ਜਗਰਾਉਂ 26 ਅਕਤੂਬਰ (ਕੁਲਦੀਪ ਸਿੰਘ ਕੋਮਲ/ਮੋਹਿਤ ਗੋਇਲ ) ਪੁਲਿਸ ਅੱਤਿਆਚਾਰ ਖਿਲਾਫ਼ ਚੱਲ ਪੱਕੇ ਮੋਰਚੇ ਵਿੱਚ ਬੈਠੇ 'ਸੀਟੂ' ਆਗੂ ਨਿਰਮਲ ਸਿੰਘ ਧਾਲੀਵਾਲ, ਇੰਜੀਨੀਅਰ ਦਰਸ਼ਨ ਸਿੰਘ ਧਾਲੀਵਾਲ, ਇਕਬਾਲ ਸਿੰਘ ਰਸੂਲਪੁਰ ਨੇ ਅੱਜ ਫਿਰ ਮੰਗ ਕੀਤੀ ਕਿ "ਛੂਤਛਾਤ ਰੋਕੂ ਅੈਕਟ 1989 ਅਧੀਨ ਦਰਜ ਮੁਕੱਦਮੇ ਨੂੰ ਕੌਮੀ ਕਮਿਸ਼ਨ ਦੇ ਹੁਕਮ ਦੇ ਖਿਲਾਫ ਜਾ ਕੇ ਗੈਰ-ਕਾਨੂੰਨੀ ਤਰੀਕੇ ਨਾਲ ਰੱਦ ਕਰਨ ਵਾਲੇ ਤਫਤੀਸ਼ੀ ਅਧਿਕਾਰੀ ਬਲਵੀਰ ਸਿੰਘ ਭੱਟੀ ਖਿਲਾਫ਼ ਧਾਰਾ ਭਾਰਤੀ ਦੰਡਾਵਲੀ ਦੀ ਧਾਰਾ 116-ਏ ਤਹਿਤ ਮੁਕੱਦਮਾ ਦਰਜ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕੌਮੀ ਅਨੁਸੂਚਿਤ ਜਾਤੀਆਂ ਕਮਿਸ਼ਨ ਦਿੱਲੀ ਦੇ ਹੁਕਮਾਂ ਦੀ ਤੌਹੀਨ ਕਰਦਿਆਂ ਦਰਜ ਮੁਕੱਦਮੇ ਦੇ ਦੋਸ਼ੀ ਡੀਅੈਸਪੀ, ਏਅੈਸਆਈ ਤੇ ਸਰਪੰਚ ਦੀ ਗ੍ਰਿਫਤਾਰੀ ਕਰਨ ਦੀ ਬਿਜਾਏ ਮੁਕੱਦਮੇ ਦੀ ਝੂਠੀ ਤੇ ਗੁੰਮਰਾਹਕੁੰਨ ਰਿਪੋਰਟ ਭੇਜਣ ਵਾਲੇ ਉੱਕਤ ਅਧਿਕਾਰੀ ਦੀ ਦੋਸ਼ੀਆਂ ਨਾਲ ਪੂਰੀ ਮਿਲੀ ਭੁਗਤ ਹੈ। ਉਨ੍ਹਾਂ ਮੰਗ ਕੀਤੀ ਕਿ "ਪੀੜਤ ਮਾਤਾ ਨੂੰ ਪੈਨਸ਼ਨ, ਦਰਜ ਅੈਫ.ਅਾਈ.ਅਾਰ. ਦੇ ਸਾਰੇ ਪੀੜ੍ਹਤਾਂ ਨੂੰ ਮੁਆਵਜਾ ਅਤੇ ਪੀੜ੍ਹਤਾ ਮਨਪ੍ਰੀਤ ਕੌਰ ਦੇ ਪਰਿਵਾਰ ਨੂੰ ਮੁਆਵਜ਼ਾ ਅਤੇ ਇੱਕ ਜੀਅ ਨੂੰ ਤਰਸ ਅਧਾਰ ਨੌਕਰੀ ਦੇਣ ਦੀ ਮੰਗ ਦੁਹਰਾਈ ਅਤੇ ਨਿਆਂ ਮਿਲਣ ਤੱਕ ਥਾਣੇ ਮੂਹਰੇ ਸੰਘਰਸ਼ ਜਾਰੀ ਰੱਖਣ ਦੇ ਫੈਸਲੇ ਨੂੰ ਦੁਹਰਾਇਆ। ਦੱਸਣਯੋਗ ਹੈ ਕਿ ਕੌਮੀ ਅਨੁਸੂਚਿਤ ਜਾਤੀਆਂ ਕਮਿਸ਼ਨ ਦਿੱਲੀ ਨੇ ਆਪਣੇ ਹੁਕਮਾਂ 'ਚ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਅਤੇ ਪੀੜਤਾਂ ਨੂੰ ਮੁਆਵਜ਼ਾ ਦੇਣ ਲਈ ਲਿਖਿਆ ਹੋਇਆ ਹੈ ਪਰ ਪੰਜਾਬ ਸਰਕਾਰ ਦੇ ਅਧਿਕਾਰੀ ਕਮਿਸ਼ਨ ਦੀ ਤੌਹੀਨ ਕਰ ਰਹੇ ਹਨ। ਉਨ੍ਹਾਂ ਤਫਤੀਸ਼ੀ ਅਧਿਕਾਰੀ ਇੰਸਪੈਕਟਰ ਜਨਰਲ ਪੁਲਿਸ (ਕਰਾਇਮ ) ਬਲਵੀਰ ਸਿੰਘ ਭੱਟੀ ਖਿਲਾਫ਼ ਧਾਰਾ 166/ਏ ਅਧੀਨ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਹੈ।