You are here

13 ਅਪ੍ਰੈਲ ਖਾਲਸੇ ਦੀ ਸਾਜਨਾ ਨੂੰ ਸਮਰਪਿਤ ਨਾਟਕ ਸਮਾਗਮ 

ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਮੁੱਖ ਵਕਤਾ ਹੋਣਗੇ 

ਜਗਰਾਓਂ, 09 ਅਪ੍ਰੈਲ (ਗੁਰਕਿਰਤ ਜਗਰਾਓ/ ਮਨਜਿੰਦਰ ਗਿੱਲ)13 ਅਪ੍ਰੈਲ ਨੂੰ ਸਵੇਰੇ 10 ਵਜੇ ਪਿੰਡ ਰੱਤੋਵਾਲ ਨੇੜੇ ਸੁਧਾਰ ਅਤੇ ਸ਼ਾਮ 4 ਵਜੇ ਪਿੰਡ ਦੇਹੜਕਾ ਵਿਖੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਨਾਟਕ ਸਮਾਗਮ ਹੋਣਗੇ। ਇਹ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਬਲਾਕ ਜਗਰਾਂਓ ਦੇ ਸਕੱਤਰ ਤਰਸੇਮ ਸਿੰਘ ਬੱਸੂਵਾਲ , ਪ੍ਰਧਾਨ ਲਖਮੇਰ ਸਿੰਘ ਦੇਹੜਕਾ ਅਤੇ ਬਲਾਕ ਸੁਧਾਰ ਦੇ ਸਕੱਤਰ ਹਰਦੀਪ ਸਿੰਘ ਟੂਸੇ , ਬਲਾਕ ਆਗੂ ਕੁਲਦੀਪ ਸਿੰਘ ਰੱਤੋਵਾਲ ਨੇ ਦੱਸਿਆ ਕਿ ਖਾਲਸਾ ਦੇ ਸਾਜਨਾ ਦਿਵਸ ਨੂੰ ਸਮਰਪਿਤ ਨਾਟਕ ਸਮਾਗਮ ਚ ਸੁਰਿੰਦਰ ਸ਼ਰਮਾ ਦੀ ਨਿਰਦੇਸ਼ਨਾ ਹੇਠ ਲੋਕ ਕਲਾ ਮੰਚ ਮੁਲਾਂਪੁਰ ਦੀ ਟੀਮ  ਨਸ਼ਿਆਂ ਦੇ ਕੋਹੜ ਖਿਲਾਫ ਪ੍ਰਸਿੱਧ ਨਾਟਕ ਖੇਡੇਗੀ। ਇਸ ਸਮੇਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਕਾਰਜਕਾਰੀ ਪ੍ਰਧਾਨ ਮਨਜੀਤ ਸਿੰਘ ਧਨੇਰ   ਕਿਸਾਨੀ ਮਸਲਿਆਂ ਅਤੇ ਪੰਜਾਬ ਦੇ ਮੌਜੂਦਾ ਹਾਲਾਤ ਤੇ ਭਾਸ਼ਣ ਦੇਣਗੇ। ਇਸ ਸਮੇਂ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਜਿਲਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਅਤੇ ਜਿਲਾ ਸਕੱਤਰ ਇੰਦਰਜੀਤ ਸਿੰਘ ਨੇ ਕਿਹਾ ਕਿ ਕਣਕ ਤੇ ਹੋਰ ਫਸਲਾਂ ਦੇ ਖਰਾਬੇ ਦਾ ਮੁਆਵਜਾ ਨਾ ਤਾਂ ਵਧਾਇਆ ਜਾ ਰਿਹਾ ਹੈ ਤੇ ਨਾ ਹੀ ਤੇਰਾਂ ਅਪ੍ਰੈਲ ਤਕ ਸਮੁੱਚੀ ਕਿਸਾਨੀ ਨੂੰ ਮੁਆਵਜਾ ਮਿਲਣ ਦੀ ਆਸ ਹੈ। ਉਨਾਂ ਕਿਹਾ ਕਿ ਭਗਵੰਤ ਮਾਨ ਨੂੰ ਅਪਣੇ ਵਾਦੇ ਮੁਤਾਬਕ ਬਿਨਾਂ ਗਿਰਦਾਵਰੀ ਕਿਸਾਨਾਂ ਦੇ ਖਾਤਿਆਂ ਚ ਮੁਆਵਜਾ ਪਾਉਣਾ ਚਾਹੀਦਾ ਸੀ। ਉਨਾਂ ਕੇਂਦਰ ਸਰਕਾਰ ਤੋਂ ਕਣਕ ਦੇ ਖਰੀਦ ਨਿਯਮਾਂ ਚ ਢਿੱਲ ਦੇਣ ਦੀ ਮੰਗ ਕਰਦਿਆਂ ਪੂਰੇ ਰੇਟ ਤੇ ਕਣਕ ਖਰੀਦਣ ਤੇ ਮੰਡੀਆਂ ਚ ਕਿਸਾਨਾਂ ਨੂੰ ਕਿਸੇ ਕਿਸਮ ਦੀ ਕੋਈ ਪ੍ਰੇਸ਼ਾਨੀ ਨਾ ਆਉਣ ਦੇਣ  ਦੀ ਮੰਗ ਕੀਤੀ ਹੈ। ਉਨਾ ਕਿਹਾ ਕਿ ਤੇਜ ਬਾਰਸ਼ਾਂ ਤੇ ਗੜੇਮਾਰੀ ਨਾਲ ਜਿਥੇ ਕਣਕ ਦਾ ਝਾੜ ਘਟੇਗਾ ਉਥੇ ਅਜੇ ਵੀ ਕਈ ਖੇਤਾਂ ਚ ਬਾਰਸ਼ ਦਾ ਪਾਣੀ ਖੜਾ ਕਣਕ ਤੇ ਸਬਜੀਆਂ ਨੂੰ ਗਾਲ ਰਿਹਾ ਹੈ।ਲਗਭਗ ਪੂਰੇ ਦੇਸ਼ ਚ ਹੋਏ ਨੁਕਸਾਨ ਪ੍ਰਤੀ ਪ੍ਰਧਾਨ ਮੰਤਰੀ ਮੋਦੀ ਜਾਂ ਖੇਤੀ ਮੰਤਰੀ ਤੋਮਰ ਦਾ ਹਮਦਰਦੀ ਦਾ ਬਿਆਨ ਨਾ ਆਉਣਾ ਦਰਸਾਉਂਦਾ ਹੈ ਕਿ ਭਾਜਪਾ ਦਾ ਇਕੋ ਇਕ ਮਕਸਦ ਵਿਰੋਧੀਆਂ ਖਿਲਾਫ ਜਹਾਦ ਖੜਾ ਕਰਕੇ ,2024 ਚ ਮੁੜ ਸੱਤਾ ਤੇ ਕਾਬਜ ਹੋਣਾ ਹੈ। ਉਨਾਂ ਮੰਗ ਕੀਤੀ ਕਿ ਕਿਸਾਨੀ ਦੇ ਹਰ ਤਰਾਂ ਦੇ ਕਰਜੇ ਰੱਦ ਕੀਤੇ ਜਾਣ। ਉਨਾਂ ਕਿਹਾ  ਕਿ ਇਸ ਨੁਕਸਾਨ ਨਾਲ ਪਸ਼ੂਆਂ ਲਈ ਤੂੜੀ ਤੇ ਚਾਰੇ ਦਾ ਰੇਟ ਦੁਗਣਾ ਹੋ ਗਿਆ ਹੈ।ਇਸ ਸਮੇਂ ਬਲਾਕ ਪ੍ਰਧਾਨ ਸੁਧਾਰ ਸਰਬਜੀਤ ਸਿੰਘ ਗਿੱਲ ਨੇ ਕਿਹਾ ਕਿ ਜਦੋਂ ਪੰਜਾਬ ਭਰ ਚ ਪਟਵਾਰੀਆਂ ਦੀਆਂ ਤਿੰਨ ਹਜਾਰ ਅਸਾਮੀਆਂ ਖਾਲੀ ਪਈਆਂ ਹੋਣ ਤਾਂ ਗਿਰਦਾਵਰੀ ਦਾ ਕੰਮ ਮਿਥੇ ਸਮੇਂ ਪੂਰਾ ਹੋਣਾ ਅਸੰਭਵ ਹੈ।