ਕਰਤਾਰਪੁਰ ਲਾਂਘੇ ਬਾਰੇ ਪਾਕਿ-ਭਾਰਤ ਦੇ ਬਕਾਇਆ ਮੁੱਦਿਆਂ ਦੀ ਰੂਪ ਰੇਖਾ

ਅੰਮ੍ਰਿਤਸਰ,  ਸਤੰਬਰ 2019 - (ਸਤਪਾਲ ਸਿੰਘ ਦੇਹੜਕਾ  )-

ਬੀਤੇ ਦਿਨ ਅਟਾਰੀ 'ਚ ਬੀ. ਐਸ. ਐਫ਼. ਦੇ ਜੁਆਇੰਟ ਚੈੱਕ ਪੋਸਟ (ਜੇ. ਸੀ. ਪੀ.) ਕਾਨਫ਼ਰੰਸ ਹਾਲ 'ਚ ਕਰਤਾਰਪੁਰ ਲਾਂਘੇ ਨਾਲ ਸਬੰਧਿਤ ਤਕਨੀਕੀ ਸੁਰੱਖਿਆ ਤੇ ਹੋਰਨਾਂ ਮੁੱਦਿਆਂ ਦੀ ਰੂਪ ਰੇਖਾ ਨੂੰ ਅੰਤਿਮ ਰੂਪ ਦੇਣ ਬਾਰੇ ਰੱਖੀ ਬੈਠਕ 'ਚ ਬੇਮਤਲਬ ਮੁੱਦਿਆਂ 'ਤੇ ਭਾਰਤ ਤੇ ਪਾਕਿਸਤਾਨ ਵਲੋਂ ਅਸਹਿਮਤੀ ਜਤਾਈ ਗਈ ਹੈ। ਉਕਤ ਬੈਠਕ 'ਚ ਜਿੱਥੇ ਭਾਰਤ ਨੇ ਪਾਕਿਸਤਾਨ ਵਲੋਂ ਲਾਂਘੇ ਰਾਹੀਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸਿੱਖ ਸ਼ਰਧਾਲੂਆਂ ਤੋਂ 20 ਡਾਲਰ ਦੀ ਯਾਤਰਾ ਫ਼ੀਸ ਲੈਣ 'ਤੇ ਵਿਰੋਧ ਜਤਾਇਆ, ਉੱਥੇ ਹੀ ਪਾਕਿ ਅਧਿਕਾਰੀਆਂ ਨੇ ਲਾਂਘੇ ਰਾਹੀਂ ਪਾਕਿ ਜਾਣ ਵਾਲੇ ਜਥੇ ਨਾਲ ਭਾਰਤੀ ਪ੍ਰੋਟੋਕੋਲ ਅਧਿਕਾਰੀਆਂ ਦੇ ਭੇਜੇ ਜਾਣ ਦੀ ਸ਼ਰਤ 'ਤੇ ਇਤਰਾਜ਼ ਪ੍ਰਗਟ ਕੀਤਾ। ਪਾਕਿ ਸਰਕਾਰ ਵਲੋਂ ਯਾਤਰਾ ਫ਼ੀਸ ਦੇ ਮਾਮਲੇ ਨੂੰ ਲੈ ਕੇ ਕੁਝ ਭਾਰਤੀ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਵੀ ਅੱਜ ਵਿਰੋਧ ਜ਼ਾਹਰ ਕੀਤਾ, ਹਾਲਾਂਕਿ ਵਿਚਾਰਨਯੋਗ ਗੱਲ ਇਹ ਹੈ ਕਿ ਜਦੋਂ ਤੋਂ ਪਾਕਿਸਤਾਨ ਸਰਕਾਰ ਵਲੋਂ ਗੁਰਪੁਰਬ ਤੇ ਹੋਰਨਾਂ ਧਾਰਮਿਕ ਦਿਹਾੜਿਆਂ ਮੌਕੇ ਪਾਕਿ ਸਥਿਤ ਗੁਰਦੁਆਰਾ ਸਾਹਿਬਾਨ ਦੀ ਯਾਤਰਾ ਲਈ ਖੁੱਲ੍ਹ ਦਿੱਤੀ ਗਈ ਹੈ ਉਦੋਂ ਤੋਂ ਹੀ ਪ੍ਰਤੀ ਯਾਤਰੂ ਪਾਸੋਂ ਪਹਿਲਾਂ ਦਿੱਲੀ ਸਥਿਤ ਪਾਕਿਸਤਾਨ ਹਾਈ ਕਮਿਸ਼ਨ ਵਲੋਂ ਯਾਤਰਾ (ਵੀਜ਼ਾ) ਫ਼ੀਸ ਤੇ ਉਸ ਦੇ ਬਾਅਦ ਵਾਹਗਾ ਪਹੁੰਚਣ 'ਤੇ ਪਾਕਿਸਤਾਨ ਰੇਲਵੇ ਵਲੋਂ ਯਾਤਰਾ ਦਾ ਖ਼ਰਚ ਪ੍ਰਤੀ ਯਾਤਰੂ ਪਾਸੋਂ 1850 ਰੁਪਏ ਲਿਆ ਜਾ ਰਿਹਾ ਹੈ। ਇਸ ਨੂੰ ਲੈ ਕੇ ਕਦੇ ਵੀ ਕਿਸੇ ਯਾਤਰੂ, ਜਥੇਬੰਦੀ ਜਾਂ ਸਰਕਾਰ ਵਲੋਂ ਬੇਲੋੜਾ ਇਤਰਾਜ਼ ਦਾਇਰ ਨਹੀਂ ਕੀਤਾ ਗਿਆ। ਮੌਜੂਦਾ ਸਮੇਂ ਪਾਕਿ ਹਾਈ ਕਮਿਸ਼ਨ ਵਲੋਂ ਹਰੇਕ ਭਾਰਤੀ ਯਾਤਰੂ ਪਾਸੋਂ 125 ਰੁਪਏ ਵੀਜ਼ਾ ਫ਼ੀਸ ਲਈ ਜਾ ਰਹੀ ਹੈ, ਜਦਕਿ ਯਾਤਰਾ ਕਰਵਾਉਣ ਵਾਲੀਆਂ ਕੁਝ ਜਥੇਬੰਦੀਆਂ ਵਲੋਂ ਉਕਤ ਨਿਰਧਾਰਿਤ ਵੀਜ਼ਾ ਫ਼ੀਸ ਤੋਂ 4 ਤੋਂ 10 ਗੁਣਾ ਜਾਂ ਕੁਝ ਵਲੋਂ ਇਸ ਤੋਂ ਵੀ ਵਧੇਰੇ ਖ਼ਰਚ ਲਿਆ ਜਾ ਰਿਹਾ ਹੈ। ਪਾਕਿਸਤਾਨ ਦਾ ਤਰਕ ਹੈ ਕਿ ਉਸ ਵਲੋਂ ਜੋ ਯਾਤਰਾ ਫ਼ੀਸ ਦੀ ਗੱਲ ਕਹੀ ਗਈ ਹੈ ਉਹ ਲਾਂਘੇ ਦੇ ਰੱਖ-ਰਖਾਅ ਆਦਿ ਖ਼ਰਚਿਆਂ ਲਈ ਹੈ। ਸੰਭਵ ਹੈ ਇਸ 'ਚ ਯਾਤਰਾ ਦੌਰਾਨ ਇਸਤੇਮਾਲ ਕੀਤੀਆਂ ਜਾਣ ਵਾਲੀਆਂ ਬੱਸਾਂ ਦਾ ਕਿਰਾਇਆ ਵੀ ਸ਼ਾਮਿਲ ਕੀਤਾ ਗਿਆ ਹੈ। ਇਸ ਮਾਮਲੇ ਨੂੰ ਤੂਲ ਦੇਣ ਦੀ ਬਜਾਏ ਭਾਰਤ ਸਰਕਾਰ ਜਾਂ ਸਿੱਖ ਜਥੇਬੰਦੀਆਂ ਨੂੰ ਪਾਕਿ ਨੂੰ ਇਸ ਖ਼ਰਚ ਨੂੰ ਘੱਟ ਕਰਨ ਲਈ ਮਨਾਉਣਾ ਚਾਹੀਦਾ ਹੈ, ਜਿਸ ਨਾਲ ਕਿਸੇ ਯਾਤਰੂ 'ਤੇ ਵਾਧੂ ਆਰਥਿਕ ਬੋਝ ਨਾ ਪਵੇ। ਇਸੇ ਤਰ੍ਹਾਂ ਭਾਰਤੀ ਜਥੇ ਨਾਲ ਪਾਕਿਸਤਾਨ ਪ੍ਰੋਟੋਕੋਲ ਭੇਜਣ ਦੀ ਸ਼ਰਤ 'ਤੇ ਪਾਕਿਸਤਾਨ ਅਧਿਕਾਰੀਆਂ ਦਾ ਇਤਰਾਜ਼ ਦਾਇਰ ਕਰਨਾ ਵੀ ਬੇ-ਅਰਥ ਹੈ, ਕਿਉਂਕਿ ਪਾਕਿ ਵਲੋਂ ਪਾਕਿਸਤਾਨੀ ਨਾਗਰਿਕਾਂ ਦੇ ਆਉਣ ਵਾਲੇ ਜਥੇ ਨਾਲ ਪਾਕਿ ਪ੍ਰੋਟੋਕੋਲ ਅਧਿਕਾਰੀ ਤੇ ਭਾਰਤ ਵਲੋਂ ਪਾਕਿ ਜਾਣ ਵਾਲੇ ਹਿੰਦੂ-ਸਿੱਖ ਜਥਿਆਂ ਨਾਲ ਭਾਰਤੀ ਪ੍ਰੋਟੋਕੋਲ ਅਧਿਕਾਰੀ ਲਗਪਗ ਆਰੰਭ ਤੋਂ ਜਾਂਦੇ ਰਹੇ ਹਨ। ਸਿੱਖ ਬੁੱਧੀਜੀਵੀ ਤੇ ਚਿੰਤਕਾਂ ਨੇ ਇਸ ਮਾਮਲੇ 'ਤੇ ਚਿੰਤਾ ਪ੍ਰਗਟ ਕਰਦਿਆਂ ਸੁਝਾਅ ਦਿੱਤਾ ਹੈ ਕਿ ਅਜਿਹੇ ਮੁੱਦਿਆਂ ਨੂੰ ਲਟਕਾਉਣ ਦੀ ਬਜਾਏ ਤੁਰੰਤ ਇਨ੍ਹਾਂ ਦਾ ਹੱਲ ਕੱਢਿਆ ਜਾਣਾ ਚਾਹੀਦਾ ਹੈ। ਉੱਧਰ ਪਾਕਿ ਵਿਦੇਸ਼ ਦਫ਼ਤਰ ਦੇ ਬੁਲਾਰੇ ਮੁਹੰਮਦ ਫ਼ੈਸਲ ਦਾ ਵੀ ਕਹਿਣਾ ਹੈ ਕਿ ਬੈਠਕ ਦੌਰਾਨ ਦੋਵਾਂ ਧਿਰਾਂ ਦੀ 80 ਫ਼ੀਸਦੀ ਮੁੱਦਿਆਂ 'ਤੇ ਸਹਿਮਤੀ ਬਣ ਚੁੱਕੀ ਹੈ ਤੇ ਜਲਦ ਹੀ ਬਾਕੀ ਮੁੱਦੇ ਵੀ ਸੁਲਝਾ ਲਏ ਜਾਣਗੇ। ਪਾਕਿ ਨੇ ਬਕਾਇਆ ਮੁੱਦਿਆਂ ਨੂੰ ਸੁਲਝਾਉਣ ਲਈ ਸਰਹੱਦ ਦੇ ਪਾਕਿਸਤਾਨੀ ਪਾਸੇ ਭਾਰਤੀ ਧਿਰ ਨੂੰ ਅੰਤਿਮ ਬੈਠਕ ਲਈ ਸੱਦਾ ਦਿੱਤਾ ਹੈ।