You are here

ਸੀਆਰਪੀਐਫ ਦੇ ਸ਼ਹੀਦ ਜਵਾਨਾਂ ਨੂੰ ਰਾਜਨਾਥ ਨੇ ਮੋਢਾ ਦਿੱਤਾ

ਸ੍ਰੀਨਗਰ, 15 ਫਰਵਰੀ ਸੀਆਰਪੀਐਫ ਕੈਂਪਸ ’ਚ ਮਾਹੌਲ ਗ਼ਮਗੀਨ ਸੀ। ਸੀਆਰਪੀਐਫ ਦੇ 40 ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਉਚੇਚੇ ਤੌਰ ’ਤੇ ਇਥੇ ਪੁੱਜੇ ਅਤੇ ਉਨ੍ਹਾਂ ਮ੍ਰਿਤਕ ਦੇਹਾਂ ਨੂੰ ਮੋਢਾ ਵੀ ਦਿੱਤਾ। ਇਸ ਮਗਰੋਂ ਦੇਹਾਂ ਵਾਲੇ ਤਾਬੂਤਾਂ ਨੂੰ ਅੰਤਿਮ ਰਸਮਾਂ ਲਈ ਉਨ੍ਹਾਂ ਦੇ ਘਰਾਂ ਵੱਲ ਰਵਾਨਾ ਕਰ ਦਿੱਤਾ ਗਿਆ। ਜਿਵੇਂ ਹੀ ਬਿਗਲ ਵਜਿਆ ਤਾਂ ਗਾਰਡ ਨੇ ‘ਸ਼ੋਕ ਸਲਾਮੀ ਸ਼ਸਤਰ’ (ਸ਼ਹੀਦਾਂ ਦੇ ਸਨਮਾਨ ’ਚ ਹਥਿਆਰ ਪੁੱਠੇ ਕਰਨ) ਦੀ ਆਵਾਜ਼ ਬੁਲੰਦ ਕੀਤੀ ਅਤੇ ਦਸਤਿਆਂ ਨੇ ਸ਼ਹੀਦਾਂ ਨੂੰ ਸਲਾਮੀ ਦਿੰਦਿਆਂ ਦੋ ਮਿੰਟ ਦਾ ਮੌਨ ਧਾਰਿਆ। ਇਸ ਮਗਰੋਂ ਕੇਂਦਰੀ ਗ੍ਰਹਿ ਮੰਤਰੀ ਨੇ ਸ਼ਹੀਦ ਜਵਾਨ ਦੇ ਤਾਬੂਤ ਨੂੰ ਮੋਢਾ ਦਿੱਤਾ ਜਿਸ ਨੂੰ ਵਿਸ਼ੇਸ਼ ਜਹਾਜ਼ ਰਾਹੀਂ ਉਨ੍ਹਾਂ ਦੇ ਜੱਦੀ ਇਲਾਕੇ ’ਚ ਲਿਜਾਇਆ ਗਿਆ। ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ,‘‘ਦੇਸ਼ ਸੀਆਰਪੀਐਫ ਦੇ ਬਹਾਦਰ ਜਵਾਨਾਂ ਦੀ ਕੁਰਬਾਨੀ ਨੂੰ ਕਦੇ ਵੀ ਨਹੀਂ ਭੁਲਾਏਗਾ। ਉਨ੍ਹਾਂ ਦਾ ਬਲੀਦਾਨ ਬੇਕਾਰ ਨਹੀਂ ਜਾਵੇਗਾ।’’ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦੇਣ ਵਾਲਿਆਂ ’ਚ ਰਾਜਪਾਲ ਸੱਤਿਆ ਪਾਲ ਮਲਿਕ, ਗ੍ਰਹਿ ਸਕੱਤਰ ਰਾਜੀਵ ਗਾਬਾ, ਸੀਆਰਪੀਐਫ ਦੇ ਡਾਇਰੈਕਟਰ ਜਨਰਲ ਆਰ ਆਰ ਭਟਨਾਗਰ, ਜੰਮੂ ਕਸ਼ਮੀਰ ਦੇ ਡੀਜੀਪੀ ਦਿਲਬਾਗ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ। ਸ੍ਰੀ ਸਿੰਘ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਜੰਮੂ ਕਸ਼ਮੀਰ ’ਚ ਫ਼ੌਜ ਅਤੇ ਸੁਰੱਖਿਆ ਬਲਾਂ ਦੇ ਕਾਫ਼ਲੇ ਜਾਣ ਸਮੇਂ ਰਾਜਮਾਰਗਾਂ ਅਤੇ ਮੁੱਖ ਸੜਕਾਂ ’ਤੇ ਆਮ ਆਵਾਜਾਈ ’ਤੇ ਪਾਬੰਦੀ ਲਾਈ ਜਾਵੇਗੀ। ੳਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਇਸ ਨਾਲ ਦਿੱਕਤ ਹੋਵੇਗੀ ਪਰ ਜਵਾਨਾਂ ਦੀ ਸੁਰੱਖਿਆ ਲਈ ਇਹ ਫ਼ੈਸਲਾ ਅਹਿਮ ਹੈ। ਵੱਖਵਾਦੀਆਂ ਅਤੇ ਹੁਰੀਅਤ ਕਾਨਫਰੰਸ ਆਗੂਆਂ ’ਤੇ ਅਸਿੱਧੇ ਤੌਰ ’ਤੇ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਪਾਕਿਸਤਾਨ ਅਤੇ ਆਈਐਸਆਈ ਤੋਂ ਫੰਡ ਹਾਸਲ ਕਰਨ ਵਾਲੇ ਵਿਅਕਤੀਆਂ ਨੂੰ ਦਿੱਤੀ ਸੁਰੱਖਿਆ ਬਾਰੇ ਨਜ਼ਰਸਾਨੀ ਕੀਤੀ ਜਾਵੇਗੀ। ਉਨ੍ਹਾਂ ਸੂਬਾ ਸਰਕਾਰ ਨੂੰ ਫਿਰਕੂ ਸਦਭਾਵਨਾ ਬਣਾਈ ਰੱਖਣ ਦੇ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਹਮਲੇ ’ਚ ਸ਼ਹੀਦ ਹੋਏ ਸੀਆਰਪੀਐਫ ਦੇ ਜਵਾਨਾਂ ਦੇ ਪਰਿਵਾਰਾਂ ਨਾਲ ਦੁੱਖ ਦੀ ਘੜੀ ’ਚ ਸ਼ਰੀਕ ਹਨ। ਉਨ੍ਹਾਂ ਸਾਰੀਆਂ ਸੂਬਾ ਸਰਕਾਰਾਂ ਨੂੰ ਕਿਹਾ ਕਿ ਉਹ ਪਰਿਵਾਰਾਂ ਨੂੰ ਵੱਧ ਤੋਂ ਵੱਧ ਸਹਾਇਤਾ ਦੇਣ। ਹਮਲੇ ਪਿੱਛੇ ਸੁਰੱਖਿਆ ’ਚ ਕੋਤਾਹੀ ਬਾਰੇ ਪੁੱਛੇ ਜਾਣ ’ਤੇ ਗ੍ਰਹਿ ਮੰਤਰੀ ਨੇ ਕਿਹਾ ਕਿ ਇਸ ਦੀ ਜਾਂਚ ਕੀਤੀ ਜਾ ਰਹੀ ਹੈ।