You are here

ਸਟੇਟ ਟੂਰਨਾਮੈਂਟ ਵੀ ਨੇੜੇ, ਹਾਲੇ ਤੱਕ ਨਹੀਂ ਭੇਜੇ ਕਲੱਸਟਰ ਦੇ ਵੀ ਫੰਡ

ਚੰਡੀਗੜ੍ਹ, 10 ਨਵੰਬਰ (ਗੁਰਕੀਰਤ ਜਗਰਾਉਂ / ਮਨਜਿੰਦਰ ਗਿੱਲ ) ਸਿੱਖਿਆ ਤੇ ਸਿਹਤ ਦੇ ਵੱਡੇ-ਵੱਡੇ ਇਸ਼ਤਿਹਾਰ ਜਾਰੀ ਕਰਨ ਵਾਲੀ ਪੰਜਾਬ ਸਰਕਾਰ ਦੀ ਉਸ ਸਮੇਂ ਪੋਲ ਖੁੱਲ੍ਹ ਗਈ, ਜਦੋਂ ਪ੍ਰਾਇਮਰੀ ਪੱਧਰ ਦੇ ਚੱਲ ਰਹੇ ਖੇਡ ਟੂਰਨਾਮੈਂਟਾਂ ਲਈ ਹਾਲੇ ਤੱਕ ਸਰਕਾਰ ਵੱਲੋਂ ਕੋਈ ਵੀ ਰਾਸ਼ੀ ਮੁਹੱਈਆ ਨਹੀਂ ਕਰਵਾਈ ਗਈ, ਜਦੋਂ ਕਿ ਇਹ ਟੂਰਨਾਮੈਂਟ ਸੈਂਟਰ ਪੱਧਰ, ਬਲਾਕ ਪੱਧਰ ਅਤੇ ਜ਼ਿਲ੍ਹੇ ਪੱਧਰ ਤੱਕ ਮੁਕੰਮਲ ਹੋ ਚੁੱਕੇ ਹਨ। ਭਾਵੇਂ ਇਨ੍ਹਾਂ ਟੂਰਨਾਮੈਂਟਾਂ ਨੂੰ ਪੰਜਾਬ ਦੇ ਅਧਿਆਪਕਾਂ ਨੇ ਆਪਣੇ ਪੱਲਿਓਂ ਖਰਚ ਕਰ ਕੇ, ਉਧਾਰ ਲੈ ਕੇ ਅਤੇ ਆਪਣੇ ਮੋਹਤਬਰ ਲੋਕਾਂ ਤੋਂ ਦਾਨ ਇੱਕਠਾ ਕਰਕੇ ਖੂਬਸੂਰਤ ਬਣਾਉਣ ਵਿੱਚ ਕਿਸੇ ਵੀ ਕਿਸਮ ਦੀ ਕੋਈ ਵੀ ਕਮੀ ਨਹੀਂ ਛੱਡੀ, ਪਰ ਹਾਲੇ ਤੱਕ ਪੰਜਾਬ ਦੀ ਭਗਵੰਤ ਮਾਨ ਸਰਕਾਰ ਦਾ ਇੱਕ ਪੈਸੇ ਦਾ ਵੀ ਯੋਗਦਾਨ ਨਹੀਂ ਹੈ। ਇੱਥੇ ਇਹ ਵੀ ਵਰਣਨਯੋਗ ਹੈ ਕਿ ਸਿੱਖਿਆ ਵਿਭਾਗ ਪੰਜਾਬ ਵੱਲੋਂ ਇਨ੍ਹਾਂ ਟੂਰਨਾਮੈਂਟਾਂ ਲਈ ਸੈਂਟਰ ਪੱਧਰੀ ਦਿੱਤਾ ਜਾਣ ਵਾਲਾ ਫੰਡ ਪ੍ਰਤੀ ਸੈਂਟਰ 2000 ਰੁਪਏ, ਬਲਾਕ ਪੱਧਰੀ ਟੂਰਨਾਮੈਂਟ ਲਈ ਪ੍ਰਤੀ ਬਲਾਕ 5000 ਰੁਪਏ ਅਤੇ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਲਈ ਪ੍ਰਤੀ ਜ਼ਿਲ੍ਹਾ 25000 ਰੁਪਏ ਹੈ, ਪਰ ਹਾਲੇ ਤੱਕ ਇਹ ਜਾਰੀ ਨਹੀਂ ਹੋ ਸਕਿਆ, ਜਦੋਂ ਕਿ ਸਟੇਟ ਪੱਧਰੀ ਖੇਡ ਟੂਰਨਾਮੈਂਟ ਵੀ ਨੇੜੇ ਆ ਰਹੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਈਟੀਟੀ ਅਧਿਆਪਕ ਯੂਨੀਅਨ ਪੰਜਾਬ ਦੇ ਸਟੇਟ ਪ੍ਰੈੱਸ ਸਕੱਤਰ ਰਾਜੇਸ਼ ਕੁਮਾਰ ਬੁਢਲਾਡਾ ਨੇ ਕਿਹਾ ਕਿ ਪੰਜਾਬ ਦੀ ਸਰਕਾਰ ਸਿੱਖਿਆ ਤੋਂ ਟਾਲਾ ਵੱਟ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਬਦਲਾਅ ਵਾਲੀ ਸਰਕਾਰ ਨੂੰ ਤਾਂ ਚਾਹੀਦਾ ਸੀ ਕਿ ਪ੍ਰਾਇਮਰੀ ਸਕੂਲਾਂ ਵਿੱਚ ਪੜ੍ਹਦੇ ਨੰਨ੍ਹੇ ਮੁੰਨੇ ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਚੰਗੇ ਖੇਡ ਗਰਾਊਂਡ, ਕਬੱਡੀ ਤੇ ਕੁਸ਼ਤੀਆਂ ਦੀ ਖੇਡ ਲਈ ਆਧੁਨਿਕ ਗੱਦੇ ਅਤੇ ਹੋਰ ਸਮਾਨ ਮਹੱਈਆਂ ਕਰਵਾਵੇ, ਪ੍ਰੰਤੂ ਪੰਜਾਬ ਸਰਕਾਰ ਸਿੱਖਿਆ ਵਿਭਾਗ ਵੱਲੋਂ ਫਿਕਸ ਕੀਤੀ ਨਾ-ਮਾਤਰ ਰਾਸ਼ੀ ਵੀ ਸਮੇਂ ਸਿਰ ਨਾ ਭੇਜ ਕੇ ਬੱਚਿਆਂ ਦੇ ਅਧਿਕਾਰਾਂ ਨੂੰ ਠੇਸ ਪਹੁੰਚਾ ਰਹੀ ਹੈ। ਉਨ੍ਹਾਂ ਆਪਣੇ ਅਧਿਆਪਕਾਂ ਤੇ ਮਾਣ ਮਹਿਸੂਸ ਕਰਦਿਆ ਕਿਹਾ ਕਿ ਉਹ ਬੱਚਿਆਂ ਦੇ ਭਵਿੱਖ ਨੂੰ ਉੱਜਵਲ ਕਰਨ ਲਈ ਆਪਣੀ ਹਰ ਕੋਸ਼ਿਸ਼ ਕਰ ਰਹੇ ਹਨ। ਜਦੋਂ ਕਿ ਪੰਜਾਬ ਸਰਕਾਰ ਵੱਲੋਂ ਦਿਵਾਲੀ ਤੇ ਵੀ ਰਾਜ ਭਰ ਦੇ ਮੁਲਾਜ਼ਮਾਂ ਨੂੰ ਹਾਲੇ ਤੱਕ ਮਹਿੰਗਾਈ ਭੱਤਾ ਨਹੀਂ ਦਿੱਤਾ ਗਿਆ। ਇਸ ਮੌਕੇ ਪੰਜਾਬ ਦੀਆਂ ਵੱਖ ਵੱਖ ਜੰਥੇਬੰਦੀਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਜਲਦੀ ਹੀ ਇਸ ਅਹਿਮ ਮੁੱਦਿਆਂ ਵੱਲ ਧਿਆਨ ਨਾ ਦਿੱਤਾ, ਤਾਂ ਰਾਜ ਭਰ ਵਿੱਚ ਉਹ ਇੱਕ ਤਿੱਖਾ ਅੰਦੋਲਨ ਕਰਨਗੇ।