ਕਵਿਤਾ " ਕਿਤਾਬਾਂ"✍️ ਕੁਲਦੀਪ ਸਿੰਘ ਸਾਹਿਲ

 " ਕਿਤਾਬਾਂ"

ਪਾਪਾ ਜੀ ਨਾ ਪੀਓ ਸ਼ਰਾਬਾਂ,

ਲੈਣ ਦਿਓ ਮੈਨੂੰ ਚਾਰ ਕਿਤਾਬਾ।

ਗ਼ੁਰਬਤ ਦੇ ਵਿੱਚ ਡੂਬੀ ਜੂਨੀ,

ਕਰ ਦੇਣ ਸ਼ਾਇਦ ਪਾਰ ਕਿਤਾਬਾਂ।

ਵਿਦਿਆ ਜੋਤ ਜਗਾ ਦੇਵਣ,

ਅਨਪੜ੍ਹਤਾ ਨੂੰ ਮਾਰ ਕਿਤਾਬਾਂ।

ਮਨ ਵਿੱਚੋ ਜੰਗ ਲਹਿ ਜਾਂਦੀ ਏ,

ਪੜ ਲਈਏ ਜੇ ਚਾਰ ਕਿਤਾਬਾਂ।

ਜਿੱਤਾਂ ਦੇ ਇਹ ਗੱਡਣ ਝੰਡੇ,

ਮੰਨਣ ਕਦੇ ਨਾ ਹਾਰ ਕਿਤਾਬਾਂ।

ਚੰਨ ਤੱਕ ਵੀ ਜਾ ਪਹੁੰਚਿਆ ਏ,

ਪੜ੍ਹ ਪੜ੍ਹ ਕੇ ਸੰਸਾਰ ਕਿਤਾਬਾਂ ।

ਇਨ੍ਹਾਂ ਦੇ ਨਾਲ ਯਾਰੀ ਪਾ ਲੈ,

ਸਭ ਤੋਂ ਚੰਗੀਆਂ ਯਾਰ ਕਿਤਾਬਾਂ।

ਪਿਆਰ ਨਾਲ ਜੇ ਪੜਦੇ ਜਾਇਏ,

ਦਿੰਦੀਆਂ ਸੀਨਾ ਠਾਰ ਕਿਤਾਬਾਂ।

ਗ਼ੁਰਬਤ ਵਿਚੋਂ ਕੱਢ ਲਿਆਵਣ,

ਕੁਲਾਂ ਦੇਵਣ ਤਾਰ ਕਿਤਾਬਾਂ।

ਗਿਆਨ ਕਟੋਰੇ ਭਰ ਭਰ ਵੰਡਣ ,

ਦੇਵਣ ਬੜਾ ਪਿਆਰ ਕਿਤਾਬਾਂ।

ਵਰਕਿਆਂ ਉਪਰ ਕਾਲੇ ਅੱਖਰ,

ਛਪਕੇ ਦੇਣ ਨਿਖਾਰ ਕਿਤਾਬਾਂ ।

ਸੋਚ ਸਮਝ ਕੇ ਵੋਟ ਪਾਉਣਗੇ,

ਪੜੀਆਂ ਹੋਣ ਜੇ ਯਾਰ ਕਿਤਾਬਾਂ।

ਪੜ੍ਹੀਏ ਆਓ ਯਾਰ ਕਿਤਾਬਾਂ ,

ਗਿਆਨ ਦੀਆਂ ਭੰਡਾਰ ਕਿਤਾਬਾਂ,

ਆਓ ਥੋੜਾ ਵਕਤ ਕੱਡੀਏ

ਪੜ੍ਹੀਏ ਇਕਸਾਰ ਕਿਤਾਬਾਂ।

"ਸਾਹਿਲ" ਕਦੇ ਨਾ ਪੜਕੇ ਥੱਕਿਆ,

ਪੜੀਆਂ ਕਈ ਹਜ਼ਾਰ ਕਿਤਾਬਾਂ।

 

ਕੁਲਦੀਪ ਸਿੰਘ ਸਾਹਿਲ

9417990040