ਜੇੇ ਨੂਹ ਮਾਮਲੇ 'ਚ ਦਰਜ਼ ਪਰਚੇ ਰੱਦ ਹੋ ਸਕਦੇ ਹਨ ਤਾਂ ਫਿਰ ਸਿੱਖ ਨੌਜਵਾਨਾਂ ਦੇ ਕਿਉਂ ਨਹੀ- ਗਿਆਨੀ ਹਰਪ੍ਰੀਤ ਸਿੰਘ

ਤਲਵੰਡੀ ਸਾਬੋ, 03 ਦਸੰਬਰ (ਗੁਰਜੰਟ ਸਿੰਘ ਨਥੇਹਾ)- ਪਿਛਲੇ ਲੰਬੇ ਸਮੇਂ ਤੋਂ ਦੇਸ਼ਭਰ ਵਿੱਚ ਸਿੱਖਾਂ ਖਿਲਾਫ ਭੇਦਭਾਵ ਵਾਲਾ ਮਾਹੌਲ ਸਿਰਜਿਆ ਜਾ ਰਿਹੈ। ਹਰਿਆਣਾ ਦੇ ਨੂਹ 'ਚ ਥਾਣੇ ਨੂੰ ਅੱਗ ਲਗਾ ਕੇ ਦੰਗਾ ਫਸਾਦ ਕਰਨ ਵਾਲਿਆਂ 'ਤੇ ਦਰਜ਼ ਪਰਚੇ ਰੱਦ ਕਰ ਦੇਣੇ ਜਦੋਂਕਿ ਦੂਜੇ ਪਾਸੇ ਸਿੱਖ ਨੌਜਵਾਨਾਂ ਨੂੰ ਐੱਨ.ਐੱਸ.ਏ ਤਹਿਤ ਜੇਲ੍ਹਾ 'ਚ ਡੱਕਣਾ ਭੇਦਭਾਵ ਹੈ। ਹੁਣ ਸਵਾਲ ਉੱਠਦਾ ਹੈ ਕਿ ਜੇਕਰ ਨੂਹ ਦੇ ਦੋਸ਼ੀਆਂ ਦੇ ਪਰਚੇ ਰੱਦ ਹੋ ਸਕਦੇ ਹਨ ਤਾਂ ਸਿੱਖ ਨੌਜਵਾਨਾਂ ਦੇ ਕਿਉਂ ਨਹੀ। ਉਕਤ ਵਿਚਾਰਾਂ ਦਾ ਪ੍ਰਗਟਾਵਾ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਅੱਜ ਤਖਤ ਸਾਹਿਬ ਵਿਖੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਅਤੇ ਹੋਰਨਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੇ ਅਰਦਾਸ ਸਮਾਗਮ 'ਚ ਸ਼ਮੂਲੀਅਤ ਉਪਰੰਤ ਪੱਤਰਕਾਰਾਂ ਨਾਲ ਗੱਲ ਕਰਦਿਆਂ ਸਿੰਘ ਸਾਹਿਬ ਨੇ ਕਿਹਾ ਕਿ ਸਿੱਖਾਂ ਖਿਲਾਫ ਇੱਕ ਖਾਸ ਸਾਜਿਸ਼ ਤਹਿਤ ਭੜਕਾਹਟ ਪੈਦਾ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ 2007 ਚ ਲੁਧਿਆਣਾ ਬੰਬ ਕਾਂਡ ਹੋਇਆ ਜੋ ਸਿੱਖਾਂ ਦੇ ਸਿਰ ਮੜ ਦਿੱਤਾ ਗਿਆ ਹਾਲਾਂਕਿ ਜਿੰਨੇ ਸਿੱਖ ਉਕਤ ਮਾਮਲੇ 'ਚ ਪੁਲਿਸ ਨੇ ਫੜੇ ਉਹ ਬਾਅਦ ਚ ਸਾਰੇ ਬਾਇੱਜ਼ਤ ਬਰੀ ਹੋਏ ਪਰ ਜਦੋਂ 2017 'ਚ ਮੌੜ ਬੰਬ ਧਮਾਕਾ ਹੋਇਆ ਅਤੇ ਉਸ 'ਚ ਡੇਰਾ ਸਿਰਸਾ ਮੁਖੀ ਦਾ ਨਾਮ ਆਇਆ ਤਾਂ ਜਾਂਚ ਉੱਥੇ ਹੀ ਠੱਪ ਕਰ ਦਿੱਤੀ ਗਈ ਹੁਣ ਉਸਨੂੰ ਵਾਰ-ਵਾਰ ਪੈਰੋਲ ਵੀ ਦਿੱਤੀ ਜਾ ਰਹੀ ਹੈ। ਸਿੰਘ ਸਾਹਿਬ ਨੇ ਕਿਹਾ ਕਿ ਸਿੱਖ ਨੌਜਵਾਨਾਂ ਦੀ ਝੂਠੇ ਦੋਸ਼ਾਂ ਤਹਿਤ ਫੜੋ-ਫੜਾਈ ਇਹ ਵੀ ਇੱਕ ਕੋਝੀ ਚਾਲ ਦਾ ਹਿੱਸਾ ਹੈ ਅਤੇ ਅਜਿਹੀਆਂ ਕੋਝੀਆਂ ਚਾਲਾਂ ਸਰਕਾਰਾਂ ਬੰਦ ਕਰਨ। ਉਨਾਂ ਮੰਗ ਕੀਤੀ ਕਿ ਜਿਵੇਂ ਨੂਹ ਚ ਦੰਗਾ ਫਸਾਦ ਕਰਨ ਵਾਲਿਆਂ ਦੇ ਪਰਚੇ ਰੱਦ ਕਰ ਦਿੱਤੇ ਹਨ ਉਵੇਂ ਸਰਕਾਰ ਸਿੱਖ ਨੌਜਵਾਨਾਂ ਤੇ ਦਰਜ਼ ਪਰਚੇ ਵੀ ਰੱਦ ਕਰੇ ਅਤੇ ਪਿਛਲੇ ਲੰਬੇ ਸਮੇਂ ਤੋਂ ਜੇਲ੍ਹਾਂ 'ਚ ਬੰਦ ਸਿੱਖਾਂ ਨੂੰ ਵੀ ਤੁਰੰਤ ਰਿਹਾਅ ਕਰੇ।