ਜੱਥੇਬੰਦੀਆਂ ਵਲੋਂ "ਇੱਕ ਕੋਰ ਕਮੇਟੀ" ਅਤੇ "ਅੱਠ ਪ੍ਰਬੰਧਕੀ ਗਰੁੱਪਾਂ" ਦਾ ਗਠਨ 

" ਭਗਵੰਤ ਮਾਨ ਸਰਕਾਰ" ਅੰਨੀ ਤੇ ਬੋਲ਼ੀ - ਕੋਰ ਕਮੇਟੀ --- ਅਣਮਿਥੇ ਸਮੇਂ ਦਾ ਧਰਨਾ 502ਵੇਂ ਦਿਨ ਵੀ ਜਾਰੀ! 

ਜਗਰਾਉਂ, 06 ਅਗਸਤ (ਕੁਲਦੀਪ ਸਿੰਘ ਕੋਮਲ/ਮੋਹਿਤ ਗੋਇਲ ) ਬੀਤੇ ਕੱਲ੍ਹ ਧਰਨਾਕਾਰੀ ਜੱਥੇਬੰਦੀਆਂ ਦੇ ਪ੍ਰਮੁੱਖ ਆਗੂਆਂ ਨੇ ਸਥਾਨਕ ਥਾਣੇ ਮੂਹਰੇ ਚੱਲ ਰਹੇ ਪੱਕੇ ਮੋਰਚੇ 'ਚ 502ਵੇਂ ਦਿਨ ਇੱਕ ਵਿਸੇਸ਼ ਮੀਟਿੰਗ ਕਰਕੇ ਕੌਮੀ ਅਨੁਸੂਚਿਤ ਜਾਤੀਆਂ ਕਮਿਸ਼ਨ ਦਿੱਲੀ ਦੇ ਹੁਕਮਾਂ ਨੂੰ ਲਾਗੂ ਕਰਵਾਉਣ ਅਤੇ ਮੋਰਚੇ ਨੂੰ ਯੋਜਨਾਬੱਧ ਢੰਗ ਨਾਲ ਚਲਾਉਣ ਲਈ ਇੱਕ "ਕੋਰ ਕਮੇਟੀ" ਅਤੇ "ਅੱਠ ਪ੍ਰਬੰਧਕੀ ਗਰੁੱਪਾਂ" ਦਾ ਗਠਨ ਕੀਤਾ ਗਿਆ ਹੈ। ਪ੍ਰੈਸ ਨੂੰ ਜਾਰੀ ਬਿਆਨ 'ਚ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ(ਰਜ਼ਿ) ਦੇ ਜਨਰਲ ਸਕੱਤਰ ਜਸਦੇਵ ਸਿੰਘ ਲਲਤੋਂ, ਕਿਸਾਨ ਸਭਾ ਦੇ ਅਾਗੂ ਨਿਰਮਲ ਸਿੰਘ ਧਾਲੀਵਾਲ, ਸਤਿਕਾਰ ਕਮੇਟੀ ਦੇ ਪ੍ਰਧਾਨ ਜਸਪ੍ਰੀਤ ਸਿੰਘ ਢੋਲ਼ਣ, ਸਾਧੂ ਸਿੰਘ ਅੱਚਰਵਾਲ, ਸੁਖਦੇਵ ਸਿੰਘ ਚਕਰ ਨੇ ਦੱਸਿਆ ਕਿ ਪੀੜ੍ਹਤ ਪਰਿਵਾਰ ਨੂੰ ਨਿਆਂ ਦਿਵਾਉਣ ਲਈ ਸੰਘਰਸ਼ੀ ਆਗੂਆਂ ਵਲੋਂ ਤਰਲੋਚਨ ਸਿੰਘ ਝੋਰੜਾਂ, ਜਸਦੇਵ ਸਿੰਘ ਲਲਤੋਂ, ਅਵਤਾਰ ਸਿੰਘ ਰਸੂਲਪੁਰ, ਜਗਦੀਸ਼ ਸਿੰਘ ਕੌਂਕੇ, ਗੁਰਦੇਵ ਸਿੰਘ ਮੁੱਲਾਂਪੁਰ, ਗੁਰਦਿਆਲ ਸਿੰਘ ਤਲਵੰਡੀ, ਸਾਧੂ ਸਿੰਘ ਅੱਚਰਵਾਲ, ਜਸਪ੍ਰੀਤ ਸਿੰਘ ਢੋਲ਼ਣ, ਨਿਰਮਲ ਸਿੰਘ ਧਾਲੀਵਾਲ, ਦਲੀਪ ਸਿੰਘ ਚਕਰ, ਸੁਖਦੇਵ ਸਿੰਘ ਮਾਣੂੰਕੇ ਆਦਿ ਆਗੂਆਂ ਦੀ 11 ਮੈਂਬਰੀ "ਕੋਰ ਕਮੇਟੀ" ਦਾ ਬਣਾਈ ਗਈ ਹੈ। ਇਸ ਇਲਾਵਾ 8 ਪ੍ਰਬੰਧਕੀ ਗਰੁੱਪਾਂ ਦਾ ਗਠਨ ਵੀ ਕੀਤਾ ਗਿਆ ਹੈ। ਇਸ ਸਬੰਧੀ ਵੇਰਵਾ ਦਿੰਦਿਆਂ ਕੋਰ ਕਮੇਟੀ ਦੇ ਮੁਖੀ ਤਰਲੋਚਨ ਸਿੰਘ ਝੋਰੜਾਂ ਅਤੇ ਸਹਿ ਮੁਖੀ ਜਸਦੇਵ ਸਿੰਘ ਲਲਤੋਂ ਨੇ ਦੱਸਿਆ ਕਿ ਕਰੀਬ ਡੇਢ ਸਾਲ ਤੋਂ ਚੱਲ ਰਹੇ ਸੰਘਰਸ਼ ਨੂੰ ਪੁਖਤਾ ਢੰਗ ਨਾਲ ਚਲਾਉਣ ਦੇ ਮਕਸਦ ਨਾਲ "ਇੱਕ ਕੋਰ ਕਮੇਟੀ" ਅਤੇ 8 "ਪ੍ਰਬੰਧਕੀ ਗਰੁੱਪਾਂ" ਦਾ ਗਠਨ ਕੀਤਾ ਗਿਆ ਹੈ ਤਾਂ ਕਿ ਭਾਰਤੀ ਕੌਮੀ ਕਮਿਸ਼ਨ ਦੇ ਆਦੇਸ਼ਾਂ ਨੂੰ ਲਾਗੂ ਕਰਵਾਇਆ ਜਾ ਸਕੇ ਅਤੇ ਦੋਵੇਂ ਪੀੜ੍ਹਤ ਪਰਿਵਾਰਾਂ ਨਿਆਂ ਦਿਵਾਇਆ ਜਾ ਸਕੇ। ਆਗੂਆਂ ਨੇ ਇਹ ਵੀ ਦੱਸਿਆ ਕਿ ਕੌਮੀ ਕਮਿਸ਼ਨ ਨੇ ਜਿਥੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਲਿਖਿਆ ਸੀ, ਉਥੇ ਪੀੜ੍ਹਤਾਂ ਨੂੰ ਮੁਆਵਜ਼ਾ ਦੇਣ ਅਤੇ ਮਾਤਾ ਸੁਰਿੰਦਰ ਕੌਰ ਨੂੰ ਪੈਨਸ਼ਨ ਦੇਣ ਲਈ ਵੀ ਕਮਿਸ਼ਨਰ ਪਟਿਆਲਾ ਨੂੰ  ਲਿਖਿਆ ਸੀ। ਆਗੂਆਂ ਨੇ ਦੋਸ਼ ਲਗਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ "ਅੰਨੀ ਤੇ ਬੋਲ਼ੀ" ਹੈ। ਸਰਕਾਰ ਦੇ ਕੰਨਾਂ ਤੱਕ ਅਵਾਜ਼ ਪਹੁਚਾਉਣ ਮੋਰਚੇ ਦਾ "ਯੋਜਨਾਬੱਧ ਢੰਗ ਨਾਲ ਪੁਨਰਗਠਨ" ਕੀਤਾ ਗਿਆ ਹੈ। ਕੋਰ ਕਮੇਟੀ ਦੇ ਮੈਂਬਰ ਸਕੱਤਰ ਨਿਰਮਲ ਸਿੰਘ ਧਾਲੀਵਾਲ ਅਨੁਸਾਰ ਥਾਣੇ ਮੂਹਰੇ ਲੱਗੇ ਪੱਕੇ ਮੋਰਚੇ ਦੇ ਪ੍ਰਬੰਧ ਲਈ ਅਤੇ ਸੰਭਾਵੀ ਰੋਸ-ਮੁਜ਼ਾਹਰੇ ਲਈ ਦੋ ਵੱਖ-ਵੱਖ ਪ੍ਰਬੰਧਕੀ ਗਰੁੱਪਾਂ ਤੋਂ ਬਿਨਾਂ ਬਲਜੀਤ ਸਿੰਘ ਦੀ ਅਗਵਾਈ 'ਚ ਵਿੱਤ ਗਰੁੱਪ, ਮੁੱਖ ਸੰਪਾਦਕ ਅਮਨ ਖਹਿਰਾ ਯੂ.ਕੇ. ਅਤੇ ਪੱਤਰਕਾਰ ਮਨਜੀਤ ਸਿੱਧਵਾਂ ਦੀ ਅਗਵਾਈ 'ਚ ਮੀਡੀਆ ਗਰੁੱਪ, ਅੈਡਵੋਕੇਟ ਅੈਸ.ਅੈਸ.ਧਾਲੀਵਾਲ ਤੇ ਕਾਨੂੰਨੀ ਮਸ਼ੀਰ ਜੀਵਨ ਗਿੱਲ, ਅੈਡਵੋਕੇਟ ਮਨਜੀਤ ਕੌਰ ਸੰਧੂ, ਅੈਡਵੋਕੇਟ ਅੈਚ.ਸੀ.ਅਰੋੜਾ ਅਧਾਰਤ ਲੀਗਲ਼ ਏਡ ਗਰੁੱਪ, ਅੈਸ.ਸੀ.ਕਮਿਸ਼ਨ ਦੇ ਸਾਬਕਾ ਮੈਂਬਰ ਜੀ.ਸੀ. ਦਿਵਾਲੀ ਤੇ ਸਾਬਕਾ ਡੀਜੀਪੀ ਆਰ.ਸਿੰਘ, ਸਾਬਕਾ ਸੂਚਨਾ ਕਮਿਸ਼ਨਰ ਆਰ.ਅੈਸ.ਨਾਗੀ, ਪ੍ਰੀਤਮ ਸਿੰਘ ਭਲਾਈ ਅਫਸਰ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜੱਥੇਦਾਰ ਭਾਈ ਜਸਵੀਰ ਸਿੰਘ ਰੋਡੇ ਅਤੇ ਪੀ.ਸਿੰਘ ਆਈਏਅੈਸ ਅਧਾਰਿਤ 11 ਮੈਂਬਰੀ ਸਲਾਹਕਾਰ ਗਰੁੱਪ, ਮਹਿੰਦਰ ਸਿੰਘ ਤੇ ਨਛੱਤਰ ਸਿੰਘ ਦੀ ਅਗਵਾਈ 'ਚ ਪ੍ਰਚਾਰ ਗਰੁੱਪ ਅਤੇ ਸੁੱਖ ਪੁਰਤਗਾਲ ਤੇ ਜਗਜੀਤ ਸਿੱਧੂ ਯੂਅੈਸਏ ਦੀ ਅਗਵਾਈ 'ਚ ਉਵਰਸੀਜ਼ ਸਪੋਰਟਰ ਗਰੁੱਪ ਦਾ ਗਠਨ ਕੀਤਾ ਗਿਆ ਹੈ।