ਧਰਮਕੋਟ ( ਜਸਵਿੰਦਰ ਸਿੰਘ ਰੱਖਰਾ)ਪੁਲਿਸ ਅਤੇ ਲੋਕਾਂ ਦੇ ਤਾਲਮੇਲ ਨਾਲ ਸਮਾਜ ਨੂੰ ਨਸ਼ਾ ਮੁਕਤ ਕੀਤਾ ਜਾ ਸਕਦਾ ਹੈ | ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਜਗਰਾਉਂ ਸੀਆਈਏ ਤੋਂ ਬਦਲ ਕੇ ਆਏ ਥਾਣਾ ਧਰਮਕੋਟ ਦੇ ਨਵ ਨਿਯੁਕਤ ਐਸ.ਐਚ.ੳ, ਨਵਦੀਪ ਸਿੰਘ ਭੱਟੀ ਨੇ ਪ੍ਰੈਸ ਨਾਲ ਕੀਤਾ | ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਸਖਤ ਹਦਾਇਤਾਂ ਅਤੇ ਐਸ.ਐਸ.ਪੀ ਮੋਗਾ ਸ਼੍ਰੀ ਜੇ. ਇਲਨਚੇਲੀਅਨ ਦੀ ਅਗਵਾਈ ਹੇਠ ਨਸ਼ਾ ਤਸਕਰੀ ਨੂੰ ਬੰਦ ਕਰਨ ਲਈ ਸਖਤ ਕਦਮ ਚੁੱਕੇ ਜਾ ਰਹੇ ਹਨ | ਉਹਨਾਂ ਥਾਣਾ ਧਰਮਕੋਟ ਅਧੀਨ ਆਉਂਦੇ ਪਿੰਡਾਂ ਦੇ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਵੀ ਵਿਅਕਤੀ ਨਸ਼ਾ ਤਸਕਰੀ ਕਰਦਾ ਹੈ ਤਾਂ ਉਹ ਉਸ ਨੂੰ ਬੰਦ ਕਰਕੇ ਆਪਣਾ ਹੋਰ ਕੰਮਕਾਰ ਚਲਾ ਲਵੇ ਪ੍ਰੰਤੂ ਜੇਕਰ ਵਾਰਨਿੰਗ ਦੇ ਬਾਵਜੂਦ ਵੀ ਕੋਈ ਸੁਧਾਰ ਨਹੀਂ ਹੁੰਦਾ ਤਾਂ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ | ਉਹਨਾਂ ਬੱਚਿਆਂ ਅਤੇ ਨੌਜਵਾਨਾਂ ਦੇ ਮਾਪਿਆਂ ਨੂੰ ਕਿਹਾ ਕਿ ਬੱਚਿਆਂ ਨੂੰ ਵਹੀਕਲਾਂ ਉਪਰ ਹੁਲੜਬਾਜੀ ਕਰਨ ਤੋਂ ਰੋਕਣ, ਮੈਡੀਕਲ ਸਟੋਰਾਂ ਵਾਲੇ ਬਿਨਾਂ ਡਾਕਟਰ ਦੀ ਪਰਚੀ ਤੋਂ ਕੋਈ ਵੀ ਦਵਾਈ ਜਾਂ ਸਰਿੰਜ ਨਾ ਦੇਣ, ਲੋਕ ਆਪਣੇ ਵਹੀਕਲਾਂ ਦੇ ਕਾਗਜ ਪੂਰੇ ਰੱਖਣ | ਉਹਨਾਂ ਵਿਸ਼ੇਸ ਤੌਰ ਤੇ ਆਖਿਆ ਕਿ ਕਿਸੇ ਖਿਲਾਫ ਮੁਕੱਦਮਾ ਦਰਜ ਕਰ ਲੈਣ ਨਾਲ ਹੀ ਮਸਲੇ ਦਾ ਹੱਲ ਨਹੀਂ ਹੁੰਦਾ, ਸਗੋਂ ਇਕ ਵਿਸੇਸ਼ ਮੁਹਿੰਮ ਤਹਿਤ ਗਲਤੀ ਕਰਨ ਵਾਲੇ ਨੂੰ ਵਾਰਨਿੰਗ ਦਿੱਤੀ ਜਾਵੇਗੀ ਪ੍ਰੰਤੂ ਫਿਰ ਵੀ ਜੇਕਰ ਕੋਈ ਕੁਤਾਹੀ ਕਰੇਗਾ ਤਾਂ ਉਸ ਉਪਰ ਬਣਦੀ ਕਾਰਵਾਈ ਕੀਤੀ ਜਾਵੇਗੀ |