''ਸਰਕਾਰ ਤੁਹਾਡੇ ਦੁਆਰ' ਪਹਿਲਕਦਮੀ ਤਹਿਤ ਰੈਵੇਨਿਊ ਕੈਂਪ 'ਚ 3000 ਤੋਂ ਵੱਧ ਇੰਤਕਾਲ ਮਾਮਲਿਆਂ ਦਾ ਫੈਸਲਾ

ਲੁਧਿਆਣਾ, 29 ਸਤੰਬਰ (ਟੀ. ਕੇ. ) - ਲੋਕਾਂ ਨੂੰ ਨਾਗਰਿਕ ਕੇਂਦਰਿਤ ਸੇਵਾਵਾਂ ਉਨ੍ਹਾਂ ਦੇ ਘਰ-ਘਰ ਪਹੁੰਚਾਉਣ ਦੇ ਮੰਤਵ ਨਾਲ ਸਥਾਨਕ ਹੰਬੜਾਂ ਰੋਡ ਵਿਖੇ ਇੱਕ ਮੈਗਾ ਰੈਵੇਨਿਊ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਲੁਧਿਆਣਾ ਪੱਛਮੀ ਸਬ ਡਵੀਜ਼ਨ ਦੇ ਪਟਵਾਰੀਆਂ, ਕਾਨੂੰਗੋ, ਸੀ.ਆਰ.ਓਜ਼ ਨੇ ਲੋਕਾਂ ਨੂੰ ਇਹ ਸੇਵਾਵਾਂ ਪ੍ਰਦਾਨ ਕੀਤੀਆਂ।
 
ਕੈਂਪ ਦਾ ਦੌਰਾ ਕਰਦਿਆਂ ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਤੋਂ ਵਿਧਾਇਕ ਰਜਿੰਦਰਪਾਲ ਕੌਰ ਛੀਨਾ, ਹਲਕਾ ਗਿੱਲ ਵਿਧਾਇਕ ਜੀਵਨ ਸਿੰਘ ਸੰਗੋਵਾਲ ਅਤੇ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਵਲੋਂ ਬਿਨੈਕਾਰਾਂ ਨਾਲ ਗੱਲਬਾਤ ਕੀਤੀ ਅਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਲੋਕਾਂ ਦੀਆਂ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮਲਿਕ ਨੇ ਦੱਸਿਆ ਕਿ ਕੈਂਪ ਦੌਰਾਨ 3100 ਤੋਂ ਵੱਧ ਦਰਖਾਸਤਾਂ ਦਾ ਮੌਕੇ 'ਤੇ ਹੀ ਨਿਪਟਾਰਾ ਕੀਤਾ ਗਿਆ, ਜਿਸ ਵਿੱਚ 3000 ਇੰਤਕਾਲ ਕੇਸ, ਫਰਦ ਬਦਲ ਦੀਆਂ 100 ਦੇ ਕਰੀਬ ਅਰਜ਼ੀਆਂ ਅਤੇ ਮਾਲ ਵਿਭਾਗ ਨਾਲ ਸਬੰਧਤ ਵੱਖ-ਵੱਖ ਸੇਵਾਵਾਂ ਲਈ 50 ਦੇ ਕਰੀਬ ਨਵੀਆਂ ਦਰਖਾਸਤਾਂ ਸ਼ਾਮਲ ਸਨ। ਉਨ੍ਹਾਂ ਅੱਗੇ ਦੱਸਿਆ ਕਿ ਕੈਂਪ ਦੌਰਾਨ ਪਟਵਾਰੀਆਂ ਵੱਲੋਂ ਕੁੱਲ 500 ਬਕਾਇਆ ਇੰਤਕਾਲਾਂ ਦਾ ਫੈਸਲਾ ਕੀਤਾ ਗਿਆ ਜਦਕਿ ਕਾਨੂੰਗੋ ਵੱਲੋਂ 1550 ਇੰਤਕਾਲਾਂ ਨੂੰ ਅੰਤਿਮ ਰੂਪ ਦਿੱਤਾ ਗਿਆ।

ਇਸੇ ਤਰ੍ਹਾਂ ਸਰਕਲ ਮਾਲ ਅਫਸਰਾਂ ਵਲੋਂ ਕੈਂਪ ਦੌਰਾਨ 1100 ਤੋਂ ਵੱਧ ਇੰਤਕਾਲ ਦੇ ਕੇਸਾਂ ਦਾ ਫੈਸਲਾ ਕੀਤਾ ਜਦਕਿ ਫਰਦ ਬਦਰ ਦੀਆਂ 100 ਦੇ ਕਰੀਬ ਅਰਜ਼ੀਆਂ ਨੂੰ ਵੀ ਕੈਂਪ ਦੌਰਾਨ ਪ੍ਰਵਾਨਗੀ ਦਿੱਤੀ ਗਈ. ਉਨ੍ਹਾਂ ਦੱਸਿਆ ਕਿ ਮਾਲ ਵਿਭਾਗ ਨਾਲ ਸਬੰਧਤ ਵੱਖ-ਵੱਖ ਸੇਵਾਵਾਂ ਸਬੰਧੀ 50 ਦੇ ਕਰੀਬ ਨਵੀਆਂ ਦਰਖਾਸਤਾਂ ਪ੍ਰਾਪਤ ਹੋਈਆਂ ਹਨ।
 
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲ਼ੋ ਸਰਕਾਰ ਦੀਆਂ ਸੇਵਾਵਾਂ ਅਤੇ ਸਕੀਮਾਂ ਦਾ ਲਾਭ ਲੋਕਾਂ ਨੂੰ ਘਰ-ਘਰ ਪਹੁੰਚਾਉਣ ਦੇ ਮੰਤਵ ਨਾਲ ਸਰਕਾਰ ਤੁਹਾਡੇ ਦੁਆਰ ਨਾਮ ਦੀ ਇਹ ਨਿਵੇਕਲੀ ਪਹਿਲਕਦਮੀ ਸ਼ੁਰੂ ਕੀਤੀ ਗਈ ਹੈ ਜਿਸਦੇ ਤਹਿਤ ਵੱਖ-ਵੱਖ ਥਾਵਾਂ 'ਤੇ ਵਿਸ਼ੇਸ਼ ਸੁਵਿਧਾ ਕੈਂਪ ਲਗਾਏ ਜਾਂਦੇ ਹਨ।

ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਨੇ ਨਵੇਂ ਪਟਵਾਰੀਆਂ ਦੀ ਨਿਯੁਕਤੀ ਕੀਤੀ ਹੈ ਜੋ ਜਲਦ ਹੀ ਆਪਣੀ ਡਿਊਟੀ ਜੁਆਇਨ ਕਰ ਲੈਣਗੇ ਕਿਉਂਕਿ ਇਸ ਨਾਲ ਕੰਮ ਕਰ ਰਹੇ ਪਟਵਾਰੀਆਂ ਨੂੰ ਵਾਧੂ ਖਰਚਿਆਂ ਦੇ ਬੋਝ ਤੋਂ ਨਿਜਾਤ ਮਿਲੇਗੀ। ਉਨ੍ਹਾਂ ਕਿਹਾ ਕਿ ਇਸ ਕਦਮ ਨਾਲ ਪਟਵਾਰੀਆਂ ਦੀ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਘਾਟ ਨੂੰ ਪੂਰਾ ਕਰਕੇ ਮਾਲ ਵਿਭਾਗ ਦੇ ਕੰਮਕਾਜ ਨੂੰ ਹੋਰ ਸੁਚਾਰੂ ਬਣਾਉਣ ਦਾ ਰਾਹ ਪੱਧਰਾ ਹੋਵੇਗਾ।
 
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਕਾਰ ਤੁਹਾਡੇ ਦੁਆਰ ਮੁਹਿੰਮ ਤਹਿਤ ਜ਼ਿਲ੍ਹੇ ਭਰ ਵਿੱਚ ਹੋਰ ਕੈਂਪ ਲਗਾਏ ਜਾਣਗੇ ਤਾਂ ਜੋ ਸਰਕਾਰੀ ਸੇਵਾਵਾਂ ਦਾ ਲਾਭ ਘਰ-ਘਰ ਪਹੁੰਚਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਟਰਾਂਸਪੋਰਟ ਵਿਭਾਗ ਨਾਲ ਸਬੰਧਤ ਸੁਵਿਧਾ ਕੈਂਪ ਭਲਕੇ 30 ਸਤੰਬਰ ਨੂੰ ਲਗਾਇਆ ਜਾਵੇਗਾ ਜਿਸ ਵਿੱਚ ਲੋਕਾਂ ਨੂੰ ਡਰਾਈਵਿੰਗ ਲਾਇਸੰਸ, ਆਰ.ਸੀ. (ਰਜਿਸਟ੍ਰੇਸ਼ਨ ਸਰਟੀਫਿਕੇਟ), ਐਨ.ਓ.ਸੀ., ਕਰਜ਼ਾ ਚੜ੍ਹਾਉਣਾ/ਕਟਵਾਉਣਾ ਆਦਿ ਸਬੰਧੀ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ।

ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨਾਗਰਿਕ ਸੇਵਾਵਾਂ ਨੂੰ ਸੁਚਾਰੂ, ਨਿਰਵਿਘਨ ਅਤੇ ਪਾਰਦਰਸ਼ੀ ਢੰਗ ਨਾਲ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਜ਼ਿਲ੍ਹੇ ਭਰ ਵਿੱਚ ਹੋਰ ਵੀ ਕੈਂਪ ਲਗਾਏ ਜਾਣਗੇ ਤਾਂ ਜੋ ਵੱਧ ਤੋਂ ਵੱਧ ਲੋਕਾਂ ਤੱਕ ਇਨ੍ਹਾਂ ਸੇਵਾਵਾਂ ਦਾ ਲਾਭ ਪਹੁੰਚਾਇਆ ਜਾ ਸਕੇ।
 
ਇਸ ਰੈਵੇਨਿਊ ਕੈਂਪ ਦੇ ਆਯੋਜਨ ਲਈ ਲੁਧਿਆਣਾ ਪੱਛਮੀ ਦੇ ਐਸ.ਡੀ.ਐਮ. ਡਾ. ਹਰਜਿੰਦਰ ਸਿੰਘ ਆਈ.ਏ.ਐਸ. ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਬ-ਡਵੀਜ਼ਨਾਂ ਵਿਚਕਾਰ ਮੁਕਾਬਲਾ ਕਰਵਾਇਆ ਜਾਵੇਗਾ ਅਤੇ ਵਧੀਆ ਕਾਰਗੁਜ਼ਾਰੀ ਵਾਲੇ ਐਸ.ਡੀ.ਐਮ. ਨੂੰ ਉਨ੍ਹਾਂ ਦੀ ਟੀਮ ਸਮੇਤ ਵੱਧ ਤੋਂ ਵੱਧ ਕੈਂਪ ਲਗਾਉਣ ਅਤੇ ਨਾਗਰਿਕਾਂ ਨੂੰ ਸੇਵਾਵਾਂ ਦੇਣ ਲਈ ਸਨਮਾਨਿਤ ਕੀਤਾ ਜਾਵੇਗਾ।