ਡਾ ਭੀਮ ਰਾਓ ਅੰਬੇਡਕਰ "ਦਲਿਤਾਂ ਦੇ ਮਸੀਹਾ " ✍️ ਰਜਵਿੰਦਰ ਪਾਲ ਸ਼ਰਮਾ

    ਮਨੁ ਸਮਰਿਤੀ ਦੇ ਅਨੁਸਾਰ ਸਮਾਜ਼ ਦੀ ਵੰਡ ਚਾਰ ਵਰਗਾਂ ਵਿੱਚ ਕੀਤੀ ਗਈ ਸੀ ਜਿਸ ਦੇ ਅਨੁਸਾਰ ਸਭ ਤੋਂ ਉੱਚਾ ਵਰਗ ਵਿੱਚ ਬ੍ਰਾਹਮਣ ਫਿਰ ਖੱਤ੍ਰੀ ਉਸ ਤੋਂ ਬਾਅਦ ਵੈਸ਼ ਅਤੇ ਅੰਤ ਵਿੱਚ ਸ਼ੂਦਰ ਸ਼ਾਮਿਲ ਸਨ। ਬ੍ਰਾਹਮਣ ਨੂੰ ਸਭ ਤੋਂ ਉੱਚਾ ਦਰਜਾ ਪ੍ਰਾਪਤ ਸੀ ਅਤੇ ਸ਼ੂਦਰ ਨੂੰ ਸਭ ਤੋਂ ਨੀਵਾਂ ਸਮਝਿਆ ਜਾਂਦਾ ਸੀ। ਖੂਹਾਂ ਤੋਂ ਪਾਣੀ ਲੈਣਾ, ਸਕੂਲਾਂ ਵਿੱਚ ਜਾਣਾ , ਮੰਦਿਰਾਂ, ਮਸਜਿਦਾਂ  ਵਿੱਚ ਸ਼ੂਦਰਾਂ ਦੇ ਜਾਣ ਦੀ ਪਾਬੰਦੀ ਸੀ।ਜੇਕਰ ਕੋਈ ਸ਼ੂਦਰ ਕਿਸੇ ਬ੍ਰਾਹਮਣ ਦੇ ਮੱਥੇ ਵੀ ਲੱਗਣ ਜਾਂਦਾਂ ਤਾਂ ਇਸ ਨੂੰ ਪਾਪ ਸਮਝਿਆ ਜਾਂਦਾ। ਸ਼ੂਦਰਾਂ ਦੀ ਹਾਲਤ ਪਸ਼ੂਆਂ ਤੋਂ ਵੀ ਮਾੜੀ ਸੀ ਜਿੱਥੋਂ ਪਸ਼ੂ ਪਾਣੀ ਪੀਂਦੇ ਉਸ ਜਗ੍ਹਾ ਤੋਂ ਸ਼ੂਦਰ ਪੀਣ ਲਈ ਪਾਣੀ ਭਰਦੇ। ਸ਼ੂਦਰਾਂ ਦੀ ਹਾਲਤ ਨੂੰ ਸੁਧਾਰਨ ਅਤੇ ਉਹਨਾਂ ਨੂੰ ਨਵੀਨ ਵਰਗ ਦੇ ਬਰਾਬਰ ਹੱਕ ਦਿਵਾਉਣ ਵਿੱਚ ਡਾ ਭੀਮ ਰਾਓ ਅੰਬੇਦਕਰ ਜੀ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ।ਉਹ ਦਲਿਤਾਂ ਦੇ ਮਸੀਹੇ ਵਜੋਂ ਜਾਣੇ ਜਾਂਦੇ ਹਨ 

ਡਾ ਭੀਮ ਰਾਓ ਅੰਬੇਡਕਰ ਜੀ ਇੱਕ ਵਿਅਕਤੀ ਨਹੀਂ ਸਗੋਂ ਖ਼ੁਦ ਵਿਚ ਪੂਰਾ ਭਾਰਤ ਸਨ। ਦਲਿਤਾਂ ਦੀ ਮੁਹਾਰ ਜਾਤ ਵਿੱਚ ਜਨਮ ਲੈਣ ਵਾਲੇ ਅੰਬੇਡਕਰ ਨੇ ਪੂਰਾ ਜੀਵਨ ਦਲਿਤਾਂ ਦੇ ਲੇਖੇ ਲਾਇਆ। ਇਹਨਾਂ ਨੂੰ ਬਾਬਾ ਸਾਬ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਦਾ ਜਨਮ 14 ਅਪ੍ਰੈਲ 1891 ਨੂੰ ਮੱਧ ਪ੍ਰਦੇਸ਼ ਦੇ ਮਹੂ ਵਿਚ ਹੋਇਆ। ਇਹਨਾਂ ਦੇ ਪਿਤਾ ਜੀ ਰਾਮਜੀ ਮਾਲੋ ਜੀ ਸਕਪਾਲ ਅਤੇ ਮਾਤਾ ਭੀਮਾਜੀ ਸਕਪਾਲ ਸਨ। ਭੀਮ ਰਾਓ ਦੇ ਪਿਤਾ ਫ਼ੌਜ ਵਿੱਚ ਸਨ ਅਤੇ ਉਹਨਾਂ ਨੂੰ ਵੱਖ ਵੱਖ ਖੇਤਰਾਂ ਵਿੱਚ ਰਹਿਣਾ ਪੈਂਦਾ ਸੀ।ਇਸੇ ਕਰਕੇ ਭੀਮ ਰਾਓ ਦੀ ਸਿੱਖਿਆ ਪਿੰਡ ਦੇ ਸਕੂਲ ਤੋਂ ਹੀ ਸ਼ੁਰੂ ਕੀਤੀ।

ਮੁੱਢਲੀ ਸਿੱਖਿਆ ਤੇ ਸਕੂਲ -ਸਕੂਲ ਦੇ ਵਿੱਚ ਸਕੂਲ ਦੇ ਪ੍ਰਬੰਧਕਾਂ ਦੁਆਰਾ ਭੀਮ‌ਰਾਉ ਨਾਲ ਹਰ ਦਿਨ ਦੁਰ ਵਿਵਹਾਰ ਕੀਤਾ ਜਾਂਦਾ। ਜਮਾਤ ਵਿਚ ਉਹਨਾਂ ਨੂੰ ਬੈਠਣ ਦੀ ਇਜਾਜ਼ਤ ਨਹੀਂ ਸੀ ਹੁੰਦੀ ਇਸ ਕਰਕੇ ਸਾਰਾ ਦਿਨ ਜਮਾਤ ਵਿੱਚੋਂ ਬਾਹਰ ਬੈਠ ਕੇ ਹੀ ਸਾਰੀ ਪੜ੍ਹਾਈ ਕਰਨੀ ਪੈਂਦੀ।ਪਾਣੀ ਪੀਣ ਦੇ ਸਮੇਂ ਚਪੜਾਸੀ ਉਹਨਾਂ ਨੂੰ ਪਾਣੀ ਪਿਆਉਂਦਾ ਜਿਸ ਦਿਨ ਚਪੜਾਸੀ ਸਕੂਲ ਨਾ ਆਉਂਦਾ ਤਾਂ ਭੀਮ ਰਾਓ ਪੂਰੇ ਦਿਨ ਬਿਨਾਂ ਪਾਣੀ ਤੋਂ ਪਿਆਸਾ ਰਹਿੰਦਾ।No peon No water

ਭੀਮ ਰਾਉ ਨੇ ਮੁੱਢਲੀ ਸਿੱਖਿਆ ਚੰਗੇ ਨੰਬਰਾਂ ਨਾਲ ਪਾਸ ਕੀਤੀ।ਪੂਰੇ ਦਲਿਤ ਸਮੂਹਾਂ ਵਿੱਚ ਖੁਸ਼ੀ ਦਾ ਮਾਹੌਲ ਸੀ।ਭੀਮ ਰਾਓ ਪਹਿਲਾਂ ਦਲਿਤ ਵਿਦਿਆਰਥੀ ਸੀ ਜਿਸਨੇ ਮੁੱਢਲੀ ਸਿੱਖਿਆ ਪੂਰੀ ਕੀਤੀ।ਪਰ ਹੁਣ ਇੱਕ ਹੋਰ ਮੁਸ਼ਿਕਲ ਪੈਦਾ ਹੋਈ।ਭੀਮ ਰਾਓ ਵਲਾਇਤ ਵਿੱਚ ਜਾ ਕੇ ਉੱਚ ਸਿੱਖਿਆ ਪ੍ਰਾਪਤ ਕਰਨਾ ਚਾਹੁੰਦੇ ਸਨ ਪਰ ਉਹਨਾਂ ਕੋਲ ਇੰਨੇਂ ਪੈਸੈ ਨਹੀਂ ਸਨ ਕਿ ਉਹ ਵਿਦੇਸ਼ ਜਾ ਕੇ ਪੜ੍ਹ ਸਕਦੇ।

ਬੜੌਦਾ ਸਿਆਸਤ ਦੇ ਰਾਜਾ ਗਾਇਕਵਾੜ ਹੁਸ਼ਿਆਰ ਅਤੇ ਲੋੜਵੰਦ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਲਈ ਵਜੀਫਾ ਦੇ ਕੇ ਵਿਦੇਸ਼ ਭੇਜਦੇ ਸਨ।ਭੀਮ ਰਾਓ ਅੰਬੇਦਕਰ ਨੇ ਦੇਰ ਨਾ ਕਰਦਿਆਂ ਬੜੌਦਾ ਦੇ ਰਾਜੇ ਨਾਲ ਮੁਲਾਕਾਤ ਕੀਤੀ। ਗਾਇਕਵਾੜ ਦੇ ਪੁੱਛੇ ਸਵਾਲਾਂ ਦਾ ਭੀਮ ਰਾਓ ਨੇ ਆਪਣੀ ਤੀਖਣ ਬੁੱਧੀ ਰਾਹੀਂ ਬਹੁਤ ਤਸੱਲੀਬਖ਼ਸ਼ ਜਵਾਬ ਦਿੱਤੇ। ਮਹਾਰਾਜਾ ਭੀਮ ਰਾਉ ਤੇ ਬਹੁਤ ਖੁਸ਼ ਸਨ ਪਰ ਉਹਨਾਂ ਨੇ ਇਹ ਸ਼ਰਤ ਵੀ ਰੱਖੀ ਕਿ ਵਾਪਸ ਆ ਕੇ ਉਹਨਾਂ ਕੋਲ ਨੌਕਰੀ ਕਰਨੀ ਹੋਵੇਗੀ। ਅੰਬੇਡਕਰ ਰਾਜ਼ੀ ਹੋ ਗਏ ਅਤੇ ਵਿਦੇਸ਼ ਪੜ੍ਹਾਈ ਕਰਨ ਲਈ ਚਲੇ ਗਏ। ਉਹਨਾਂ ਨੇ ਕੋਲੰਬੀਆ ਯੂਨੀਵਰਸਿਟੀ,ਲੰਡਨ ਸਕੂਲ ਆਫ ਇਕਨਾਮਿਕਸ,ਲੰਡਨ ਲਾਅ ਕਾਲਜ ਤੋਂ ਪੜ੍ਹਾਈ ਕੀਤੀ।ਧਰਮ ਵਿਗਿਆਨ, ਰਾਜਨੀਤਕ ਸ਼ਾਸਤਰ, ਸਮਾਜ਼ ਵਿਗਿਆਨ,ਅਰਥ ਵਿਗਿਆਨ, ਇਤਿਹਾਸ, ਫਿਲਾਸਫੀ ਦਾ ਡੂੰਘਾ ਅਧਿਐਨ ਕੀਤਾ।ਉਹ ਜ਼ਿਆਦਤਰ ਸਮਾਂ ਆਪਣਾ ਲਾਇਬ੍ਰੇਰੀ ਵਿੱਚ ਗੁਜ਼ਾਰਦੇ।ਪੜਨ ਵਿੱਚ ਉਹ ਇੰਨੇ ਮਗਨ ਹੋ ਜਾਂਦੇ ਕਿ ਉਹ ਖਾਣਾ ਵੀ ਭੁੱਲ ਜਾਂਦੇ। ਬਜ਼ਾਰ ਜਾਂਦੇ ਆਪਣੇ ਨਾਲ ਢੇਰ ਸਾਰੀਆਂ ਕਿਤਾਬਾਂ ਲੈ ਕੇ ਆਉਂਦੇ।ਇਹ ਸਿਲਸਿਲਾ ਇਸ ਤਰ੍ਹਾਂ ਹੀ ਜਾਰੀ ਰਹਿੰਦਾ।

ਵਿਆਹੁਤਾ ਜੀਵਨ- ਭੀਮ ਰਾਉ ਨੇ ਪਹਿਲਾਂ ਵਿਆਹ ਰਾਮਾਬਾਈ ਅੰਬੇਡਕਰ ਅਤੇ ਦੂਜਾ ਉਸ ਦੀ ਮੌਤ ਤੋਂ ਬਾਅਦ ਸਵੀਤਬਾਈ ਅੰਬੇਡਕਰ ਨਾਲ ਕਰਵਾਇਆ।

ਸੰਵਿਧਾਨ ਦਾ ਖਰੜਾ ਅਤੇ ਸੰਵਿਧਾਨ ਨਿਰਮਾਤਾ - ਭਾਰਤ ਦੇ ਸੁਤੰਤਰਤਾ ਸੰਗਰਾਮ ਦੌਰਾਨ ਉਹ ਕਈ ਵਾਰ ਜੇਲ੍ਹ ਗਏ।ਗੋਲ ਮੇਜ਼ ਕਾਨਫਰੰਸਾਂ ਵਿੱਚ ਉਹਨਾਂ ਦਾ ਭਾਸ਼ਣ ਅਤੇ ਪੂਨਾ ਐਕਟ ਅੱਜ ਵੀ ਤਰੋਤਾਜ਼ਾ ਹਨ। ਅਜ਼ਾਦੀ ਤੋਂ ਬਾਅਦ ਦੇਸ਼ ਨੂੰ ਇੱਕ ਲੜੀ ਵਿੱਚ ਪੁਰਾਉਣ ਲਈ ਦੇਸ਼ ਨੂੰ ਗਣਤੰਤਰ ਬਣਾਉਣ ਲਈ ਭਾਰਤ ਦੇ ਆਪਣੇ ਸੰਵਿਧਾਨ ਦੀ ਲੋੜ ਮਹਿਸੂਸ ਕੀਤੀ ਗਈ ।ਭਾਰਤ ਸੰਵਿਧਾਨ ਨੂੰ ਤਿਆਰ ਕਰਨ ਲਈ ਜਿਹੜੀ ਸੰਵਿਧਾਨ ਕਮੇਟੀ ਬਣਾਈ ਗਈ ਭੀਮ ਰਾਉ ਅੰਬੇਡਕਰ ਨੂੰ ਉਸ ਦਾ ਪ੍ਰਧਾਨ ਬਣਾਇਆ ਗਿਆ।ਬਾਬਾ ਸਾਹਿਬ ਨੇ ਇੰਗਲੈਂਡ, ਫਿਨਲੈਂਡ, ਅਮਰੀਕਾ, ਨਿਊਜ਼ੀਲੈਂਡ ਆਦਿ ਵੱਖ ਵੱਖ ਦੇਸ਼ਾਂ ਦੇ ਸੰਵਿਧਾਨਾਂ ਦਾ ਗਹਿਰਾ ਅਧਿਐਨ ਕੀਤਾ। ਸਖ਼ਤ ਮਿਹਨਤ ਦੇ ਨਾਲ 2 ਸਾਲ 11 ਮਹੀਨਿਆਂ ਅਤੇ 18 ਦਿਨਾਂ ਵਿੱਚ ਸੰਵਿਧਾਨ ਤਿਆਰ ਕੀਤਾ ਜਿਸ ਨੂੰ 26 ਨਵੰਬਰ 1949 ਨੂੰ ਅਪਣਾਇਆ ਗਿਆ ਅਤੇ 26 ਜਨਵਰੀ 1950 ਨੂੰ ਲਾਗੂ ਹੋਇਆ। ਉਹਨਾਂ ਦੀ ਕਾਬਲੀਅਤ ਨੂੰ ਦੇਖਦੇ ਹੋਏ ਉਹਨਾਂ ਨੂੰ ਕਾਨੂੰਨ ਮੰਤਰੀ ਬਣਾਇਆ ਗਿਆ।6 ਦਸੰਬਰ 1956 ਨੂੰ ਉਹਨਾਂ ਦੀ ਮੌਤ ਤੋਂ ਬਾਅਦ ਮਰਨ ਉਪਰੰਤ ਉਹਨਾਂ ਨੂੰ ਦੇਸ਼ ਦੇ ਸਰਵ ਉੱਚ ਇਨਾਮ ਭਾਰਤ ਰਤਨ ਦੁਆਰਾ ਸਨਮਾਨਿਤ ਕੀਤਾ ਗਿਆ। ਬਾਬਾ ਸਾਹਿਬ ਨੇ ਦਲਿਤਾਂ ਦੇ ਨਾਲ ਨਾਲ ਔਰਤਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕੀਤੀ।ਵੋਟ ਪਾਉਣ ਦੇ ਅਧਿਕਾਰ ਤੋਂ ਲੈਕੇ, ਮੰਦਿਰਾਂ ਵਿੱਚ ਨਵੀਨ ਵਰਗ ਦੇ ਬਰਾਬਰ ਬੈਠ ਕੇ ਪੂਜਾ ਕਰਨੀ, ਲੜਕਿਆਂ ਦੇ ਬਰਾਬਰ ਸਿੱਖਿਆ ਪ੍ਰਾਪਤ ਕਰਨੀ ਉਹਨਾਂ ਦੁਆਰਾ ਕੀਤੇ ਮਹਾਨ ਕਾਰਜਾਂ ਵਿੱਚ ਸ਼ਾਮਲ ਹਨ। ਦਲਿਤਾਂ ਦੀ ਅੰਧਕਾਰ ਵਿੱਚੋਂ ਗੁਜ਼ਰ ਰਹੀ ਜ਼ਿੰਦਗੀ ਵਿੱਚ ਰੌਸ਼ਨੀ ਲਿਆਉਣ ਅਤੇ ਭਾਰਤੀ ਸੰਵਿਧਾਨ ਦੇ ਨਿਰਮਾਣ ਵਿੱਚ ਪਾਏ ਵਡਮੁੱਲੇ ਯੋਗਦਾਨ ਕਰਕੇ ਉਹਨਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।

                     ਰਜਵਿੰਦਰ ਪਾਲ ਸ਼ਰਮਾ

                    ਪਿੰਡ ਕਾਲਝਰਾਣੀ

                    ਡਾਕਖਾਨਾ ਚੱਕ ਅਤਰ ਸਿੰਘ ਵਾਲਾ

                   ਤਹਿ ਅਤੇ ਜ਼ਿਲ੍ਹਾ-ਬਠਿੰਡਾ

                   ਮੋਬਾਇਲ 7087367969