ਵੈਟਨਰੀ ਯੂਨੀਵਰਸਿਟੀ ਦੇ ਯੁਵਕ ਮੇਲੇ ਵਿੱਚ ਸੰਗੀਤਕ ਅਤੇ ਨਾਚ ਵਿਧਾਵਾਂ ਦੀ ਕੀਤੀ ਗਈ ਪੇਸ਼ਕਾਰੀ

ਲੁਧਿਆਣਾ, 15 ਨਵੰਬਰ (ਟੀ. ਕੇ.) ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ 12ਵੇਂ ਯੁਵਕ ਮੇਲੇ ਦਾ ਅੱਜ ਦੂਸਰਾ ਪੜਾਅ ਸ਼ੁਰੂ ਹੋਇਆ ਜਿਸ ਵਿਚ ਸਟੇਜ ’ਤੇ ਕੀਤੀਆਂ ਜਾਣ ਵਾਲੀਆਂ ਪੇਸ਼ਕਾਰੀਆਂ ਦਾ ਮੰਚਨ ਕੀਤਾ ਗਿਆ।
ਸ਼੍ਰੀ ਬ੍ਰਹਮ ਸ਼ੰਕਰ ਜਿੰਪਾ, ਕੈਬਨਿਟ ਮੰਤਰੀ, ਰੇਵੀਨਿਊ ਅਤੇ ਜਲ ਸਾਧਨ, ਪੰਜਾਬ ਨੇ ਬਤੌਰ ਮੁੱਖ ਮਹਿਮਾਨ ਯੁਵਕ ਮੇਲੇ ਦਾ ਵਿਧੀਵਤ ਉਦਘਾਟਨ ਕੀਤਾ। ਡਾ. ਸੰਗੀਤਾ ਤੂਰ, ਨਿਰਦੇਸ਼ਕ ਪਸ਼ੂ ਪਾਲਣ ਵਿਭਾਗ, ਪੰਜਾਬ ਪਤਵੰਤੇ ਮਹਿਮਾਨ ਵਜੋਂ ਪਧਾਰੇ। ਸ਼੍ਰੀ ਜਿੰਪਾ ਨੇ ਕਿਹਾ ਕਿ ਯੂਨੀਵਰਸਿਟੀ ਵੈਟਨਰੀ ਵਿਗਿਆਨ ਦੇ ਖੇਤਰ ਵਿਚ ਜ਼ਿਕਰਯੋਗ ਕਾਰਜ ਕਰ ਰਹੀ ਹੈ। ਉਨ੍ਹਾਂ ਵਿਦਿਆਰਥੀਆਂ ਦੀ ਕਲਾਤਮਕ ਪ੍ਰਤਿਭਾ ਨੂੰ ਵੀ ਸਰਾਹਿਆ। ਉਨ੍ਹਾਂ ਕਿਹਾ ਕਿ ਵਿਗਿਆਨ ਦੇ ਵਿਦਿਆਰਥੀ ਹੋਣ ਦੇ ਬਾਵਜੂਦ ਉਹ ਉੱਚ ਕਲਾਤਮਕ ਖੂਬੀਆਂ ਰੱਖਦੇ ਹਨ। ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਕਿਹਾ ਕਿ ਯੁਵਕ ਮੇਲਾ ਅਜਿਹਾ ਨਿਵੇਕਲਾ ਮੰਚ ਹੈ ਜਿਥੇ ਵਿਦਿਆਰਥੀਆਂ ਦੇ ਛੁਪੇ ਹੋਏ ਗੁਣ ਵੀ ਸਾਹਮਣੇ ਆ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪੇਸ਼ੇਵਰ ਡਿਗਰੀਆਂ ਦੀ ਪੜ੍ਹਾਈ ਕਾਫੀ ਮੁਸ਼ਕਿਲ ਹੁੰਦੀ ਹੈ ਅਤੇ ਵਿਦਿਆਰਥੀਆਂ ਨੂੰ ਕਲਾਤਮਕ ਗਤੀਵਿਧੀਆਂ ਲਈ ਥੋੜਾ ਵਕਤ ਮਿਲਦਾ ਹੈ। ਅੱਜ ਦੇ ਦਿਨ ਲੋਕ ਗੀਤ, ਰਚਨਾਤਮਕ ਨਾਚ, ਸੁਗਮ ਸੰਗੀਤ ਅਤੇ ਸਮੂਹ ਗਾਨ (ਭਾਰਤੀ) ਦੇ ਮੁਕਾਬਲੇ ਕਰਵਾਏ ਗਏ। ਇਹ ਮੁਕਾਬਲੇ ਪੀ ਏ ਯੂ ਦੇ ਖੁੱਲ੍ਹੇ ਮੰਚ ’ਤੇ ਕਰਵਾਏ ਗਏ ਸਨ। ਯੂਨੀਵਰਸਿਟੀ ਦੇ ਅਧਿਕਾਰੀਆਂ, ਅਧਿਆਪਕਾਂ, ਵਿਦਿਆਰਥੀਆਂ ਅਤੇ ਕਰਮਚਾਰੀਆਂ ਦੇ ਨਾਲ ਪੀ ਏ ਯੂ ਤੋਂ ਵੀ ਵੱਡੀ ਗਿਣਤੀ ਵਿਚ ਮੋਹਤਬਰ ਸਖ਼ਸ਼ੀਅਤਾਂ ਨੇ ਯੁਵਕ ਮੇਲੇ ਵਿਚ ਸ਼ਿਰਕਤ ਕੀਤੀ।
ਡਾ. ਸਰਵਪ੍ਰੀਤ ਸਿੰਘ ਘੁੰਮਣ, ਨਿਰਦੇਸ਼ਕ ਵਿਦਿਆਰਥੀ ਭਲਾਈ ਨੇ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਜਾਣਕਾਰੀ ਦਿੱਤੀ ਕਿ ਵੱਡੀ ਗਿਣਤੀ ਵਿਚ ਵਿਦਿਆਰਥੀ ਆਪਣੀ ਕਲਾ ਦਾ ਮੁਜ਼ਾਹਰਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਵਿਭਿੰਨ ਕਮੇਟੀਆਂ ਨੇ ਯੁਵਕ ਮੇਲੇ ਨੂੰ ਸਫ਼ਲ ਬਨਾਉਣ ਵਿਚ ਦਿਨ ਰਾਤ ਮਿਹਨਤ ਕੀਤੀ ਹੈ।
ਡਾ. ਅਪਮਿੰਦਰ ਪਾਲ ਸਿੰਘ ਬਰਾੜ, ਪ੍ਰਬੰਧਕੀ ਸਕੱਤਰ ਨੇ ਜਾਣਕਾਰੀ ਦਿੱਤੀ ਕਿ ਕੱਲ ਪੀ ਏ ਯੂ ਦੇ ਇਸੇ ਮੰਚ ’ਤੇ ਮਾਈਮ, ਸਕਿਟ, ਇਕਾਂਗੀ ਨਾਟਕ ਅਤੇ ਮਮਿਕਰੀ ਦੇ ਮੁਕਾਬਲੇ ਸਵੇਰੇ 09.00 ਵਜੇ ਤੋ ਸ਼ੁਰੂ ਹੋਣਗੇ।
ਡਾ. ਨਿਧੀ ਸ਼ਰਮਾ, ਭਲਾਈ ਅਫ਼ਸਰ ਨੇ ਅੱਜ ਹੋਏ ਮੁਕਾਬਲਿਆਂ ਦੇ ਨਤੀਜਿਆਂ ਬਾਰੇ ਦੱਸਿਆ।
ਨਤੀਜੇ:
ਲੋਕ ਗੀਤ
1.    ਦਿਲਰਾਜ ਕੌਰ, ਕਾਲਜ ਆਫ ਵੈਟਨਰੀ ਸਾਇੰਸ, ਲੁਧਿਆਣਾ
2.    ਸੁਨੇਹਾ ਮੰਡਲ, ਕਾਲਜ ਆਫ ਫ਼ਿਸ਼ਰੀਜ਼
3.    ਅਰਸ਼ਪ੍ਰੀਤ ਸਿੰਘ, ਕਾਲਜ ਆਫ ਡੇਅਰੀ ਸਾਇੰਸ ਅਤੇ ਤਕਨਾਲੋਜੀ 

ਰਚਨਾਤਮਕ ਨਾਚ
1.    ਏਕਮਜੋਤ ਕੌਰ, ਕਾਲਜ ਆਫ ਵੈਟਨਰੀ ਸਾਇੰਸ, ਰਾਮਪੁਰਾ ਫੂਲ
2.    ਅਨਵੀ ਮਹਾਜਨ, ਖਾਲਸਾ ਕਾਲਜ ਆਫ ਵੈਟਨਰੀ ਐਂਡ ਐਨੀਮਲ ਸਾਇੰਸਜ਼, ਅੰਮ੍ਰਿਤਸਰ 
3.    ਪ੍ਰਭਲੀਨ ਕੌਰ, ਕਾਲਜ ਆਫ ਫ਼ਿਸ਼ਰੀਜ਼