ਪੰਜਾਬ ਏਡਜ਼ ਕੰਟਰੋਲ ਇੰਪਲਾਈਜ ਵੈਲਫੇਅਰ ਐਸੋਸੀਏਸ਼ਨ ਵਲੋਂ 15 ਅਗਸਤ ਨੂੰ ਪਟਿਆਲਾ 'ਚ ਰੋਸ ਪ੍ਰਦਰਸ਼ਨ ਦਾ ਐਲਾਨ 

ਲੁਧਿਆਣਾ, 06 ਅਗਸਤ ( ਟੀ. ਕੌਰ ) ਸਿਹਤ ਕਰਮਚਾਰੀਆਂ ਦੀ ਸਿਰਮੌਰ ਜਥੇਬੰਦੀ ਪੰਜਾਬ ਏਡਜ਼ ਕੰਟਰੋਲ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ  (ਸਿਹਤ ਵਿਭਾਗ )ਵੱਲੋਂ ਆਪਣੀਆਂ ਜਾਇਜ ਹੱਕੀ ਅਤੇ ਚਿਰਾਂ ਤੋਂ ਲੰਬਿਤ ਪਈਆਂ ਮੰਗਾਂ ਪੂਰੀਆਂ ਕਰਵਾਉਣ ਲਈ 15 ਅਗਸਤ ਨੂੰ ਪਟਿਆਲਾ ਵਿਖੇ ਅਜਾਦੀ ਜਸ਼ਨ ਮੌਕੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ l  ਜਥੇਬੰਦੀ ਦੇ ਸੂਬਾ ਪ੍ਰਧਾਨ ਜਸਮੇਲ ਸਿੰਘ ਦਿਓਲ ਨੇ ਦੱਸਿਆ ਕਿ ਸੂਬਾ ਪੱਧਰੀ ਹੋਈ ਮੀਟਿੰਗ ਵਿਚ ਪੰਜਾਬ ਭਰ ਦੇ ਆਗੂਆਂ ਵਲੋਂ ਸਰਬਸੰਮਤੀ ਨਾਲ ਉਕਤ ਫੈਸਲਾ ਲਿਆ ਗਿਆ। ਸੂਬਾ ਪ੍ਰਧਾਨ ਦਿਓਲ ਨੇ ਦੱਸਿਆ ਕਿ ਚੋਣਾਂ ਤੋਂ ਬਾਅਦ ਹੁਣ ਤੱਕ ਸਰਕਾਰ ਜਥੇਬੰਦੀ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਵਿੱਚ ਨਾਕਾਮ ਰਹੀ ਹੈ l ਫਰਵਰੀ 22  ਦੀਆਂ ਚੋਣਾਂ , ਸੰਗਰੂਰ ਅਤੇ ਜਲੰਧਰ ਜ਼ਿਮਨੀ  ਚੋਣਾਂ ਵਿੱਚ ਕੀਤੇ ਵਾਅਦਿਆਂ ਨੂੰ ਪੂਰਾ ਕਰਨਾ ਤੇ ਇੱਕ ਪਾਸੇ  ਇੱਕ ਮੀਟਿੰਗ ਕਰਨ ਲਈ ਵੀ ਮੁੱਖ ਮੰਤਰੀ ਦੇ ਨਿਵਾਸ ਸਥਾਨ  'ਤੇ ਗੇੜੇ ਮਾਰ ਮਾਰ ਥੱਕ ਚੁੱਕੇ ਹਾਂ l ਇਸ ਮੌਕੇ ਸੂਬਾ ਜਨਰਲ ਸਕੱਤਰ ਗੁਰਜੰਟ ਸਿੰਘ , ਸ਼ਾਮ ਲਾਲ ਸੈਣੀ ਅਤੇ ਪ੍ਰਮੁੱਖ ਸਲਾਹਕਾਰ ਮਹਿੰਦਰ ਪਾਲ ਸਿੰਘ ਪਟਿਆਲਾ (ਸਾਬਕਾ ਪ੍ਰਧਾਨ ) ਨੇ ਕਿਹਾ ਕਿ ਜੇਕਰ ਸਰਕਾਰ ਸਾਡੇ ਹਰ ਮੁਹਾਜ ਤੇ ਖਰੇ ਉਤਰਨ ਵਾਲੇ ਸਮੂਹ  ਕਰਮਚਾਰੀਆਂ ਨੂੰ ਬਿਨਾਂ ਸ਼ਰਤ ਰੈਗੂਲਰ ਕਰਨ , ਦਿੱਲੀ ਤਰਜ ਤੇ ਅਪ੍ਰੈਲ 2022 ਤੋਂ ਤਨਖਾਹ ਵਿੱਚ 20% ਵਾਧਾ , 2 ਸਾਲਾਂ ਤੋਂ ਬੰਦ ਪਈਆ ਬਦਲੀਆਂ ਬਹਾਲ ਕਰਨ , ਅੱਧੇ ਦਿਨ ਦੀ ਅਚਨਚੇਤ ਛੁੱਟੀ ਬਹਾਲ ਕਰਨ , ਸਿਰਫ ਪੰਜਾਬ ਵਿੱਚ ਵਿਭਾਗ ਵੱਲੋਂ ਇੱਕ ਦਿਨ ਦੀ ਬ੍ਰੇਕ ਦੀ ਕੱਟੀ ਤਨਖਾਹ ਰਿਲੀਜ ਕਰਨ , ਤਨਖਾਹਾਂ ਵਿੱਚ ਇਕਸਾਰਤਾ, ਵਿਭਾਗ ਦੁਆਰਾ ਕਰਮਚਾਰੀਆਂ ਦੀਆਂ ਮੰਗਾਂ ਪ੍ਰਤੀ ਵਰਤੀ ਜਾ ਰਹੀ ਲਾਪ੍ਰਵਾਹੀ  ਅਤੇ ਹੋਰ ਕਈ ਵਿਭਾਗੀ ਮੰਗਾਂ ਲਈ ਸਹਿਮਤੀ ਹੋਣ ਦੇ ਬਾਵਜੂਦ ਵੀ ਅੱਜ ਤੱਕ ਲਾਗੂ ਨਾ ਕਰਨ ਦੇ ਰੋਸ ਵਜੋਂ ਇਹ ਪ੍ਰਦਰਸ਼ਨ ਕਰਨ ਦਾ ਫੈਸਲਾ ਮਜਬੂਰ ਹੋ ਕੇ ਲਿਆ ਜਾ ਰਿਹਾ ਹੈ l ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਦਿੱਤੀਆਂ ਮੀਟਿੰਗਾਂ ਮਹਿਜ  ਤਸਵੀਰਾਂ ਕਰਵਾਉਣ ਤੱਕ ਸੀਮਿਤ ਹੋ ਕੇ ਰਹਿ ਗਈਆਂ ਹਨ, ਜਦ ਹਕੀਕਤ ਵਿੱਚ ਕੁਝ ਵੀ ਨਹੀਂ ਹੋ ਰਿਹਾ l ਉਹਨਾਂ  ਅਧਿਆਪਕਾਂ ਨੂੰ ਦਿੱਤੇ ਆਰਡਰਾਂ ਵਿੱਚ ਵੀ ਰੈਗੂਲਰ ਸ਼ਬਦ ਦਾ ਜਿਕਰ ਤੱਕ ਵੀ ਨਾ ਹੋਣ ਦੀ ਨਿਖੇਧੀ ਕਰਦਿਆਂ ਕਿਹਾ ਕਿ ਅਸੀਂ ਅੱਜ ਤੱਕ ਹਰ ਮੁਹਾਜ  'ਤੇ ਸਰਕਾਰ ਦੀ ਮੱਦਦ ਕੀਤੀ ਪਰ ਅੱਜ ਤੱਕ ਕੋਈ ਵੀ ਮੰਗ ਪੂਰੀ ਨਾ ਹੋਣ ਕਾਰਨ ਮਜਬੂਰਨ ਇਹ ਕਦਮ ਉਠਾਇਆ ਹੈ l ਇਸ ਸਮੇਂ ਪੰਜਾਬ ਭਰ ਤੋਂ ਪਹੁੰਚੇ ਕਰਮਚਾਰੀਆਂ ਨੇ ਸਰਕਾਰ ਪ੍ਰਤੀ ਰੋਸ ਜਾਹਿਰ ਕਰਦਿਆਂ ਕਿਹਾ ਕਿ ਸਰਕਾਰ ਲਈ ਇਹ ਪ੍ਰਦਰਸ਼ਨ ਸੰਕੇਤਕ ਹੈ ਇਸ ਉਪਰੰਤ ਸਮੂਹ ਕਰਮਚਾਰੀ ਕੰਮ ਠੱਪ ਕਰਨ ਲਈ ਮਜਬੂਰ ਹੋਣਗੇ, ਜਿਸਦੀ ਜਿੰਮੇਵਾਰੀ ਸਰਕਾਰ ਅਤੇ ਵਿਭਾਗ ਦੀ ਹੋਵੇਗੀ l