You are here

ਕਰਤਾਰਪੁਰ ਲਾਂਘਾ ਸਮੇਂ ਸਿਰ ਮੁਕੰਮਲ ਕਰੇਗੀ ਸਰਕਾਰ- ਅਮਿਤ ਸ਼ਾਹ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਮੋਦੀ ਸਰਕਾਰ ਕਰਤਾਰਪੁਰ ਲਾਂਘੇ ਦੀ ਉਸਾਰੀ ਦਾ ਕੰਮ ਨਿਰਧਾਰਿਤ ਸਮੇਂ ਵਿੱਚ ਮੁਕੰਮਲ ਕਰਨ ਲਈ ਵਚਨਬੱਧ ਹੈ।  ਗ੍ਰਹਿ ਮੰਤਰੀ ਨੇ ਕਰਤਾਰਪੁਰ ਲਾਂਘੇ ਨੂੰ ਖੋਲ੍ਹਣ ਬਾਰੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਪੰਜਾਬ ਦੇ ਗੁਰਦਾਸਪੁਰ ਵਿੱਚ ਜ਼ੀਰੋ ਪੁਆਇੰਟ ’ਤੇ ਤਕਨੀਕੀ ਕਮੇਟੀ ਦੀ ਬੀਤੇ ਦਿਨ ਹੋਈ ਮੀਟਿੰਗ ਮਗਰੋਂ ਅੱਜ ਇਹ ਭਰੋਸਾ ਦਿੱਤਾ ਹੈ। ਸਿੱਖ ਭਾਈਚਾਰੇ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਪਵਿੱਤਰ ਦਿਹਾੜੇ ਦੀ ਵਧਾਈ ਦਿੰਦਿਆਂ ਸ਼ਾਹ ਨੇ ਆਸ ਪ੍ਰਗਟਾਈ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹਰੇਕ ਦਾ ਮਾਰਗ-ਦਰਸ਼ਨ ਕਰਦਾ ਰਹੇਗਾ ਅਤੇ ਰਾਸ਼ਟਰ ਦੀ ਸੇਵਾ ਕਰਨ ਦੀ ਸਮਰੱਥਾ ਬਖ਼ਸ਼ੇਗਾ। ਉਨ੍ਹਾਂ ਟਵੀਟ ਕੀਤਾ, ‘‘ਮੈਂ ਮੁੜ ਦੁਹਰਾਉਂਦਾ ਹਾਂ ਕਿ ਕਰਤਾਰਪੁਰ ਲਾਂਘੇ ਨੂੰ ਸਮੇਂ ਸਿਰ ਮੁਕੰਮਲ ਕਰਨ ਲਈ ਮੋਦੀ ਸਰਕਾਰ ਵਚਨਬੱਧ ਹੈ।’’ ਗ੍ਰਹਿ ਮੰਤਰੀ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਭਾਈਚਾਰਕ ਸਾਂਝ, ਅਮਨ-ਸ਼ਾਂਤੀ ਅਤੇ ਹੱਕ-ਸੱਚ ਦੇ ਮਾਰਗ ’ਤੇ ਚੱਲ ਕੇ ਜ਼ਿੰਦਗੀ ਜਿਊਣ ਦਾ ਸੁਨੇਹਾ ਦਿੰਦੀ ਹੈ। ਇਸ ਲਾਂਘੇ ਰਾਹੀਂ ਭਾਰਤੀ ਸਿੱਖ ਸ਼ਰਧਾਲੂ ਬਿਨਾਂ ਵੀਜ਼ਾ ਤੋਂ ਕਰਤਾਰਪੁਰ ਸਾਹਿਬ ਆ-ਜਾ ਸਕਣਗੇ। ਉਨ੍ਹਾਂ ਨੂੰ ਕੇਵਲ ਪਰਮਿਟ ਲੈਣ ਦੀ ਲੋੜ ਹੋਵੇਗੀ।