ਸਾਊਥਾਲ ,ਯੂਕੇ /ਨਵੀਂ ਦਿੱਲੀ 10 ਨਵੰਬਰ (ਮਨਪ੍ਰੀਤ ਸਿੰਘ ਖਾਲਸਾ):-ਸਿੱਖ ਫੈਡਰੇਸ਼ਨ (ਯੂ.ਕੇ.) ਵਲੋਂ ਬੀਤੇ ਐਤਵਾਰ ਨੂੰ ਯੂਕੇ ਦੇ ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੀ ਕਮੇਟੀ ਦੇ ਇੱਕ ਮੈਂਬਰ 'ਤੇ ਬਿਨਾਂ ਭੜਕਾਹਟ ਦੇ ਸਰੀਰਕ ਅਤੇ ਜ਼ੁਬਾਨੀ ਹਮਲੇ ਬਾਰੇ ਜਾਣ ਕੇ ਭਾਰੀ ਚਿੰਤਾ ਵਿੱਚ ਹੈ ।
ਕਿਉਂਕਿ ਉਨ੍ਹਾਂ ਤੇ ਕੀਤੇ ਗਏ ਹਮਲੇ ਲਈ ਕੋਈ ਜਾਇਜ਼ ਬਹਾਨਾ ਨਹੀਂ ਹੋ ਸਕਦਾ ਹੈ । ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਸਖ਼ਤ ਨਿਖੇਧੀ ਕੀਤੀ ਜਾਂਦੀ ਹੈ 'ਤੇ ਮੈਟਰੋਪੋਲੀਟਨ ਪੁਲਿਸ ਤੋਂ ਦੋਸ਼ੀਆਂ ਦੀ ਪਛਾਣ ਕਰਨ ਅਤੇ ਉਚਿਤ ਕਾਰਵਾਈਆਂ ਕਰਨ ਦੀ ਉਮੀਦ ਕੀਤੀ ਜਾਂਦੀ ਹੈ । ਜਿਸ ਵਿੱਚ ਦੋਸ਼ੀਆਂ ਦੀਆਂ ਗ੍ਰਿਫਤਾਰੀਆਂ ਅਤੇ ਮੁਕੱਦਮੇ ਦੀ ਕਾਰਵਾਈ ਵੀ ਸ਼ਾਮਲ ਹੋ ਸਕਦੀ ਹੈ। ਹਮਲਾਵਰ ਆਪਣੀ ਕਾਇਰਤਾ ਭਰੀ ਕਾਰਵਾਈ ਦੇ ਨਤੀਜਿਆਂ ਲਈ ਸਿਰਫ਼ ਆਪਣੇ ਆਪ ਨੂੰ ਜ਼ਿੰਮੇਵਾਰ ਠਹਿਰਾ ਸਕਦੇ ਹਨ।
ਉਨ੍ਹਾਂ ਦਸਿਆ ਕਿ ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਯੂ.ਕੇ. ਵਿੱਚ ਇੱਕ ਪ੍ਰਮੁੱਖ ਗੁਰਦੁਆਰਾ ਹੈ ਅਤੇ ਪੰਥਕ ਮੁਹਿੰਮਾਂ ਅਤੇ ਸੰਸਥਾਵਾਂ ਦਾ ਨਿਰੰਤਰ ਸਮਰਥਨ ਕਰਦਾ ਹੈ। ਯੂਕੇ ਭਰ ਵਿੱਚ ਸਿੱਖ ਫੈਡਰੇਸ਼ਨ (ਯੂ.ਕੇ.) ਨਾਲ ਸਬੰਧਤ ਦਰਜਨਾਂ ਹੋਰ ਪ੍ਰਮੁੱਖ ਗੁਰਦੁਆਰਿਆਂ ਅਤੇ ਸਿੱਖ ਜਥੇਬੰਦੀਆਂ ਨੇ ਬਿਨਾਂ ਕਿਸੇ ਭੜਕਾਹਟ ਦੇ ਹਮਲੇ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਸਮਾਂ ਚੁੱਪ ਰਹਿਣ ਦਾ ਨਹੀਂ ਬਲਕਿ ਹਮਲਾਵਰਾਂ ਅਤੇ ਉਨ੍ਹਾਂ ਨਾਲ ਸ਼ਾਮਿਲ ਸਾਰੇ ਵਿਅਕਤੀਆਂ ਤੇ ਸਖ਼ਤ ਕਾਰਵਾਈ ਕਰਵਾ ਕੇ ਅਨੁਸ਼ਾਸਨ ਵਿੱਚ ਲਿਆਉਣ ਦੀ ਲੋੜ ਹੈ।