ਨਵੀਂ ਦਿੱਲੀ, 13 ਮਈ (ਮਨਪ੍ਰੀਤ ਸਿੰਘ ਖਾਲਸਾ)- “6 ਜੂਨ 1984 ਦਾ ਉਹ ਦਿਹਾੜਾ ਹੈ ਜਿਸ ਦਿਨ ਹਿੰਦੂਤਵ ਹੁਕਮਰਾਨਾਂ ਨੇ ਅਤੇ ਜਮਾਤਾਂ ਨੇ ਮੰਦਭਾਵਨਾ ਭਰੀ ਸਿੱਖ ਕੌਮ ਵਿਰੋਧੀ ਸੋਚ ਉਤੇ ਅਮਲ ਕਰਦੇ ਹੋਏ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਹੋਰ 36 ਇਤਿਹਾਸਿਕ ਗੁਰੂਘਰਾਂ ਉਤੇ ਫ਼ੌਜਾਂ ਚਾੜਕੇ ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਕੇ ਸਾਡੇ ਅਤਿ ਸਤਿਕਾਰਿਤ ਗੁਰਧਾਮਾਂ ਨੂੰ ਢਹਿ-ਢੇਰੀ ਕੀਤਾ ਅਤੇ ਕੋਈ 25 ਹਜਾਰ ਦੇ ਕਰੀਬ ਨਿਹੱਥੇ ਅਤੇ ਨਿਰਦੋਸ਼ ਨਤਮਸਤਕ ਹੋਣ ਆਏ ਸਰਧਾਲੂਆਂ ਨੂੰ ਗੋਲੀ ਦਾ ਨਿਸ਼ਾਨਾਂ ਬਣਾਕੇ ਸ਼ਹੀਦ ਕਰ ਦਿੱਤਾ ਸੀ । ਸਿੱਖ ਕੌਮ ਉਸ ਦਿਨ ਨੂੰ ਨਿਰੰਤਰ ਘੱਲੂਘਾਰੇ ਦਿਹਾੜੇ ਦੇ ਤੌਰ ਤੇ ਸ਼ਹੀਦਾਂ ਨੂੰ ਸਮਰਪਿਤ ਹੋ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰਦੀ ਹੈ । ਜਦੋ ਹਕੂਮਤੀ ਜ਼ਬਰ ਅੱਜ 40 ਸਾਲਾਂ ਬਾਅਦ ਵੀ ਸਿੱਖ ਕੌਮ ਉਤੇ ਉਸੇ ਤਰ੍ਹਾਂ ਜਾਰੀ ਹੈ । ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁੱਖੀ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਗੁਰਸਿੱਖਾਂ ਨੂੰ ਨਿਸ਼ਾਨਾਂ ਬਣਾਕੇ ਐਨ.ਐਸ.ਏ. ਵਰਗੇ ਕਾਲੇ ਕਾਨੂੰਨਾਂ ਅਧੀਨ ਡਿਬਰੂਗੜ੍ਹ (ਅਸਾਮ) ਵਿਖੇ ਜ਼ਬਰੀ ਬੰਦੀ ਬਣਾਇਆ ਹੋਇਆ ਹੈ । ਹੁਕਮਰਾਨਾਂ ਵੱਲੋ ਅੱਜ ਵੀ ਸਾਜਿਸਾ ਰਾਹੀ ਸ੍ਰੀ ਦਰਬਾਰ ਸਾਹਿਬ ਦੇ ਚੌਗਿਰਦੇ ਵਿਚ ਬੰਬ ਵਿਸਫੋਟ ਦੇ ਅਮਲ ਕਰਵਾਕੇ ਆਉਣ ਵਾਲੇ ਸਰਧਾਲੂਆਂ ਵਿਚ ਦਹਿਸਤ ਪਾਈ ਜਾ ਰਹੀ ਹੈ । ਹਿੰਦੂਤਵ ਹੁਕਮਰਾਨ ਇਥੇ ਹਿੰਦੂ ਰਾਸਟਰ ਕਾਇਮ ਕਰਨ ਲਈ ਅਮਲ ਕਰਦੇ ਨਜਰ ਆ ਰਹੇ ਹਨ । ਪੰਜਾਬੀਆਂ ਅਤੇ ਸਿੱਖਾਂ ਉਤੇ ਜ਼ਬਰ ਦਾ ਦੌਰ ਤੇਜ਼ ਕੀਤਾ ਹੋਇਆ ਹੈ ਤਾਂ ਇਸ ਸਮੇ ਸਿੱਖ ਕੌਮ ਦਾ ਫਰਜ ਬਣ ਜਾਂਦਾ ਹੈ ਕਿ ਉਹ ਆਉਣ ਵਾਲੀ 06 ਜੂਨ ਦੇ ਇਸ ਸ਼ਹੀਦੀ ਘੱਲੂਘਾਰੇ ਦਿਹਾੜੇ ਨੂੰ ਸਮਰਪਿਤ ਹੋ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਣ ਵਾਲੀ ਸ਼ਹੀਦੀ ਅਰਦਾਸ ਵਿਚ ਜਿਥੇ ਵੱਧ ਚੜ੍ਹਕੇ ਸਮੂਲੀਅਤ ਕਰਨ, ਉਥੇ ਪੰਜਾਬੀਆਂ ਤੇ ਸਿੱਖਾਂ ਉਤੇ ਹੋ ਰਹੇ ਜ਼ਬਰ ਦਾ ਅੰਤ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੀਰੀ-ਪੀਰੀ ਦੇ ਮਹਾਨ ਅਸਥਾਂਨ ਉਤੇ ਇਹ ਪ੍ਰਣ ਕੀਤਾ ਜਾਵੇ ਕਿ ਗੁਲਾਮੀ ਦਾ ਜੂਲ੍ਹਾ ਲਾਹੁਣ ਤੱਕ ਸਿੱਖ ਕੌਮ ਦਾ ਇਹ ਸੰਘਰਸ਼ ਜਾਰੀ ਰਹੇਗਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜਲੰਧਰ ਵਿਖੇ ਆਪਣੀ ਪਾਰਟੀ ਦੇ ਉਮੀਦਵਾਰ ਸ. ਗੁਰਜੰਟ ਸਿੰਘ ਕੱਟੂ ਦੀ ਚੋਣ ਲੜਨ ਉਪਰੰਤ ਆਪਣੀ ਪਾਰਟੀ ਦੇ ਸਮੁੱਚੇ ਅਹੁਦੇਦਾਰਾਂ ਅਤੇ ਵਰਕਰਾਂ ਦਾ ਧੰਨਵਾਦ, ਇਕੱਤਰਤਾ ਨੂੰ ਸੁਬੋਧਿਤ ਹੁੰਦੇ ਹੋਏ ਸਮੁੱਚੀ ਸਿੱਖ ਕੌਮ ਨੂੰ ਆਉਣ ਵਾਲੀ 06 ਜੂਨ ਦੇ ਦਿਹਾੜੇ ਨੂੰ ਬਤੌਰ 40 ਸਾਲਾਂ ਘੱਲੂਘਾਰਾ ਦਿਹਾੜਾ ਮਨਾਉਣ ਅਤੇ ਆਪਣੇ ਰਹਿੰਦੇ ਪੰਥਕ ਕਾਰਜਾਂ ਦੀ ਪੂਰਤੀ ਲਈ ਸਮੂਹਿਕ ਰੂਪ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਇਕੱਤਰ ਹੋ ਕੇ ਪ੍ਰਣ ਕਰਨ ਦੀ ਜੋਰਦਾਰ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਜਦੋ ਹਿੰਦੂਤਵ ਹੁਕਮਰਾਨ ਸਾਡੇ ਬੰਦੀ ਸਿੰਘਾਂ ਨੂੰ ਰਿਹਾਅ ਨਹੀ ਕਰ ਰਹੇ, ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਨੂੰ ਲਾਪਤਾ ਕਰਨ ਵਾਲੇ ਦੋਸ਼ੀਆਂ ਨੂੰ ਸਾਹਮਣੇ ਲਿਆਕੇ ਕਾਨੂੰਨੀ ਸਜਾਵਾਂ ਦੇਣ ਦੀ ਜਿੰਮੇਵਾਰੀ ਨਹੀ ਨਿਭਾਅ ਰਹੇ, ਸਿੱਖ ਕੌਮ ਦੀ ਸਿਰਮੌਰ ਸੰਸਥਾਂ ਐਸ.ਜੀ.ਪੀ.ਸੀ ਦੀ ਬੀਤੇ 12 ਸਾਲਾਂ ਤੋ ਜਮਹੂਰੀਅਤ ਚੋਣ ਕਰਵਾਉਣ ਦਾ ਐਲਾਨ ਨਹੀ ਕਰ ਰਹੇ, ਸਿੱਖ ਨੌਜਵਾਨੀ ਨੂੰ ਬਿਨ੍ਹਾਂ ਵਜਹ ਨਿਸ਼ਾਨਾਂ ਬਣਾਕੇ ਪੰਜਾਬ ਸੂਬੇ ਵਿਚ ਦਹਿਸਤ ਪੈਦਾ ਕਰਕੇ ਇਥੋ ਦੇ ਅਮਨ ਚੈਨ ਨੂੰ ਠੇਸ ਪਹੁੰਚਾਉਦੇ ਨਜਰ ਆ ਰਹੇ ਹਨ ਤਾਂ ਸਿੱਖ ਕੌਮ ਦਾ ਫਰਜ ਬਣ ਜਾਂਦਾ ਹੈ ਕਿ 06 ਜੂਨ ਦੇ ਇਸ ਮਹੱਤਵਪੂਰਨ ਦਿਹਾੜੇ ਉਤੇ ਇਕੱਤਰ ਹੋ ਕੇ ਅਰਦਾਸ ਕਰਦੇ ਹੋਏ ਆਪਣੀ ਮਿੱਥੀ ਮੰਜਿਲ ਵੱਲ ਪਹਿਲੇ ਨਾਲੋ ਵੀ ਵਧੇਰੇ ਦ੍ਰਿੜਤਾ ਨਾਲ ਵੱਧਣ । ਇਹ ਪ੍ਰਣ ਕਰਨ ਕਿ ਭਾਵੇ ਹੁਕਮਰਾਨ ਮੰਨੂਸਮ੍ਰਿਤੀ ਦੇ ਜਾਬਰ ਕਾਨੂੰਨਾਂ ਨੂੰ ਇਥੇ ਲਾਗੂ ਕਰਕੇ ਹਿੰਦੂਤਵ ਰਾਸਟਰ ਕਾਇਮ ਕਰਨ ਦੇ ਅਮਲ ਕਰ ਰਿਹਾ ਹੈ । ਆਪਣੀ ਰਾਜਸੀ ਤਾਕਤ ਦੀ ਖੂਬ ਦੁਰਵਰਤੋ ਕਰ ਰਿਹਾ ਹੈ । ਪਰ ਸਿੱਖ ਕੌਮ ਇਨ੍ਹਾਂ ਦੇ ਮੰਦਭਾਵਨਾ ਭਰੇ ਮਨਸੂਬਿਆ ਨੂੰ ਨਾ ਤਾਂ ਕਾਮਯਾਬ ਹੋਣ ਦੇਵੇਗੀ ਅਤੇ ਨਾ ਹੀ ਇਨ੍ਹਾਂ ਦੀ ਗੁਲਾਮੀਅਤ ਨੂੰ ਪ੍ਰਵਾਨ ਕਰੇਗੀ । ਬਲਕਿ ਭਰਾਮਾਰੂ ਜੰਗ ਦੀਆਂ ਸਾਜਿਸਾਂ ਤੋ ਦੂਰ ਰਹਿਕੇ ਆਪਸੀ ਕੌਮੀ ਤਾਕਤ ਦਾ ਸਹੀ ਇਸਤੇਮਾਲ ਕਰਦੇ ਹੋਏ ਹਿੰਦੂਤਵ ਦੀ ਗੁਲਾਮੀ ਤੋ ਆਜਾਦ ਹੋ ਕੇ ਰਹੇਗੀ । ਐਸ.ਜੀ.ਪੀ.ਸੀ ਦੀ ਜਮਹੂਰੀਅਤ ਨੂੰ ਬਹਾਲ ਕਰਵਾਉਣ ਲਈ ਆਪਣੇ ਕੌਮੀ ਸੰਘਰਸ਼ ਨੂੰ ਜਾਰੀ ਰੱਖੇਗੀ । ਅਸੀ ਇਸ ਘੱਲੂਘਾਰੇ ਦਿਹਾੜੇ ਦੇ ਮਹੱਤਵ ਨੂੰ ਮੁੱਖ ਰੱਖਦੇ ਹੋਏ ਆਪਣੀ ਮੰਜਿਲ ਪ੍ਰਾਪਤੀ ਦੇ ਮਿਸਨ ਨੂੰ ਕਾਮਯਾਬ ਕਰਨ ਵਿਚ ਕਿਸੇ ਤਰ੍ਹਾਂ ਦੀ ਅਣਗਹਿਲੀ ਨਹੀ ਕਰਾਂਗੇ । ਜਮਹੂਰੀ ਅਤੇ ਮਨੁੱਖੀ ਕਦਰਾਂ-ਕੀਮਤਾਂ ਉਤੇ ਪਹਿਰਾ ਦਿੰਦੇ ਹੋਏ ਗੁਰੂ ਸਾਹਿਬਾਨ ਦੀ ਸੋਚ ਅਨੁਸਾਰ ਸਰਬਸਾਂਝਾ ‘ਹਲੀਮੀ ਰਾਜ’ ਕਾਇਮ ਕਰਕੇ ਰਹਾਂਗੇ ਅਤੇ ਕਿਸੇ ਵੀ ਵੱਡੇ ਤੋ ਵੱਡੀ ਤਾਕਤ ਦੀ ਈਨ ਨੂੰ ਕਦੀ ਵੀ ਪ੍ਰਵਾਨ ਨਹੀ ਕਰਾਂਗੇ ।