You are here

23 ਸਤੰਬਰ ਲਈ ਬਾਬਾ ਫ਼ਰੀਦ ਮੇਲੇ ’ਤੇ ਵਿਸ਼ੇਸ਼

ਮਹਾਨ ਤਿਆਗੀ,ਤਪੱਸਵੀ ਤੇ ਵਿਦਵਾਨ ਸ਼ੇਖ਼ ਫ਼ਰੀਦ ਜੀ
ਮਹਾਨ ਸੂਫ਼ੀ ਸੰਤ ਸ਼ੇਖ ਫ਼ਰੀਦ ਜੀ ਦਾ ਸਮਾਂ ਈਸਾ ਦੀ 12ਵੀਂ ਸਦੀ ਹੈ। ਸ਼ੇਖ਼ ਫ਼ਰੀਦ ਦਾ ਸਥਾਨ ਪੰਜਾਬੀ ਸਾਹਿਤ ਵਿੱਚ ਉਹ ਹੈ ਜੋ ਚਾਸਰ ਦਾ ਅੰਗਰੇਜ਼ੀ ਸਾਹਿਤ ਵਿੱਚ ਹੈ। ਸ਼ੇਖ਼ ਫ਼ਰੀਦ ਦਾ ਜਨਮ ਸ਼ੇਖ ਜਮਾਲੁਦੀਨ ਸੁਲੇਮਾਨ ਦੇ ਗ੍ਰਹਿ ਮਾਤਾ ਮਰੀਅਮ ਦੀ ਕੁੱਖ ਤੋਂ ਕੋਠੀਵਾਲ ਪਿੰਡ ਵਿੱਚ ਸੰਮਤ 1230 ਬਿਕਰਮੀ, ਸੰਨ 1173 ਈ: ਨੂੰ ਹੋਇਆ। ਫ਼ਰੀਦ ਜੀ ਨੂੰ ਬਚਪਨ ਵਿੱਚ ਹੀ ਵਿੱਦਿਆ ਪੜ੍ਹਨ ਲਈ ਬਿਠਾਇਆ ਗਿਆ। ਵਿੱਦਿਆ ਪ੍ਰਾਪਤੀ ਲਈ ਆਪ ਕੋਠੀਵਾਲ ਨੂੰ ਛੱਡ ਕੇ ਮੁਲਤਾਨ ਚਲੇ ਗਏ ਕਿਉਂਕਿ ਉਹਨਾਂ ਦਿਨਾਂ ਵਿੱਚ ਮੁਲਤਾਨ ਸੰਸਾਰਿਕ ਤੇ ਰੂਹਾਨੀ ਵਿੱਦਿਆ ਦਾ ਕੇਂਦਰ ਸੀ। ਇਸ ਲਈ ਆਪ ਦੀ ਮੁੱਢਲੀ ਵਿੱਦਿਆ ਮੁਲਤਾਨ ਵਿੱਚ ਹੀ ਸ਼ੁਰੂ ਹੋਈ। ਫ਼ਰੀਦ ਜੀ ਖ਼ਵਾਜਾ ਬਖ਼ਤਿਆਰ ਕਾਕੀ ਦੇ ਮੁਰੀਦ ਹੋਏ ਹਨ।
ਬਾਬਾ ਫ਼ਰੀਦ ਜੀ ਮਹਾਨ ਤਿਆਗੀ, ਪਰਮ ਤਪੱਸਵੀ, ਕਰਤਾਰ ਦੇ ਅਨਿੰਨ ਉਪਾਸ਼ਕ ਤੇ ਵੱਡੇ ਵਿਦਵਾਨ ਸਨ। ਆਪ ਦਾ ਇੱਕ ਵਿਆਹ ਨਾਸਰਦੀਨ ਮਹਿਮੂਦ ਬਾਦਸ਼ਾਹ ਦਿੱਲੀ ਦੀ ਪੁੱਤਰੀ ਹਜ਼ਬਰਾ ਨਾਲ ਹੋਇਆ। ਜਿਸ ਨੂੰ ਉਹਨਾਂ ਨੇ ਦਰਵੇਸ਼ੀ ਕੱਪੜੇ ਪਹਿਨਾ ਕੇ ਆਪਣੇ ਅੰਗ-ਸੰਗ ਰੱਖਿਆ। ਇਸ ਤੋਂ ਇਲਾਵਾ ਤਿੰਨ ਹੋਰ ਇਸਤਰੀਆਂ ਫ਼ਰੀਦ ਜੀ ਦੀਆਂ ਪਹਿਲਾਂ ਸਨ। ਆਪ ਜੀ ਦੀਆਂ ਤਿੰਨ ਪੁੱਤਰੀਆਂ ਤੇ ਪੰਜ ਪੁੱਤਰ ਸਨ। ਸ਼ੇਖ਼ ਫ਼ਰੀਦ ਜੀ 93 ਸਾਲ ਦੀ ਉਮਰ ਬਤੀਤ ਕਰਕੇ ਸੰਮਤ 1323 ਬਿਕਰਮੀ, ਸੰਨ 1266 ਈ: ਨੂੰ ਪਾਕਪਟਨ ਵਿਖੇ ਹੋਇਆ।
ਸ਼ੇਖ਼ ਫ਼ਰੀਦ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਚਾਰ ਸ਼ਬਦ ਹਨ। ਰਾਗ ਆਸਾ (ਅੰਗ 488) ਵਿੱਚ ਇੱਕ ਚਉਪਦਾ ਤੇ ਇੱਕ ਅਸਟਪਦੀ ਅਤੇ ਰਾਗ ਸੂਹੀ (ਅੰਗ 794) ਵਿੱਚ ਇੱਕ ਚਉਪਦਾ ਅਤੇ ਇੱਕ ਤਿਪਦਾ। ਸਲੋਕ ਸ਼ੇਖ਼ ਫ਼ਰੀਦ ਕੇ ਦੇ ਸਿਰਲੇਖ ਹੇਠ 130 ਸਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਗ 1377 ਤੋਂ 1384 ਤੱਕ ਦਰਜ ਹਨ। ਉਹ ਪਹਿਲੇ ਕਵੀ ਹਨ। ਜਿਨ੍ਹਾਂ ਨੇ ਆਪਣੇ ਖ਼ਿਆਲ ਪੰਜਾਬੀ ਵਿੱਚ ਪ੍ਰਗਟ ਕੀਤੇ। ਪੰਜਾਬੀ ਦੇ ਇਸ ਜੇਠੇ ਤੇ ਉੱਤਮ ਕਵੀ ਨੇ ਇੱਕ ਨਵੀਂ ਸ਼ੈਲੀ ਸ਼ਬਦਾਵਲੀ ਨੂੰ ਜਨਮ ਦਿੱਤਾ। ਆਪ ਦੇ ਕਲਾਮ ਵਿੱਚ ਪਹਿਲਾਂ ਫ਼ਾਰਸੀ, ਅਰਬੀ ਸ਼ਬਦਾਂ ਨੂੰ ਪੰਜਾਬੀ ਰੂਪ ਦਿੱਤਾ ਗਿਆ। ਸ਼ੇਖ਼ ਫ਼ਰੀਦ ਲਹਿੰਦੇ ਪੰਜਾਬ ਦੇ ਵਸਨੀਕ ਸਨ। ਇਸ ਕਰਕੇ ਇਹਨਾਂ ਦੀ ਭਾਸ਼ਾ ਨੂੰ ਲਹਿੰਦੀ ਕਿਹਾ ਜਾਂਦਾ ਹੈ।
ਪਾਕਿਸਤਾਨ ਵਿੱਚ ਬਾਬਾ ਫ਼ਰੀਦ ਦਾ ਮਕਬਰਾ ਅੱਜ ਵੀ ਕਾਇਮ ਹੈ। ਉਥੇ ਹਿੰਦੂ, ਮੂਸਲਮਾਨ, ਸਿੱਖ, ਈਸਾਈ ਸਭ ਨੂੰ ਸ਼ਾਮਲ ਕਰਕੇ ਇੱਕ ਟ੍ਰਸਟ ਕਾਇਮ ਕੀਤਾ ਗਿਆ। ਜਿਸ ਦਾ ਨਾਂ ‘ਜਾਤੀ ਉਮਰਾ ਹਿੰਦ-ਪਾਕਿ ਪਰਿਵਾਰ ਮਿਲਾਪ ਚੈਰਿਟੀ ਟ੍ਰਸਟ’ ਹੈ। ਇਸ ਟ੍ਰਸਟ ਦੇ ਸਰਪ੍ਰਸਤ ਮੀਆਂ ਮੁਹੰਮਦ ਸਾਹਿਬ ਹਨ।
ਸ਼ੇਖ਼ ਫ਼ਰੀਦ ਖੋਜ ਕਰਦਿਆਂ ਕਰਦਿਆਂ, ਮੋਕਲਹਰ ਸ਼ਹਿਰ ਆ ਗਏ। ਜਿਸ ਅਸਥਾਨ ਤੇ ਉਹ ਠਹਿਰੇ ਉਸ ਨੂੰ ਅੱਜ ਗੋਦੜੀ ਸਾਹਿਬ ਕਿਹਾ ਜਾਂਦਾ ਹੈ। ਗੁਰਦੁਆਰਾ ਗੋਦੜੀ ਸਾਹਿਬ ਦੇ ਇਤਿਹਾਸ ਬਾਰੇ ਕਿਹਾ ਜਾਂਦਾ ਹੈ ਕਿ ਬਾਬਾ ਫ਼ਰੀਦ ਜੀ 1215 ਈ: ਵਿੱਚ ਜਦੋਂ ਦਿੱਲੀ ਤੋਂ ਪਾਕਪਟਨ ਜਾ ਰਹੇ ਸਨ ਤਾਂ ਇੱਥੇ ਆ ਕੇ ਉਹਨਾਂ ਆਪਣੇ ਗੁਰੂ ਬਖ਼ਤਿਆਰ ਕਾਕੀ ਵੱਲੋਂ ਬਖ਼ਸ਼ੀ ਹੋਈ ਗੋਦੜੀ ਦਰੱਖ਼ਤ ਤੇ ਟੰਗ ਦਿੱਤੀ ਅਤੇ ਆਪ ਖਾਣ-ਪੀਣ ਦਾ ਸਮਾਨ ਲੈਣ ਚਲੇ ਗਏ। ਉਸ ਵੇਲੇ ਇੱਥੋਂ ਦੇ ਰਾਜੇ ਮੋਕਲਹਰ ਵੱਲੋਂ ਕਿਲ੍ਹੇ ਦੀ ਉਸਾਰੀ ਕਰਵਾਈ ਜਾ ਰਹੀ ਸੀ। ਰਾਜੇ ਦੇ ਮੁਲਾਜਮਾਂ (ਅਹਿਲਕਾਰਾਂ) ਵੱਲੋਂ ਬਾਬਾ ਫ਼ਰੀਦ ਜੀ ਨੂੰ ਫੜ ਕੇ ਵਗਾਰ ਵਿੱਚ ਲਾ ਲਿਆ ਅਤੇ ਉਹ ਕਿਲੇ੍ਹ ਦੀ ਉਸਾਰੀ ਵਿੱਚ ਗਾਰਾ ਫੜ੍ਹਾਉਣ ਲਗੇ।   ਅਚਾਨਕ ਰਾਜੇ ਦੀ ਨਿਗ੍ਹਾ ਬਾਬਾ ਫ਼ਰੀਦ ਜੀ ਤੇ ਪਈ। ਉਹਨਾਂ ਦੇਖਿਆ ਕਿ ਜਦੋਂ ਬਾਬਾ ਜੀ ਗਾਰੇ ਦੇ ਟੋਕਰੇ ਚੁੱਕਦੇ ਹਨ ਤਾਂ ਟੋਕਰਾ (ਬੱਨਲ/ਤਸਲਾ) ਉਹਨਾਂ ਦੇ ਸਿਰ ਤੋਂ ਰੱਬੀ ਸ਼ਕਤੀ ਨਾਲ ਆਪਣੇ ਆਪ ਉੱਚਾ ਹੋ ਜਾਂਦਾ ਸੀ ਅਤੇ ਟੋਕਰੇ ਦਾ ਭਾਰ ਉਹਨਾਂ ਦੇ ਸਿਰ ’ਤੇ ਨਹੀਂ ਆਉਂਦਾ ਸੀ। ਇਹ ਕੌਤਕ ਦੇਖ ਕੇ ਰਾਜਾ ਸਮਝ ਗਿਆ ਕਿ ਇਹ ਕੋਈ ਫ਼ਕੀਰ ਹਨ। ਉਸ ਨੇ ਬਾਬਾ ਫ਼ਰੀਦ ਜੀ ਦੇ ਚਰਨ (ਪੈਰ) ਫੜ ਕੇ ਮੁਆਫ਼ੀ ਮੰਗੀ।    ਬਾਬਾ ਫ਼ਰੀਦ ਵਗਾਰ ਵਿੱਚ ਫੜੇ ਹੋਏ ਗ਼ਰੀਬ ਲੋਕਾਂ ਨੂੰ ਰਿਹਾਅ ਕਰਵਾਉਣ ਉਪਰੰਤ ਜਦ ਮੁੜ ਛੱਪੜੀ ਦੇ ਕਿਨਾਰੇ ਪਹੁੰਚੇ ਤਾਂ ਕੁਝ ਮੁੰਡੇ ਬਾਬਾ ਜੀ ਦੀ ਗੋਦੜੀ ਦੀ ਖੁੱਦੋ (ਗੇਂਦ) ਬਣਾ ਕੇ ਖੇਡ ਰਹੇ ਸਨ। ਬਾਬਾ ਜੀ ਨੇ ਆਪਣੇ ਗੁਰੂ ਵੱਲੋਂ ਬਖ਼ਸ਼ੀ ਗੋਦੜੀ ਤੋਂ ਵੱਖ ਹੋਣ ਦੀ ਭੁੱਲ ਨੂੰ ਬਖ਼ਸ਼ਾਉਣ ਲਈ 40 ਦਿਨ ਚਲੀਹਾ ਕੱਟਿਆ। ਬਾਅਦ ਵਿੱਚ ਇਸ ਅਸਥਾਨ ਦਾ ਨਾਂ ‘ਗੋਦੜੀ ਸਾਹਿਬ’ ਪੈ ਗਿਆ, ਜਿੱਥੇ ਲੋਕ ਆ ਕੇ ਨਤਮਸਤਕ ਹੁੰਦੇ ਹਨ ਅਤੇ ਮਨ-ਇੱਛਤ ਕਾਮਨਾਵਾਂ ਪੂਰੀਆਂ ਕਰਦੇ ਹਨ।
ਇਸ ਪਿੱਛੋਂ ਰਾਜਾ ਮੋਕਲਹਰ ਨੇ ਆਪਣਾ ਨਾਂ ਹਟਾ ਕੇ ਦਰਵੇਸ਼/ਫ਼ਕੀਰ ਦੇ ਨਾਂ ਤੇ ਨਗਰ ਦਾ ਨਾਂ ‘ਫ਼ਰੀਦਕੋਟ’ ਰੱਖ ਦਿੱਤਾ। ਇਸ ਸ਼ਹਿਰ ਨੂੰ ਬਾਬਾ ਫ਼ਰੀਦ ਜੀ ਦੇ ਸ਼ਹਿਰ ਫ਼ਰੀਦਕੋਟ ਵਜੋਂ ਜਾਣਿਆ ਜਾਂਦਾ ਹੈ। ਫ਼ਰੀਦਕੋਟ ਵਿੱਚ ਗੁਰਦੁਆਰਾ ਟਿੱਲਾ ਬਾਬਾ ਸ਼ੇਖ਼ ਫ਼ਰੀਦ ਜੀ ਦਾ ਗੁਰਦੁਆਰਾ ਸਥਿਤ ਹੈ ਜੋ ਅੱਜ ਸੰਸਾਰ ਭਰ ਵਿੱਚ ਪ੍ਰਸਿੱਧ ਹੈ। ਉਹ ਵਣ ਦਾ ਦਰੱਖ਼ਤ ਜਿਸ ਨਾਲ ਬਾਬਾ ਫ਼ਰੀਦ ਜੀ ਨੇ ਗਾਰੇ ਦੀ ਟੋਕਰੀ ਚੁੱਕਦੇ ਸਮੇਂ ਆਪਣੇ ਗਾਰੇ ਨਾਲ ਲਿੱਬੜੇ ਹੋਏ ਹੱਥ ਪੂੰਝੇ (ਸਾਫ਼ ਕੀਤੇ) ਸਨ। ਬਾਬਾ ਜੀ ਦੇ ਇਸ ਅਸਥਾਨ ਤੇ ਪਿਛਲੇ ਸੈਂਕੜੇ ਸਾਲਾਂ ਤੋਂ ਜੋਤ ਲਗਾਤਾਰ ਜਲ ਰਹੀ ਹੈ। ਇਸ ਅਸਥਾਨ ਤੇ ਹਰ ਵੀਰਵਾਰ ਨੂੰ ਵੱਡੀ ਤਾਦਾਦ ਵਿੱਚ ਸੰਗਤਾਂ ਪਹੁੰਚਦੀਆਂ ਹਨ। ਸੰਗਤਾਂ ਵੱਲੋਂ ਨਮਕ, ਝਾੜੂ, ਅਤੇ ਮਿਸ਼ਰੀ ਦਾ ਪ੍ਰਸ਼ਾਦ ਚੜ੍ਹਾਏ ਜਾਂਦੇ ਹਨ। ਸਵੇਰ ਤੋਂ ਰਾਤ ਤੱਕ ਰਾਗੀ, ਢਾਡੀ, ਪ੍ਰਚਾਰਕ ਗੁਰੂ ਜਸ ਦੁਆਰਾ ਸੰਗਤਾਂ ਨੂੰ ਨਿਹਾਲ ਕਰਦੇ ਹਨ। ਗੁਰੂ ਕਾ ਲੰਗਰ ਅਤੁੱਟ ਵਰਤਦਾ ਹੈ। ਬਾਜ਼ਾਰ ਵਿੱਚ ਵੀ ਖ਼ੂਬ ਚਹਿਲ-ਪਹਿਲ ਹੁੰਦੀ ਹੈ।
ਬਾਬਾ ਫ਼ਰੀਦ ਜੀ ਇੱਕ ਧਾਰਮਿਕ ਸ਼ਖ਼ਸੀਅਤ ਸਨ। ਪਰ ਅਜੋਕੇ ਸਮੇਂ ਵਿੱਚ ਬਾਬਾ ਫ਼ਰੀਦ ਜੀ ਦੇ ਨਾਂ ’ਤੇ ਅਨੇਕਾਂ ਸੰਸਥਾਵਾਂ ਫ਼ਰੀਦਕੋਟ ਵਿੱਚ ਹੀ ਨਹੀਂ ਸਗੋਂ ਆਲੇ ਦੁਆਲੇ ਦੇ ਪਿੰਡਾਂ, ਸ਼ਹਿਰਾਂ ਵਿੱਚ ਵੀ ਬਣ ਚੁੱਕੀਆਂ ਹਨ। ਗੁਰਦੁਆਰਾ ਗੋਦੜੀ ਸਾਹਿਬ, ਬਾਬਾ ਫ਼ਰੀਦ ਸੁਸਾਇਟੀ, ਟਿੱਲਾ ਬਾਬਾ ਫ਼ਰੀਦ, ਬਾਬਾ ਫ਼ਰੀਦ ਹੈਲਥ ਯੂਨੀਵਰਸਿਟੀ, ਬਾਬਾ ਫ਼ਰੀਦ ਸੱਭਿਆਚਾਰਕ ਕੇਂਦਰ, ਬਾਬਾ ਫ਼ਰੀਦ ਪਬਲਿਕ ਸਕੂਲ, ਬਾਬਾ ਫ਼ਰੀਦ ਹਾਕੀ, ਫੁੱਟਬਾਲ, ਕਬੱਡੀ, ਬਾਸਕਟਬਾਲ ਕਲੱਬਾਂ, ਬਾਬਾ ਫ਼ਰੀਦ ਆਰਟ ਸੁਸਾਇਟੀ, ਬਾਬਾ ਫ਼ਰੀਦ ਕੁਸ਼ਤੀ ਅਖਾੜਾ ਆਦਿ ਬਾਬਾ ਫ਼ਰੀਦ ਜੀ ਦੇ ਨਾਂ ਤੇ ਫ਼ਰੀਦਕੋਟ ਵਿਖੇ ਸਥਾਪਿਤ ਹਨ। ਬਾਬਾ ਫ਼ਰੀਦ ਸੁਸਾਇਟੀ ਦੇ ਪ੍ਰਧਾਨ ਸ੍ਰ: ਇੰਦਰਜੀਤ ਸਿੰਘ ਖ਼ਾਲਸਾ ਹਨ। ਇਹਨਾਂ ਦੇ ਉੱਦਮ ਸਦਕਾ ਹੀ ਸੰਨ 1979 ਈਸਵੀ ਤੋਂ ਬਾਬਾ ਫ਼ਰੀਦ ਜੀ ਦੇ ਆਗਮਨ ਪੁਰਬ ਦੀ ਖ਼ੁਸ਼ੀ ਵਿੱਚ ਮੇਲਾ ਮਨਾਉਣਾ ਸ਼ੁਰੂ ਕੀਤਾ ਗਿਆ।

 

ਕਰਨੈਲ ਸਿੰਘ ਐੱਮ.ਏ.ਲੁਧਿਆਣਾ
#1138/63-ਏ, ਗੁਰੂ ਤੇਗ਼ ਬਹਾਦਰ ਨਗਰ
ਗਲੀ ਨੰਬਰ-1, ਚੰਡੀਗੜ੍ਹ ਰੋਡ
ਜਮਾਲਪੁਰ, ਲੁਧਿਆਣਾ
5mail- karnailSinghma0gmail.com