ਦਿੱਲੀ ਕਮੇਟੀ ਵੱਲੋਂ ਮਨੁੱਖਤਾ ਦੀ ਕੀਤੀ ਜਾ ਰਹੀ ਸੇਵਾ ਬੇਹੱਦ ਸ਼ਲਾਘਾਯੋਗ- ਅਮਰੀਕੀ ਵਫਦ

ਨਵੀਂ ਦਿੱਲੀ, 16 ਮਾਰਚ (ਮਨਪ੍ਰੀਤ ਸਿੰਘ ਖਾਲਸਾ): ਅਮਰੀਕਾ ਦੀ ਟਿਮਕਨ ਫਾਉਂਡੇਸ਼ਨ ਦੇ ਸੀਈਓ ਹੈਨਰੀ ਕਰਟਜ਼ ਟਿਮਕਨ ਅਤੇ ਭਾਰਤ ਤੇ ਦੱਖਣ ਪੂਰਬੀ ਏਸ਼ੀਆ ਦੇ ਪ੍ਰਧਾਨ ਸੰਜੇ ਕੌਲ ਦੀ ਅਗਵਾਈ ਹੇਠ ਅੱਜ ਅਮਰੀਕਾ ਦੇ ਇਕ ਉਚ ਪੱਧਰੀ ਵਫਦ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਦੀ ਅਗਵਾਈ ਹੇਠ ਚਲਾਈਆਂ ਜਾ ਰਹੀਆਂ ਸਿਹਤ ਸਹਲੂਤਾਂ ਦੇ ਅਸਥਾਨਾ ਦਾ ਦੌਰਾ ਕੀਤਾ ਅਤੇ ਦੌਰੇ ਮਗਰੋਂ ਕਮੇਟੀ ਨੂੰ ਭਰੋਸਾ ਦੁਆਇਆ ਕਿ ਉਹਨਾਂ ਦੀ ਫਾਉਂਡੇਸ਼ਨ ਜਲਦੀ ਹੀ ਕਮੇਟੀ ਨਾਲ ਮਿਲ ਕੇ ਇਹਨਾਂ ਸੇਵਾਵਾਂ ਦੇ ਵਿਸਥਾਰ ਵਿਚ ਯੋਗਦਾਨ ਪਾਵੇਗੀ।

ਇਸ ਵਫਦ ਨੇ ਸਵੇਰੇ ਪਹਿਲਾਂ ਬਾਲਾ ਸਾਹਿਬ ਹਸਪਤਾਲ ਦਾ ਦੌਰਾ ਕੀਤਾ ਸੀ । ਇਸ ਉਪਰੰਤ ਗੁਰਦੁਆਰਾ ਬੰਗਲਾ ਸਾਹਿਬ ਕੰਪਲੈਕਸ ਵਿਚ ਚਲਾ ਰਹੇ  ਸੀਟੀ ਸਕੈਨ ਅਤੇ ਐਮਆਰਆਈ ਸੈਂਟਰ ਦਾ ਦੌਰਾ ਕੀਤਾ ਤੇ ਨਾਲ ਹੀ ਬਾਲਾ ਪ੍ਰੀਤਮ ਦਵਾਖਾਨੇ ਵੀ ਵੇਖੇ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਹੈਨਰੀ ਕਰਟਜ਼ ਟਿਮਕਨ ਅਤੇ ਸੰਜੇ ਕੌਲ ਨੇ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਦੀ ਟੀਮ ਮਨੁੱਖਤਾ ਦੀ ਸੇਵਾਵਾਂ ਵਾਸਤੇ ਲਾਮਿਸਾਲ ਸੇਵਾਵਾਂ ਦੇ ਰਹੀ ਹੈ। ਉਹਨਾਂ ਕਿਹਾ ਕਿ ਉਹਨਾਂ ਆਪਣੇ ਜੀਵਨ ਵਿਚ ਆਮ ਤਾਂ ਵੇਖਿਆ ਸੀ ਕਿ ਧਾਰਮਿਕ ਸੰਸਥਾ ਧਾਰਮਿਕ ਕਾਰਜਾਂ ਵਿਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਦੀ ਹੈ ਪਰ ਇਹ ਵੇਖ ਕੇ ਮਨ ਨੂੰ ਬਹੁਤ ਖੁਸ਼ੀ ਹੋਈ ਹੈ ਕਿ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਧਰਮ ਦੇ ਨਾਲ ਨਾਲ ਸਿਹਤ ਖੇਤਰ ਤੇ ਸਿੱਖਿਆ ਖੇਤਰ ਵਿਚ ਵੀ ਵੱਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਮਨੁੱਖਤਾ ਦੀ ਸੇਵਾ ਜੀਵਨ ਵਿਚ ਸਭ ਤੋਂ ਉੱਤਮ ਸੇਵਾ ਹੈ ਤੇ ਇਹ ਸੇਵਾ ਕਰ ਕੇ ਹੀ ਅਸੀਂ ਆਪਣਾ ਜਨਮ ਸਫਲਾ ਕਰ ਸਕਦੇ ਹਾਂ।

ਇਸ ਮੌਕੇ ਉਹਨਾਂ ਭਰੋਸਾ ਦੁਆਇਆ ਕਿ ਉਹਨਾਂ ਦੀ ਫਾਉਂਡੇਸ਼ਨ ਵੀ ਜਲਦੀ ਹੀ ਇਕ ਯੋਜਨਾ ਤਿਆਰ ਕਰ ਕੇ ਦਿੱਲੀ ਗੁਰਦੁਆਰਾ ਕਮੇਟੀ ਨਾਲ ਸਹਿਯੋਗੀ ਕਰੇਗੀ ਅਤੇ ਮਨੁੱਖਤਾ ਦੀ ਸੇਵਾ ਦੇ ਇਸ ਉਪਰਾਲੇ ਵਿਚ ਵਾਧੇ ਲਈ ਯੋਗਦਾਨ ਪਾਵੇਗੀ।

ਇਸ ਮੌਕੇ ਦਿੱਲੀ ਗੁਰਦੁਆਰਾ ਕਮੇਟੀ ਦੀ ਟੀਮ ਨੇ ਅਮਰੀਕੀ ਵਫਦ ਨੂੰ ਜੀ ਆਇਆਂ ਕਿਹਾ ਕਿ ਉਹਨਾਂ ਨੂੰ ਸਿਰੋਪਾਓ ਭੇਂਟ ਕਰ ਕੇ ਸਨਮਾਨਤ ਕੀਤਾ। ਇਸ ਮੌਕੇ ਕਮੇਟੀ ਦੀ ਟੀਮ ਨੇ ਕਮੇਟੀ ਵੱਲੋਂ ਪ੍ਰਦਾਨ ਕੀਤੀਆਂ ਜਾ ਰਹੀਆਂ ਸਿਹਤ ਸਹੂਲਤਾਂ, ਸਿੱਖਿਆ ਸਹੂਲਤਾਂ ਤੇ ਧਾਰਮਿਕ ਖੇਤਰ ਵਿਚ ਕੀਤੇ ਜਾ ਰਹੇ ਕਾਰਜਾਂ ਤੋਂ ਵਿਸਥਾਰ ਨਾਲ ਜਾਣੂ ਕਰਵਾਇਆ ਤੇ ਦੱਸਿਆ ਕਿ ਇਹ ਸਾਰੀਆਂ ਸੇਵਾਵਾਂ ਸੰਗਤਾਂ ਦੇ ਦਸਵੰਧ ਨਾਲ ਹੀ ਸੰਭਵ ਹੋਈਆਂ ਹਨ। ਕਮੇਟੀ ਦੀ ਟੀਮ ਨੇ ਦੱਸਿਆ ਕਿ ਇਹਨਾਂ ਸਿਹਤ ਸਹੂਲਤਾਂ ਦੇ ਸ਼ੁਰੂ ਹੋਣ ਨਾਲ ਹੁਣ ਤੱਕ ਹਜ਼ਾਰਾਂ ਮਰੀਜ਼ ਸਿਰਫ 50 ਰੁਪਏ ਵਿਚ ਐਮਆਰਆਈ ਤੇ ਸੀਟੀ ਸਕੈਨ, ਮੁਫਤ ਡਾਇਲਸਿਸ ਦੀ ਸਹੂਲਤ ਤੇ ਬਜ਼ਾਰ ਨਾਲੋਂ 10 ਤੋਂ 90 ਫੀਸਦੀ ਤੱਕ ਸਸਤੀਆਂ ਦਵਾਈਆਂ ਦੀ ਸਹੂਲਤ ਦਾ ਲਾਭ ਲੈ ਚੁੱਕੇ ਹਨ।

ਇਸ ਮੌਕੇ ਦਿੱਲੀ ਗੁਰਦੁਆਰਾ ਕਮੇਟੀ ਦੇ ਸਕੱਤਰ ਸਰਦਾਰ ਜਸਮੇਨ ਸਿੰਘ ਨੋਨੀ, ਮੈਂਬਰ ਅਤੇ ਬੰਗਲਾ ਸਾਹਿਬ ਹਸਪਤਾਲ ਦੇ ਚੇਅਰਮੈਨ ਸਰਦਾਰ ਭੁਪਿੰਦਰ ਸਿੰਘ ਭੁੱਲਰ, ਕਮੇਟੀ ਮੈਂਬਰ ਤੇ ਬਾਲਾ ਸਾਹਿਬ ਹਸਪਤਾਲ ਦੇ ਚੇਅਰਮੈਨ ਗੁਰਦੇਵ ਸਿੰਘ ਅਤੇ ਮੈਂਬਰ ਪ੍ਰਭਜੀਤ ਸਿੰਘ ਜੀਤੀ ਵੀ ਹਾਜ਼ਰ ਸਨ।