ਕਾਂਗਰਸੀ ਸੰਸਦ ਮੈਂਬਰ ਰਵਨੀਤ ਬਿੱਟੂ ਦੀ ਧਾਰਮਿਕ ਸਿੱਖ ਮਸਲਿਆਂ ਚ ਬੇਲੋੜੀ ਦਖ਼ਲ ਅੰਦਾਜ਼ੀ ਮਨਜ਼ੂਰ ਨਹੀਂ ।

ਲੁਧਿਆਣਾ, ਸਤੰਬਰ 2019 -(ਮਨਜਿੰਦਰ ਗਿੱਲ)- ਸਿੱਖ ਨੌਜਵਾਨੀ ਦਾ ਘਾਣ ਕਰਨ ਵਾਲੇ ਕਾਂਗਰਸੀ ਮੁੱਖ ਮੰਤਰੀ ਬੇਅੰਤ ਸਿਹੁੰ ਨੂੰ ਸੋਧਣ ਵਾਲੇ ਭਾਈ ਦਿਲਾਵਰ ਸਿੰਘ ਕੌਮ ਦੇ ਸ਼ਹੀਦ ਹਨ । ਜਿੰਨਾ ਨੇ ਆਪਣੀ ਸ਼ਹਾਦਤ ਦੇ ਕੇ ਸਿੱਖ ਨੌਜਵਾਨੀ ਦਾ ਸਮੇਂ ਦੀ ਸਰਕਾਰ ਵੱਲੋਂ ਝੂਠੇ ਪੁਲਿਸ ਮੁਕਾਬਲਿਆਂ ਰਾਹੀਂ ਹੋ ਰਿਹਾ ਘਾਣ ਰੋਕਿਆ ਸੀ । ਜਿੰਨਾ ਨੂੰ ਕੌਮ ਦੀ  ਇਸ ਮਹਾਨ ਸੇਵਾ ਕਰਨ ਬਦਲੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕੌਮੀ ਸ਼ਹੀਦ ਐਲਾਨਿਆਂ ਹੋਇਆ ਹੈ । ਲੰਘੀ 31ਅਗਸਤ ਨੂੰ‌  ਸ਼ਹੀਦ ਭਾਈ ਦਿਲਾਵਰ ਸਿੰਘ ਦੀ ਬਰਸੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹਰ ਸਾਲ ਕੌਮ ਵੱਲੋਂ ਮਨਾਈ ਜਾਂਦੀ ਹੈ ਤੇ ਜਿੱਥੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾਂਦੇ ਹਨ ਉੱਥੇ ਹੀ ਇਸ ਲਾਸਾਨੀ ਕੌਮੀ ਸੇਵਾ ਲਈ ਭਾਈ ਦਿਲਾਵਰ ਸਿੰਘ ਦੇ ਪਰਿਵਾਰ ਤੇ  ਇਸ ਕਾਰਜ ਨੂੰ ਨੇਪਰੇ ਚਾੜ੍ਹਨ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ  ਬਾਕੀ ਦੇ  ਬੰਦੀ ਸਿੰਘਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸ੍ਰੀ ਅਕਾਲ ਤਖ਼ਤ ਵੱਲੋਂ ਸਿਰੋਪਾਉ ਦੇ ਕੇ ਨਿਵਾਜਿਆ ਜਾਂਦਾ ਹੈ । ਤੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜੱਥੇਦਾਰ ਸ੍ਰੀ ਅਕਾਲ ਤਖ਼ਤ ਵੱਲੋਂ ਸ਼ਹੀਦ ਭਾਈ ਦਿਲਾਵਰ ਸਿੰਘ ਤੇ ਉਨ੍ਹਾਂ ਦੇ ਪਰਿਵਾਰ ਨੂੰ ਸਨਮਾਨਿਤ ਕਰਨ ਤੇ ਭਾਈ ਦਿਲਾਵਰ ਸਿੰਘ ਨੂੰ ਸ਼ਹੀਦ ਕਹਿਕੇ ਸੰਬੋਧਨ ਕਰਨ ਤੇ ਮੁੱਖ ਮੰਤਰੀ ਬੇਅੰਤ ਸਿਹੁੰ ਦੇ ਪੋਤੇ ਰਵਨੀਤ ਬਿੱਟੂ ਵੱਲੋਂ ਬੇਲੋੜਾ ਵਿਰੋਧ ਕਰਕੇ ਸਿੱਖ ਧਾਰਮਿਕ ਮਾਮਲਿਆਂ ਵਿੱਚ ਦਖ਼ਲਅੰਦਾਜ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ । ਬੰਦੀ ਸਿੰਘ ਰਿਹਾਈ ਮੋਰਚਾ ਜੋ ਕਿ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਲਈ ਲਗਾਤਾਰ ਯਤਨਸ਼ੀਲ ਹੈ ਦੇ ਆਗੂ ਭਾਈ ਜੰਗ ਸਿੰਘ ਮੁਸਤਫਾਬਾਦ ਤੇ ਭਾਈ ਭਵਨਦੀਪ ਸਿੰਘ ਸਿੱਧੂ ਵੱਲੋਂ ਰਵਨੀਤ ਬਿੱਟੂ ਦੇ ਇਸ ਬਿਆਨ ਦੀ ਸਖਤ ਸ਼ਬਦਾਂ ਚ ਨਿਖੇਧੀ ਕਰਦਿਆਂ ਸਖ਼ਤ ਤਾੜਨਾ ਕਰਦੇ ਹਨ। ਕਿ ਉਹ ਸਿੱਖ ਕੌਮ ਦੇ ਧਾਰਮਿਕ ਮਾਮਲਿਆਂ ਚ ਬੇਲੋੜੀ ਦਖ਼ਲਅੰਦਾਜ਼ੀ  ਬੰਦ ਕਰਨ ਅਤੇ ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਾਫੀ ਮੰਗਣ ਤੇ ਧਾਰਮਿਕ ਸਿੱਖ ਮਾਮਲਿਆਂ ਤੋਂ ਦੂਰ ਰਹਿਣ ।