ਲੁਧਿਆਣਾ , 23 ਸਤੰਬਰ (ਜਨ ਸ਼ਕਤੀ ਨਿਊਜ਼ ਬਿਊਰੋ ) ਜ਼ਿੰਦਗੀ ਦੇ ਪੰਧ ਨੂੰ ਬਹੁੱਤ ਹੀ ਸਿਰੜ ਤੇ ਅਣਥੱਕ ਕਦਮਾਂ ਨਾਲ ਸਮੇਟਣ ਵਾਲੇ ਕਾਮਰੇਡ ਰਣਜੋਧ ਸਿੰਘ ਲਲਤੋਂ ਜੋ ਪਿਛਲੇ ਦਿਨੀ ਸਦੀਵੀ ਵਿਛੋੜਾ ਦੇ ਗਏ ਸਨ , ਦਾ ਸ਼ਰਧਾਂਜਲੀ ਸਮਾਗਮ ਉਹਨਾਂ ਦੇ ਜੱਦੀ ਪਿੰਡ ਲਲਤੋਂ ਖੁਰਦ ਵਿੱਖੇ ਕੀਤਾ ਗਿਆ।ਇਸ ਸਮਾਗਮ ਦੀ ਰਿਪੋਰਟ ਪ੍ਰੈਸ ਨਾਲ ਸਾਂਝੀ ਕਰਦਿਆਂ ਤਰਕਸ਼ੀਲ ਆਗੂ ਜਸਵੰਤ ਜੀਰਖ ਨੇ ਦੱਸਿਆ ਗਿਆ ਕਿ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਪ੍ਰਧਾਨ ਪ੍ਰੋ ਜਗਮੋਹਨ ਸਿੰਘ ਨੇ ਕਿਹਾ ਕਿ ਕਿਸੇ ਵਿਅਕਤੀ ਦਾ ਸਰਧਾਂਜਲੀ ਸਮਾਗਮ ਅਸਲ ਵਿੱਚ ਉਸ ਦੀਆਂ ਸਮਾਜ ਪ੍ਰਤੀ ਪ੍ਰਾਪਤੀਆਂ ਨੂੰ ਜਾਨਣ ਦਾ ਸਮਾਂ ਹੁੰਦਾ ਹੈ , ਜਿਹਨਾਂ ਨੂੰ ਜਾਣਕੇ ਉਹਨਾਂ ਨੂੰ ਅੱਗੇ ਟੋਰਨ ਦੀ ਲੋੜ ਹੁੰਦੀ ਹੈ। ਉਹਨਾਂ ਮਨੁੱਖ ਦੀ ਨਿਰਬਲਤਾ ਨੂੰ ਗੁਲਾਮੀ ਵਿੱਚ ਜੀਣ ਦਾ ਮੁੱਖ ਕਾਰਣ ਦੱਸਦਿਆਂ ਕਿਹਾ , ਕਿ ਇਸ ਨਿਰਬਲਤਾ ਨੂੰ ਸਿਰਫ ਮਨੁੱਖੀ ਜੱਥੇਬੰਦਕ ਤਾਕਤ ਨਾਲ ਹੀ ਖਤਮ ਕੀਤਾ ਜਾ ਸਕਦਾ ਹੈ। ਦੋ ਸਾਲ ਪਹਿਲਾਂ ਦਿੱਲੀ ਵਿੱਖੇ ਚੱਲੇ ਕਿਸਾਨੀ ਸੰਘਰਸ਼ ਦੀ ਉਦਾਹਰਣ ਦਿੰਦਿਆਂ ਉਹਨਾਂ ਸਪਸਟ ਕੀਤਾ ਕਿ ਇਸ ਤਰ੍ਹਾਂ ਦੇ ਲੋਕ ਬਲ ਦੀ ਵਰਤੋਂ ਨਾਲ ਵੱਡੇ ਵੱਡੇ ਹੈਂਕੜ ਬਾਜ਼ਾਂ ਨੂੰ ਭਾਂਜ ਦਿੱਤੀ ਜਾ ਸਕਦੀ ਹੈ, ਜੋ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ।ਮਾ ਜਸਦੇਵ ਲਲਤੋਂ ਨੇ ਕਾ ਰਣਜੋਧ ਸਿੰਘ ਦੇ ਸਮੁੱਚੇ ਜੀਵਨ ਤੇ ਝਾਤ ਮਾਰਵਾਉਂਦਿਆਂ ਦੱਸਿਆ ਕਿ ਕਿਵੇਂ ਉਹਨਾਂ ਭਰ ਜਵਾਨੀ ਦੀ ਉਮਰ ਵਿੱਚ ਦੱਬੇ ਕੁਚਲੇ ਲੋਕਾਂ ਦੇ ਹੱਕ ਵਿੱਚ ਉੱਠੀ ਮਹਾਨ ਕ੍ਰਾਂਤੀਕਾਰੀ ਲਹਿਰ ਨਕਸਲਬਾੜੀ ਵਿੱਚ ਸਿਰੜੀ ਸਿਪਾਹੀ ਵਜੋਂ ਅਹਿਮ ਭੂਮਿਕਾ ਨਿਭਾਕੇ ਸਮਾਜ ਵਿੱਚ ਹੱਕ , ਇਨਸਾਫ਼ ਅਤੇ ਬਰਾਬਰਤਾ ਵਾਲਾ ਸਮਾਜ ਬਣਾਉਣ ਲਈ ਕਈ ਸੰਘਰਸ਼ਾਂ ਵਿੱਚ ਅਹਿਮ ਭੂਮਿਕਾ ਨਿਭਾਈ।ਇਸੇ ਪਿੰਡ ਦੇ ਜੰਮ-ਪਲ ਗ਼ਦਰ ਪਾਰਟੀ ਦੇ ਆਗੂ ਬਾਬਾ ਗੁਰਮੁਖ ਸਿੰਘ ਲਲਤੋਂ ਅਤੇ ਬਾਬਾ ਬੂਝਾ ਸਿੰਘ ਵਰਗੇ ਮਹਾਨ ਇਨਕਲਾਬੀਆਂ ਦੀ ਪ੍ਰੇਰਣਾ ਲੈ ਕੇ ਇੱਕ ਸੱਚੇ ਸੁੱਚੇ ਅਤੇ ਸਿੱਦਕ ਦਿਲੀ ਵਾਲੇ ਮਨੁੱਖ ਵਜੋਂ ਜ਼ਿੰਦਗੀ ਜਿਉਂਦਿਆਂ ਅੰਤ ਤੱਕ ਇੱਕ ਯੋਧੇ ਦੇ ਤੌਰ ਤੇ ਵਿਚਰਦੇ ਰਹੇ।ਉਹਨਾਂ ਪ੍ਰਵਾਰ ਵੱਲੋਂ , ਇਸ ਸਮਾਗਮ ਵਿੱਚ ਆਈਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ ਜਿਹਨਾਂ ਵਿੱਚ ਮੋਲਡਰ ਤੇ ਸਟੀਲ ਵਰਕਰਜ ਯੂਨੀਅਨ ਦੇ ਹਰਜਿੰਦਰ ਸਿੰਘ, ਦਲਜੀਤ ਸਿੰਘ, ਜੋਰਾ ਸਿੰਘ ਪ੍ਰਧਾਨ ਗ਼ਦਰੀ ਬਾਬਾ ਗੁਰਮਖ ਸਿੰਘ ਯਾਦਗਾਰ ਕਮੇਟੀ,ਇਨਕਲਾਬੀ ਲੇਖਿਕ ਉਜਾਗਰ ਲਲਤੋਂ . ਮਨਪ੍ਰੀਤ ਸਿੰਘ ਸਕੱਤਰ,ਉਜਾਗਰ ਸਿੰਘ ਬੱਦੋਵਾਲ ਕਾਮਾਗਾਟਾ ਯਾਦਗਾਰ ਕਮੇਟੀ, ਕਾਮਰੇਡ ਤਰਸੇਮ ਯੋਧਾਂ, ਜਸਵੰਤ ਜੀਰਖ ਆਗੂ ਜਮਹੂਰੀ ਅਧਿਕਾਰ ਸਭਾ ਅਤੇ ਤਰਕਸ਼ੀਲ ਸੁਸਾਇਟੀ, ਬਲਵਿੰਦਰ ਸਿੰਘ ਮੁੱਖੀ ਲੁਧਿਆਣਾ ਯੂਨਿਟ, ਆਤਮਾ ਸਿੰਘ ਵਿੱਤ ਮੁੱਖੀ,ਰਾਜਿੰਦਰ ਸਿੰਘ ਆਗੂ ਪੈਨਸ਼ਨਰ ਯੂਨੀਅਨ, ਡਾ ਅਜੀਤ ਰਾਮ ਝਾਂਡੇ ਆਗੂ ਜਮਹੂਰੀ ਕਿਸਾਨ ਸਭਾ, ਤਰਲੋਚਨ ਝਾਂਡੇ ਕੇਂਦਰੀ ਲੇਖਿਕ ਸਭਾ, ਪ੍ਰੋ ਏ ਕੇ ਮਲੇਰੀ ਸੂਬਾ ਉੱਪ ਪ੍ਰਧਾਨ ਜਮਹੂਰੀ ਅਧਿਕਾਰ ਸਭਾ, ਡਾ ਮੋਹਨ ਸਿੰਘ, ਮਾ ਸੁਰਜੀਤ ਸਿੰਘ ਸਮੇਤ ਪਿੰਡ ਵਾਸੀ ਅਤੇ ਰਿਸ਼ਤੇਦਾਰ ਸ਼ਾਮਲ ਸਨ।
ਇੱਕ ਇਨਕਲਾਬੀ ਮਜਾਹਰੇ ਦੀ ਅਗਵਾਈ ਕਰ ਰਹੇ ਸਾਥੀ ਰਣਜੋਧ ਸਿੰਘ ਲਲਤੋਂ ਸਭ ਤੋਂ ਅੱਗੇ ਜਾਂਦੇ ਹੋਏ