ਵਧੀਕ ਡਿਪਟੀ ਕਮਿਸ਼ਨਰ ਅਨੀਤਾ ਦਰਸ਼ੀ ਵੱਲੋਂ ਸਮੂਹ ਗ੍ਰਾਮ ਰੋਜ਼ਗਾਰ ਸਹਾਇਕਾਂ ਨਾਲ ਮੀਟਿੰਗ

ਐਕਟਿਵ ਜਾਬਕਾਰਡ ਹੋਲਡਰਾਂ ਦੇ ਉਸਾਰੀ ਕਿਰਤੀ ਵਜੋਂ ਲਾਭਪਾਤਰੀ ਕਾਰਡ ਬਣਾਉਣ ਲਈ ਟ੍ਰੇਨਿੰਗ ਕਰਵਾਈ ਮੁਹੱਈਆ
ਮਗਨਰੇਗਾ ਅਧੀਨ ਕੰਮ ਕਰਦਾ ਹਰੇਕ ਯੋਗ ਲਾਭਪਾਤਰੀ ਹੋਵੇ ਉਸਾਰੀ ਕਿਰਤੀ ਵਜੋਂ ਰਜਿਸਟਰਡ-ਵਧੀਕ ਡਿਪਟੀ ਕਮਿਸ਼ਨਰ
ਮੋਗਾ, 10 ਅਕਤੂਬਰ:(ਜਸਵਿੰਦਰ ਸਿੰਘ ਰੱਖਰਾ)
ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅੱਜ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਅਨੀਤਾ ਦਰਸ਼ੀ ਵੱਲੋਂ ਮਗਨਰੇਗਾ ਸਕੀਮ ਅਧੀਨ ਕੰਮ ਕਰ ਰਹੇ ਜ਼ਿਲ੍ਹਾ ਮੋਗਾ ਦੇ ਸਮੂਹ ਗ੍ਰਾਮ ਰੋਜ਼ਗਾਰ ਸਹਾਇਕਾਂ ਨਾਲ ਇੱਕ ਅਹਿਮ ਮੀਟਿੰਗ ਦਾ ਆਯੋਜਨ ਕੀਤਾ। ਇਸ ਮੌਕੇ ਜ਼ਿਲ੍ਹੇ ਦੇ ਸਮੂਹ ਗ੍ਰਾਮ ਰੁਜ਼ਗਾਰ ਸਹਾਇਕਾਂ ਲਈ ਮਗਨਰੇਗਾ ਅਧੀਨ ਕੰਮ ਕਰ ਰਹੇ ਐਕਟਿਵ ਜਾਬਕਾਰਡ ਹੋਲਡਰਾਂ ਦੇ ਉਸਾਰੀ ਕਿਰਤੀ ਵਜੋਂ ਲਾਭਪਾਤਰੀ ਕਾਰਡ ਬਣਾਉਣ ਲਈ ਟ੍ਰੇਨਿੰਗ ਦਾ ਆਯੋਜਨ ਵੀ ਕੀਤਾ ਗਿਆ। ਇਹ ਟ੍ਰੇਨਿੰਗ ਕਿਰਤ ਇੰਸਪੈਕਟਰ ਰਨਜੀਵ ਸੋਢੀ ਅਤੇ ਅਮਨਦੀਪ ਸਿੰਘ ਵੱਲੋਂ ਦਿੱਤੀ ਗਈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਮੈਨੇਜਰ ਸੇਵਾ-ਕੇਂਦਰ ਮੋਗਾ ਰੋਸ਼ਨ ਲਾਲ ਨੂੰ ਸੇਵਾ-ਕੇਂਦਰਾਂ ਰਾਹੀਂ ਮਗਨਰੇਗਾ ਵਰਕਰਾਂ ਦੀ ਉਸਾਰੀ ਕਿਰਤੀ ਵਜੋਂ ਰਜਿਸਟ੍ਰੇਸ਼ਨ ਪਹਿਲ ਦੇ ਆਧਾਰ ਉੱਪਰ ਕਰਵਾਉਣ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਅਨੀਤਾ ਦਰਸ਼ੀ ਨੇ ਦੱਸਿਆ ਕਿ ਲਾਭਪਾਤਰੀ ਰਜਿਸਟਰਡ ਹੋਣ ਤੇ ਉਸ ਨੂੰ ਪੰਜਾਬ ਬਿਲਡਿੰਗ ਐਂਡ ਅਦਰ ਕੰਸਟ੍ਰਕਸ਼ਨ ਵੈਲਫੇਅਰ ਬੋਰਡ ਵੱਲੋਂ ਬਹੁਤ ਸਾਰੀਆਂ ਭਲਾਈ ਸਕੀਮਾਂ ਦਾ ਲਾਹਾ ਮਿਲਦਾ ਹੈ, ਇਸ ਲਈ ਕੋਈ ਵੀ ਲਾਭਪਾਤਰੀ ਇਸ ਸਕੀਮ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ। ਗ੍ਰਾਮ ਰੋਜ਼ਗਾਰ ਸਹਾਇਕਾਂ ਅਧੀਨ ਕੰਮ ਕਰਦੀ ਹਰੇਕ ਯੋਗ ਮਜ਼ਦੂਰ ਨੂੰ ਇਨ੍ਹਾਂ ਸਕੀਮਾਂ ਦਾ ਲਾਹਾ ਮਿਲਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਜਿਵੇਂ ਕਿ ਬੱਚੀ ਦੇ ਜਨਮ ਸਮੇਂ 5 ਹਜ਼ਾਰ, ਜੇਕਰ ਲਾਭਪਾਤਰੀ ਇਸਤਰੀ ਹੋਵੇ ਤਾਂ 21 ਹਜ਼ਾਰ,  ਲੜਕੀ ਦੇ ਜਨਮ ਸਮੇਂ 75 ਹਜ਼ਾਰ ਦੀ ਐਫ.ਡੀ.ਆਰ., ਪਹਿਲੀ ਕਲਾਸ ਤੋਂ ਲੈ ਕੇ ਉਚੇਰੀ ਸਿੱਖਿਆ ਲਈ ਵਜ਼ੀਫਾ, ਲੜਕੀ ਦੀ ਸ਼ਾਦੀ ਸਮੇਂ 51 ਹਜ਼ਾਰ ਸ਼ਗਨ ਸਕੀਮ, ਪਰਿਵਾਰ ਦੇ ਇਲਾਜ ਲਈ ਆਯੂਸ਼ਮਾਨ ਸਕੀਮ ਅਧੀਨ 5 ਲੱਖ ਰੁਪਏ ਇਲਾਜ ਖਰਚਾ, ਕੰਮ ਕਰਦੇ ਸਮੇਂ/ਹਾਦਸੇ ਦੌਰਾਨ ਲਾਭਪਾਤਰੀ ਦੀ ਮੌਤ ਲਈ 4 ਲੱਖ ਰੁਪਏ, ਕੁਦਰਤੀ ਮੌਤ ਹੋਣ ਤੇ 2 ਲੱਖ ਰੁਪਏ ਅਤੇ ਦਾਹ-ਸੰਸਕਾਰ ਅਦਿ ਲਈ 20 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਇਨ੍ਹਾਂ ਸਕੀਮਾਂ ਤਹਿਤ ਮਿਲਦੀ ਹੈ। ਇਸ ਤੋਂ ਇਲਾਵਾ ਪੰਜਾਬ ਤੋਂ ਬਾਹਰ ਧਾਰਮਿਕ ਸਥਾਨ ਦੀ ਯਾਤਰਾ ਲਈ 2 ਸਾਲ ਬਾਅਦ 10 ਹਜ਼ਾਰ ਰੁਪਏ ਐਲ.ਟੀ.ਸੀ ਸਕੀਮ ਅਧੀਨ ਲਾਭ ਵੀ ਮਿਲਦਾ ਹੈ।
ਇੰਸਪੈਕਟਰ ਰਨਜੀਵ ਸੋਢੀ ਨੇ ਰੋਜ਼ਗਾਰ ਸਹਾਇਕਾਂ ਨੂੰ ਦੱਸਿਆ ਕਿ ਬਤੌਰ ਉਸਾਰੀ ਲਾਭਪਾਤਰੀ ਰਜਿਸਟ੍ਰੇਸ਼ਨ ਦੀ ਫੀਸ 25 ਰੁਪਏ ਇੱਕ ਵਾਰ ਅਤੇ 10 ਪ੍ਰਤੀ ਮਹੀਨਾ ਅੰਸ਼ਦਾਨ ਅਦਾ ਕਰਕੇ ਇੱਕ ਸਾਲ/ਤਿੰਨ ਸਾਲ ਲਈ ਨੇੜੇ ਦੇ ਸੇਵਾ-ਕੇਂਦਰ, ਕਾਮਨ ਸਰਵਿਸ ਸੈਂਟਰ (ਸੀ.ਐੱਸ.ਸੀ) ਤੋਂ ਕਰਵਾਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਪਲੇਅ ਸਟੋਰ ਤੋਂ ਪੰਜਾਬ ਕਿਰਤੀ ਸਹਾਇਕ ਐਪ ਡਾਊਨਲੋਡ ਕਰਕੇ ਲਾਭਪਾਤਰੀ ਖੁਦ ਵੀ ਆਪਣੀ ਰਜਿਸਟ੍ਰੇਸ਼ਨ ਕਰ ਸਕਦਾ ਹੈ। ਗ੍ਰਾਮ ਰੋਜ਼ਗਾਰ ਸਹਾਇਕਾਂ ਨੂੰ ਰਜਿਸਟ੍ਰੇਸ਼ਨ ਕਰਨ ਸਬੰਧੀ ਪ੍ਰੋਸੈਸ ਬਾਰੇ ਅਤੇ ਪੰਜਾਬ ਕਿਰਤੀ ਸਹਾਇਕ ਐਪ ਰਾਹੀਂ ਰਜਿਸਟ੍ਰੇਸ਼ਨ ਕਰਨ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਭਵਿੱਖ ਵਿੱਚ ਵੀ ਅਜਿਹੇ ਟ੍ਰੇਨਿੰਗ ਕੈਂਪ ਜਾਰੀ ਰਹਿਣਗੇ ਤਾਂ ਜੋ ਪਿੰਡਾਂ ਵਿੱਚ ਮਗਨਰੇਗਾ ਅਧੀਨ ਕੰਮ ਕਰ ਰਹੇ ਅਤੇ ਉਸਾਰੀ ਨਾਲ ਸਬੰਧਤ ਕੰਮ ਕਰਦੇ ਵਿਅਕਤੀ  ਵੱਧ ਤੋਂ ਵੱਧ ਪੰਜਾਬ ਬਿਲਡਿੰਗ ਐਂਡ ਅਦਰ ਕੰਸਟ੍ਰਕਸ਼ਨ ਵੈਲਫੇਅਰ ਬੋਰਡ ਕੋਲ ਰਜਿਸਟ੍ਰੇਸ਼ਨ ਕਰਵਾ ਕੇ ਸਕੀਮਾਂ ਦਾ ਲਾਭ ਉਠਾ ਸਕਣ।