਜ ਕਰਵਾਉਣ ਵਿੱਚ ਸਹੂਲਤ ਹੋ ਸਕੇ।

ਵਿਧਾਇਕ ਗੋਗੀ, ਐਸ.ਪੀ.ਸੀ.ਏ. ਦੇ ਮੈਂਬਰ ਅਤੇ ਸਮਾਜ ਸੇਵੀ ਅਨਮੋਲ ਕਵਾਤਰਾ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੇਂਦਰ ਵਿੱਚ ਅਵਾਰਾ ਪਸ਼ੂਆਂ ਲਈ ਭੋਜਨ, ਕੰਬਲ ਆਦਿ ਦਾਨ ਕਰਨ ਲਈ ਅੱਗੇ ਆਉਣ। ਵਿਧਾਇਕ ਗੋਗੀ ਨੇ ਸ਼ਹਿਰ ਵਾਸੀਆਂ ਨੂੰ ਅਵਾਰਾ ਕੁੱਤਿਆਂ ਨੂੰ ਗੋਦ ਲੈਣ ਦੀ ਵੀ ਅਪੀਲ ਕੀਤੀ।