ਪਰਉਪਕਾਰੀ ਸਨ: ਮਹੰਤ ਜਵਾਹਰ ਸਿੰਘ, ਮਹੰਤ ਮੋਤੀ ਰਾਮ ਸਿੰਘ, ਮਹੰਤ ਰਣਜੀਤ ਸਿੰਘ ‘ਸੇਵਾਪੰਥੀ’
‘ਸੇਵਕ ਕਉ ਸੇਵਾ ਬਨਿ ਆਈ’॥ ਗੁਰਵਾਕ ਅਨੁਸਾਰ ਸਿੱਖੀ ਸਿਧਾਂਤਾਂ ਤੇ ਦਿ੍ਰੜ੍ਹਤਾ ਨਾਲ ਪਹਿਰਾ ਦਿੰਦੇ ਹੋਏ ਲੋਕਾਈ ਦੀ ਭਲਾਈ ਅਤੇ ਸੇਵਾ-ਸੰਭਾਲ ਦੇ ਅਨੂਠੇ ਕਾਰਜ ਵਿੱਚ ਲੀਨ ਭਾਈ ਕਨੱਈਆ ਰਾਮ ਜੀ ਨੇ ਨੌਂਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਬਖ਼ਸ਼ਿਸ਼ ਸਦਕਾ ਸੇਵਾ, ਸਿਮਰਨ ਤੇ ਵਿੱਦਿਆ ਦੇ ਮਹਾਨ ਕੇਂਦਰ ਉਸਾਰ ਕੇ ‘ਸੇਵਾਪੰਥੀ’ ਸੰਪਰਦਾਇ ਦੀ ਸਥਾਪਨਾ ਕੀਤੀ। ਸੇਵਾਪੰਥੀ ਸਾਧੂਆਂ ਨੇ ਆਪਣੇ ਹੱਥੀਂ ਵਾਣ ਵੱਟ ਕੇ, ਮੁੰਜ ਕੁੱਟ ਕੇ, ਦਸਾਂ-ਨਹੁੰਆਂ ਦੀ ਕਿਰਤ-ਕਮਾਈ ਕਰਕੇ ਥਾਂ-ਥਾਂ ਖੂਹ, ਟੋਭੇ, ਬਾਉਲੀਆਂ, ਮੰਦਰ, ਮਸਜਿਦ, ਗੁਰਦੁਆਰੇ ਬਣਾਏ। ਸੇਵਾਪੰਥੀ ਸਾਧੂਆਂ ਵਿੱਚ ਅਨੇਕਾਂ ਪਰ-ਉਪਕਾਰੀ ਸੰਤ ਹੋਏ ਹਨ, ਉਹਨਾਂ ਵਿੱਚੋਂ ਹੀ ਮਹੰਤ ਜਵਾਹਰ ਸਿੰਘ ਜੀ ਖੂੰਡੇ ਵਾਲੇ, ਮਹੰਤ ਮੋਤੀ ਰਾਮ ਸਿੰਘ ਜੀ, ਮਹੰਤ ਰਣਜੀਤ ਸਿੰਘ ਜੀ ‘ਸੇਵਾਪੰਥੀ’ ਹੋਏ ਹਨ।
ਗੁਰਦੁਆਰਾ ਮੋਹਨਪੁਰ (ਮੁਜ਼ੱਫਰਗੜ੍ਹ) ਪਾਕਿਸਤਾਨ ਤੇ ਹੁਣ ਗੁਰਦੁਆਰਾ ਡੇਰਾ ਮੋਹਨਪੁਰ 7956, ਗਲੀ ਨੰਬਰ 6, ਆਰਾਕਸ਼ਾਂ ਰੋਡ, ਪਹਾੜਗੰਜ ਨਵੀਂ ਦਿੱਲੀ-55 ਦੇ ਮੁਖੀ ਸੇਵਾਦਾਰਾਂ ਦੀ ਬੰਸਾਵਲੀ ਮੁਕਟਮਣੀ, ਬ੍ਰਹਮ-ਗਿਆਨੀ ਭਾਈ ਕਨੱਈਆ ਰਾਮ ਜੀ ਤੋਂ ਆਰੰਭ ਹੁੰਦੀ ਹੈ, ਉਹਨਾਂ ਦੇ ਮੁੱਖ ਪਥ-ਪ੍ਰਦਰਸ਼ਕਾਂ ਦੀ ਲੜੀ ਵਿੱਚ ਭਾਈ ਸੇਵਾ ਰਾਮ ਜੀ, ਭਾਈ ਅੱਡਣ ਸ਼ਾਹ ਜੀ, ਭਾਈ ਸੰਤੋਖਾ ਜੀ, ਭਾਈ ਕਿਸ਼ਨ ਚੰਦ ਜੀ, ਮਹੰਤ ਜਵਾਹਰ ਸਿੰਘ ਜੀ, ਮਹੰਤ ਮੋਤੀ ਰਾਮ ਸਿੰਘ ਜੀ, ਮਹੰਤ ਰਣਜੀਤ ਸਿੰਘ ਜੀ, ਸੰਤ ਰਾਮ ਸਿੰਘ ਜੀ ਤੇ ਵਰਤਮਾਨ ਗੱਦੀਨਸ਼ੀਨ ਮਹੰਤ ਮਹਿੰਦਰ ਸਿੰਘ ਜੀ ‘ਸੇਵਾਪੰਥੀ’ ਤੱਕ ਪੁੱਜਦੀ ਹੈ।
ਮਹੰਤ ਜਵਾਹਰ ਸਿੰਘ ਜੀ:- ਮਹੰਤ ਜਵਾਹਰ ਸਿੰਘ ਜੀ ਦਾ ਜਨਮ 1855 ਈ: ਸੰਮਤ 1912 ਬਿਕਰਮੀ ਨੂੰ ਪਿਤਾ ਭਾਈ ਮੋਹਰ ਸਿੰਘ ਦੇ ਘਰ ਮਾਤਾ ਨਰੈਣ ਦੇਵੀ ਜੀ ਦੀ ਕੁੱਖੋਂ ਪਿੰਡ ਜਹਾਨੀਆਂ ਸ਼ਾਹ ਜ਼ਿਲ੍ਹਾ ਸ਼ਾਹਪੁਰ (ਪਾਕਿਸਤਾਨ) ਵਿਖੇ ਹੋਇਆ। ਬਾਲ ਅਵਸਥਾ ਵਿੱਚ ਹੀ ਬਾਬਾ ਹਰੀ ਸਿੰਘ ਜੀ ਦੀ ਨਜ਼ਰੀਂ ਪੈ ਗਏ। ਉੱਥੇ ਹੀ ਵਿੱਦਿਆ ਪ੍ਰਾਪਤ ਕੀਤੀ। ਬਾਬਾ ਹਰੀ ਸਿੰਘ ਜੀ ਨੇ ਆਪ ਨੂੰ ਲੰਗਰ ਦੀ ਸੇਵਾ, ਝਾੜੂ ਦੀ ਸੇਵਾ, ਆਏ-ਗਏ ਯਾਤਰੂਆਂ ਦੀ ਸੇਵਾ ਸੌਂਪੀ। ਬਾਬਾ ਜਵਾਹਰ ਸਿੰਘ ਜੀ ਨਿੱਤ-ਨੇਮ ਅਨੁਸਾਰ ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨ ਉਪਰੰਤ ਗੁਰਬਾਣੀ ਦੇ ਨਿੱਤ-ਨੇਮ ਤੋਂ ਬਾਅਦ ਬਖ਼ਸ਼ੀ ਸੇਵਾ ਸ਼ੌਕ ਨਾਲ ਕਰਨੀ ਸ਼ੁਰੂ ਕਰ ਦਿੱਤੀ। ਬਾਬਾ ਜਵਾਹਰ ਸਿੰਘ, ਬਾਬਾ ਹਰੀ ਸਿੰਘ ਜੀ ਦਾ ਹਰ ਬਚਨ ਸਿਰ ਮੱਥੇ ਮੰਨਦੇ ਸਨ। ਲਗਾਤਾਰ 25 ਸਾਲ ਬਾਬਾ ਹਰੀ ਸਿੰਘ ਜੀ ਦੀ ਬਾਬਾ ਜਵਾਹਰ ਸਿੰਘ ਜੀ ਨੇ ਸੇਵਾ ਕੀਤੀ। ਉਹਨਾਂ ਕੋਲ ਜੋ ਵੀ ਆਉਂਦਾ, ਉਹ ਉਸ ਨੂੰ ਜਪੁਜੀ ਸਾਹਿਬ ਤੇ ਸੁਖਮਨੀ ਸਾਹਿਬ ਦਾ ਪਾਠ ਕਰਨ ਲਈ ਕਹਿੰਦੇ। ਮਿੱਠਾ ਟਿਵਾਣਾ (ਪਾਕਿਸਤਾਨ) ਵਿਖੇ ਮਹੰਤ ਜਵਾਹਰ ਸਿੰਘ ਨੇ ‘ਗੁਰੂ ਨਾਨਕ ਹਾਈ ਸਕੂਲ’ ਖੋਲ੍ਹਿਆ।
ਮਹੰਤ ਜਵਾਹਰ ਸਿੰਘ ਜੀ ਉਹਨਾਂ ਦਿਨਾਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਰਹੇ, ਜਦੋਂ ਇਸ ਦਾ ਮੈਂਬਰ ਹੋਣਾ ਫਾਂਸੀ ਦੀ ਸਜ਼ਾ ਸੀ। ਮਹੰਤ ਜਵਾਹਰ ਸਿੰਘ ਜੀ ਕੁਝ ਸਮਾਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅੰਮ੍ਰਿਤ ਛਕਾਉਣ ਵਾਲੇ ਪੰਜ ਪਿਆਰਿਆਂ ਵਿੱਚ ਸੇਵਾ ਕਰਦੇ ਰਹੇ। ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਅੰਸ਼-ਵੰਸ਼ ਬਾਬਾ ਸਾਹਿਬ ਸਿੰਘ ਜੀ ਬੇਦੀ ਤੇ ਮਹੰਤ ਜਵਾਹਰ ਸਿੰਘ ਜੀ ਦਾ ਅਤੁੱਟ ਵਿਸ਼ਵਾਸ, ਸਿਦਕ ਤੇ ਭਰੋਸਾ ਸੀ।
1947 ਵਿੱਚ ਪਾਕਿਸਤਾਨ ਬਣਨ ਤੋਂ ਬਾਅਦ ਆਪ ਨੇ ਹੁਸ਼ਿਆਰਪੁਰ ਮਾਡਲ ਟਾਉੂਨ ਵਿੱਚ ਸੇਵਾ ਅਸਥਾਨ ਸਥਾਪਿਤ ਕੀਤਾ। ਮਹੰਤ ਜਵਾਹਰ ਸਿੰਘ ਜੀ ਨੇ ਹਜ਼ਾਰਾਂ ਹੀ ਸਹਿਜਧਾਰੀਆਂ ਨੂੰ ਪ੍ਰੇਰਨਾ ਦੇ ਕੇ ਸਿੱਖ ਬਣਾਇਆ ਤੇ ਅਨੇਕਾਂ ਹੀ ਸਹਿਜਧਾਰੀਆਂ ਤੇ ਹੋਰ ਕਈਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਦੇ ਲੜ ਲਾਇਆ। ਸੇਵਾ ਅਸਥਾਨ ਡੇਰਾ ਹਰੀ ਭਗਤਪੁਰਾ ਵਿਖੇ ਆਏ-ਗਏ ਰਾਹਗੀਰ ਮੁਸਾਫ਼ਰਾਂ ਲਈ ਗੁਰੂ ਕਾ ਲੰਗਰ ਅਤੇ ਸੁੱਖ ਆਰਾਮ ਲਈ ਵਿਸ਼ਰਾਮ ਘਰ ਸਥਾਪਿਤ ਕੀਤੇ। ਆਪ ਜੀ ਨੇ ਸੂਰਮੇ (ਨੇਤਰਹੀਣ) ਸਿੰਘਾਂ ਨੂੰ ਹੱਥੀਂ ਇਸ਼ਨਾਨ ਕਰਾਉਣਾ, ਲੰਗਰ ਛਕਾਉਣ ਦੀ ਸੇਵਾ ਕੀਤੀ। ਸੇਵਾ ਤੇ ਸਿਮਰਨ ਦੇ ਪੁੰਜ ਮਹੰਤ ਜਵਾਹਰ ਸਿੰਘ ‘ਸੇਵਾਪੰਥੀ’ 15 ਫੱਗਣ ਸੰਮਤ 2015, 26 ਫ਼ਰਵਰੀ ਸੰਨ 1958 ਈ: ਦਿਨ ਬੁੱਧਵਾਰ ਨੂੰ 103 ਸਾਲ ਦੀ ਉਮਰ ਭੋਗ ਕੇ ਪ੍ਰਭੂ ਚਰਨਾਂ ਵਿੱਚ ਅਭੇਦ ਹੋ ਗਏ।
ਮਹੰਤ ਮੋਤੀ ਰਾਮ ਸਿੰਘ ਜੀ:- ਮਹੰਤ ਮੋਤੀ ਰਾਮ ਸਿੰਘ ਦਾ ਜਨਮ 1895 ਈ: ਸੰਮਤ 1952 ਬਿਕਰਮੀ ਨੂੰ ਨੂਰਪੁਰ ਥਲ (ਪਾਕਿਸਤਾਨ) ਵਿਖੇ ਹੋਇਆ। ਆਪ ਜੀ ਦੇ ਪਿਤਾ ਖੇਤੀਬਾੜੀ ਦਾ ਕੰਮ ਕਰਦੇ ਸਨ। ਇਹਨਾਂ ਦੀ ਇੱਕ ਭੈਣ ਸੀ। ਜਿਸ ਸਮੇਂ ਮਹੰਤ ਮੋਤੀ ਰਾਮ ਸਿੰਘ ਜੀ ਦੀ ਮਾਤਾ ਦਾ ਦਿਹਾਂਤ ਹੋਇਆ। ਉਸ ਸਮੇਂ ਮਹੰਤ ਜੀ ਦੀ ਉਮਰ 30 ਸਾਲ ਸੀ। ਮਹੰਤ ਜੀ ਜਾਤ ਦੇ ਨਾਗਪਾਲ ਸਨ। ਮਹੰਤ ਮੋਤੀ ਰਾਮ ਸਿੰਘ, ਮਹੰਤ ਆਸਾ ਸਿੰਘ ਜੀ ਦੇ ਗੁਰਭਾਈ ਤੇ ਮਹੰਤ ਗੁਲਾਬ ਸਿੰਘ ਜੀ ਦੇ ਚੇਲੇ ਸਨ। ਬਚਪਨ ਤੋਂ ਹੀ ਆਪ ਨੇਤਰਹੀਣ ਸਨ। ਮਹੰਤ ਗੁਲਾਬ ਸਿੰਘ ਜੀ ਨੇ ਇਹਨਾਂ (ਮੋਤੀ ਰਾਮ) ਦੀ ਬਾਂਹ ਸੰਤ ਅਮੀਰ ਸਿੰਘ ਜੀ ਨੂੰ ਫੜਾਈ ਤੇ ਕਿਹਾ ‘‘ਕਿ ਇਸ ਬੱਚੇ ਨੂੰ ਵਿੱਦਿਆ ਦੇਣੀ ਹੈ।’’ ਮਹੰਤ ਮੋਤੀ ਰਾਮ ਸਿੰਘ ਜੀ ਨੇ ਡੇਰਾ ਸੰਤ ਅਮੀਰ ਸਿੰਘ ਗਲੀ ਸੱਤੋਵਾਲੀ ਕਟੜਾ ਕਰਮ ਸਿੰਘ ਅੰਮ੍ਰਿਤਸਰ ਵਿਖੇ ਸੰਤ ਅਮੀਰ ਸਿੰਘ ਪਾਸੋਂ ਭਗਤ ਬਾਣੀ ਤੇ ਹੋਰ ਧਾਰਮਿਕ ਗ੍ਰੰਥਾਂ ਦੀ ਪੰਜ ਸਾਲ ਸੰਥਿਆ ਪ੍ਰਾਪਤ ਕੀਤੀ। ਮਹੰਤ ਜੀ ਨੂੰ ਜੋ ਵੀ ਸ਼ਬਦ ਇੱਕ ਵਾਰ ਯਾਦ ਕਰਵਾਇਆ ਜਾਂਦਾ, ਉਹ ਉਹਨਾਂ ਨੂੰ ਚੰਗੀ ਤਰ੍ਹਾਂ ਯਾਦ ਹੋ ਜਾਂਦਾ ਸੀ। ਉਹਨਾਂ ਦੀ ਯਾਦਦਾਸ਼ਤ ਬਹੁਤ ਤੇਜ਼ ਸੀ। ਮਹੰਤ ਜੀ ਅੰਮ੍ਰਿਤ ਵੇਲੇ ਰਾਤ ਨੂੰ ਇੱਕ ਵਜੇ ਉੱਠ ਕੇ, ਇਸ਼ਨਾਨ ਕਰਕੇ ਨਿੱਤ-ਨੇਮ ਦੀਆਂ ਬਾਣੀਆਂ ਦਾ ਪਾਠ ਕਰਦੇ ਸਨ।
ਪਾਕਿਸਤਾਨ ਬਣਨ ਤੋਂ ਬਾਅਦ ਲਟੁਕੜਾਂ ਡੇਰੇ ਦੀ ਜ਼ਮੀਨ ਬੱਸੀ ਉਮਰ ਖਾਂ ਹੁਸ਼ਿਆਰਪੁਰ ਅਲਾਟ ਹੋਈ। ਮਹੰਤ ਮੋਤੀ ਰਾਮ ਸਿੰਘ ਜੀ ਪਿੰਡ ਬੱਸੀ ਉਮਰ ਖਾਂ ਵੀ ਰਹਿੰਦੇ ਸਨ ਤੇ ਮਹੰਤ ਜਵਾਹਰ ਸਿੰਘ ਜੀ ਨਾਲ ਅਤਿ ਪੇ੍ਰਮ ਹੋਣ ਕਰਕੇ ਬਹੁਤਾ ਸਮਾਂ ਹੁਸ਼ਿਆਰਪੁਰ ਕਥਾ ਕਰਦੇ। ਆਪ ਜੀ ਦੀ ਕਥਾ ਬੜੀ ਪ੍ਰਭਾਵਸ਼ਾਲੀ ਸੀ। ਗੁਰਬਾਣੀ ਬਹੁਤ ਯਾਦ ਸੀ। ਇੱਥੋਂ ਤੱਕ ਕਿ ਸਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਯਾਦ ਸੀ। ਮਹੰਤ ਜਵਾਹਰ ਸਿੰਘ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਮਹੰਤ ਮੋਤੀ ਰਾਮ ਸਿੰਘ ਬਹੁਤ ਸਮਾਂ ਮਹੰਤ ਰਣਜੀਤ ਸਿੰਘ ਜੀ ਕੋਲ ਰਹਿੰਦੇ। ਮਹੰਤ ਮੋਤੀ ਰਾਮ ਸਿੰਘ ਜੀ ਕਥਾ ਬਹੁਤ ਸੁੰਦਰ ਕਰਦੇ, ਮਹੰਤ ਜੀ ਜਦੋਂ ਕਥਾ ਕਰਦੇ ਸਨ ਤਾਂ ਸੰਗਤਾਂ ਇੱਕ ਮਨ ਇੱਕ ਚਿੱਤ ਹੋ ਕੇ ਸਰਵਣ ਕਰਦੀਆਂ ਸਨ।
ਮਹੰਤ ਮੋਤੀ ਰਾਮ ਸਿੰਘ ਜੀ ਜਿਉੂਂਦੇ-ਜੀਅ ਹੀ ਆਪਣੇ ਚੇਲੇ ਸੰਤ ਰਾਮ ਸਿੰਘ ਨੂੰ ਆਪਣੀ ਥਾਂ ਥਾਪ (ਨਿਯੁਕਤ ਕਰ) ਗਏ ਸਨ। ਸੇਵਾ ਦੇ ਪੁੰਜ, ਗੁਰਬਾਣੀ ਦੇ ਰਸੀਏ, ਤਿਆਗੀ, ਵੈਰਾਗੀ, ਮਹੰਤ ਮੋਤੀ ਰਾਮ ਸਿੰਘ ਜੀ ‘ਸੇਵਾਪੰਥੀ’ ਡੇਰਾ (ਗੁਰਦੁਆਰਾ) ਮੋਹਨਪੁਰ ਆਰਾਕਸ਼ਾਂ ਰੋਡ, ਪਹਾੜਗੰਜ, ਨਵੀਂ ਦਿੱਲੀ ਵਿਖੇ 82 ਸਾਲ ਦੀ ਉਮਰ ਬਤੀਤ ਕਰਕੇ 2 ਫ਼ਰਵਰੀ 1977 ਈ: ਨੂੰ ਸੱਚ-ਖੰਡ ਜਾ ਬਿਰਾਜੇ।
ਮਹੰਤ ਰਣਜੀਤ ਸਿੰਘ ਜੀ:- ਮਹੰਤ ਰਣਜੀਤ ਸਿੰਘ ਜੀ ਦਾ ਜਨਮ ਪਿੰਡ ਕਾਲੜੂਵਾਲ ਤਹਿਸੀਲ ਭੱਖਰ ਜ਼ਿਲ੍ਹਾ ਮੀਆਂਵਾਲੀ (ਪਾਕਿਸਤਾਨ) ਵਿਖੇ ਪਿਤਾ ਸ੍ਰ: ਹਿੰਮਤ ਸਿੰਘ ਦੇ ਘਰ ਮਾਤਾ ਧਰਮ ਕੌਰ ਦੀ ਕੁੱਖੋਂ ਸੰਨ 1917 ਈ: ਸੰਮਤ 1974 ਬਿਕਰਮੀ ਵਿੱਚ ਹੋਇਆ। ਮਹੰਤ ਰਣਜੀਤ ਸਿੰਘ ਬਚਪਨ ਤੋਂ ਹੀ ਸਾਧੂ-ਸੁਭਾਅ ਦੇ ਸਨ। ਉਹਨਾਂ ਆਪਣੇ ਪਰਿਵਾਰ ਨਾਲ ਵੀ ਕਦੇ ਮੋਹ ਨਹੀਂ ਸੀ ਰੱਖਿਆ।
ਮਹੰਤ ਰਣਜੀਤ ਸਿੰਘ ਮੰਡੀ ਸਿੱਲਾਂਵਾਲੀ ਵਿਖੇ ਮਜ਼ਦੂਰੀ ਕਰਦੇ ਸਨ। ਰੋਜ਼ਾਨਾ ਸਵੇਰੇ-ਸ਼ਾਮ ਗੁਰਦੁਆਰਾ ਸਿੰਘ ਸਭਾ ਵਿਖੇ ਜਾਂਦੇ ਸਨ। ਮਹੰਤ ਜਵਾਹਰ ਸਿੰਘ ਜੀ ਖੂੰਡੇ ਵਾਲੇ ਮੰਡੀ ਸਿੱਲਾਂਵਾਲੀ ਵਿਖੇ ਗੁਰਮਤਿ ਦਾ ਪ੍ਰਚਾਰ ਕਰਨ ਲਈ ਆਉਂਦੇ ਸਨ। ਮਹੰਤ ਜਵਾਹਰ ਸਿੰਘ ਜੀ ਜਦੋਂ ਕਥਾ ਕਰਦੇ ਸਨ ਤਾਂ ਰਣਜੀਤ ਸਿੰਘ ਇੱਕ ਮਨ ਇੱਕ ਚਿੱਤ ਹੋ ਕੇ ਕਥਾ ਸੁਣਦੇ ਸਨ। ਇਹਨਾਂ ਨੂੰ ਲਗਨ ਲੱਗ ਗਈ ਤੇ ਮਿੱਠੇ ਟਿਵਾਣੇ ਮਹੰਤ ਜਵਾਹਰ ਸਿੰਘ ਜੀ ਕੋਲ 17-18 ਸਾਲ ਦੀ ਉਮਰ ਵਿੱਚ ਚਲੇ ਗਏ। ਡੇਰੇ ਵਿੱਚ ਲੰਗਰ ਤਿਆਰ ਕਰਨ ਤੇ ਛਕਾਉਣ, ਜਲ ਛਕਾਉਣ ਤੇ ਸਫ਼ਾਈ ਕਰਨ ਦੀ ਸੇਵਾ ਕੁਝ ਸਮਾਂ ਕਰਦੇ ਰਹੇ। ਉਸ ਤੋਂ ਬਾਅਦ ਮਹੰਤ ਜਵਾਹਰ ਸਿੰਘ ਜੀ ਨੇ ਮੰਡੀ ਬਹਾਉਦੀਨ ਵਿਖੇ ਸੰਤ ਪੰਡਿਤ ਨਿਸ਼ਚਲ ਸਿੰਘ ਜੀ ਕੋਲ ਭੇਜ ਦਿੱਤਾ। ਮਹੰਤ ਰਣਜੀਤ ਸਿੰਘ ਜੀ ਨੇ ਇੱਥੇ ਹੀ ਪੰਜ ਗ੍ਰੰਥੀ, ਭਗਤ ਬਾਣੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਸੰਤ ਨਿਸ਼ਚਲ ਸਿੰਘ ਜੀ ਪਾਸੋਂ ਪ੍ਰਾਪਤ ਕੀਤੀ।
ਮਹੰਤ ਰਣਜੀਤ ਸਿੰਘ ਜੀ, ਮਹੰਤ ਜਵਾਹਰ ਸਿੰਘ ਜੀ ਦੇ ਚੇਲੇ ਸਨ। ਮਹੰਤ ਜਵਾਹਰ ਸਿੰਘ ਨੇ ਗੁਰਦੁਆਰਾ ਮੋਹਨਪੁਰ ਦੀ ਇਮਾਰਤ ਦੀ ਸੇਵਾ ਸ਼ੁਰੂ ਕੀਤੀ। ਦੋ ਸਾਲ ਦੇ ਅੰਦਰ-ਅੰਦਰ 10-12 ਆਲੀਸ਼ਾਨ ਕਮਰੇ, ਬਰਾਂਡਾ, ਵੱਡਾ ਹਾਲ ਕਮਰਾ ਬਣਾਇਆ। ਉਸ ਤੋਂ ਦੋ ਸਾਲ ਬਾਅਦ ਮਹੰਤ ਜਵਾਹਰ ਸਿੰਘ ਜੀ ਨੇ ਆਪਣੇ ਹੱਥੀਂ ਤਿਲਕ ਲਾ ਕੇ ਰਣਜੀਤ ਸਿੰਘ ਜੀ ਨੂੰ ‘‘ਮਹੰਤ’’ ਥਾਪਿਆ ਤੇ ਗੁਰਦੁਆਰੇ ਦੀ ਸੇਵਾ-ਸੰਭਾਲ ਪੱਕੇ ਤੌਰ ’ਤੇ ਸੌਂਪ ਦਿੱਤੀ। ਗੁਰਦੁਆਰਾ ਮੋਹਨਪੁਰ ਦੀ 20 ਵਿੱਘੇ ਜ਼ਮੀਨ ਸੀ।
ਦੇਸ਼ ਵੰਡ ਤੋਂ ਬਾਅਦ ਗੂੜਾ ਜ਼ਿਲ੍ਹਾ ਮਹਿੰਦਰਗੜ੍ਹ ਵਿਖੇ ਮਹੰਤ ਰਣਜੀਤ ਸਿੰਘ ਜੀ ਨੇ ਇੱਕ ਪਾਣੀ ਵਾਲੀ ਟੈਂਕੀ ਤਿਆਰ ਕਰਵਾਈ ਜਿਸ ਤੇ ਉਸ ਵੇਲੇ 11000 ਰੁਪਏ ਖ਼ਰਚ ਆਏ ਸਨ। ਮਹੰਤ ਰਣਜੀਤ ਸਿੰਘ ਜੀ ਨੇ ਪਾਣੀ ਵਾਲੀ ਟੈਂਕੀ ਦਾ ਉਦਘਾਟਨ ਵੀ ਆਪਣੇ ਕਰ-ਕਮਲਾਂ ਦੁਆਰਾ ਕੀਤਾ। ਅੱਜ ਵੀ ਇਹ ਟੈਂਕੀ ਰੇਲਵੇ ਸਟੇਸ਼ਨ ਤੇ ਸਥਿਤ ਹੈ। ਇਸ ਟੈਂਕੀ ਦਾ ਪਾਣੀ ਸਕੂਲ ਤੇ ਸਟੇਸ਼ਨ ਦੋਨਾਂ ਨੂੰ ਜਾਂਦਾ ਹੈ। ਮਹੰਤ ਰਣਜੀਤ ਸਿੰਘ ਜੀ ਦੀ ਯਾਦ ਵਿੱਚ ਬਣੀ ਪਾਣੀ ਵਾਲੀ ਟੈਂਕੀ ਤੇ ਪੱਥਰ ਵੀ ਲੱਗਿਆ ਹੋਇਆ ਹੈ।
ਮਹੰਤ ਰਣਜੀਤ ਸਿੰਘ ਜੀ ਨੇ ਦਿੱਲੀ ਵਿਖੇ ਸਾਰੀਆਂ ਕਬਰਾਂ ਪੁੱਟ ਕੇ, ਸੰਗਤਾਂ ਨੂੰ ਪੇ੍ਰਰ ਕੇ ਤੇ ਆਪ ਹੱਥੀਂ ਸੇਵਾ ਕਰਕੇ ਗੁਰਦੁਆਰੇ ਦੀ ਇਮਾਰਤ ਤਿਆਰ ਕਰਵਾਈ। ਆਪ ਕੈਂਸਰ ਦੀ ਬਿਮਾਰੀ ਤੋਂ ਪੀੜ੍ਹਤ ਸਨ। ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਮਹੰਤ ਰਣਜੀਤ ਸਿੰਘ ਜੀ ਨੇ ਹਸਪਤਾਲ ਵਿੱਚ ਹੀ ਆਪਣੇ ਛੋਟੇ ਭਰਾ ਪ੍ਰੇਮ ਸਿੰਘ ਨੂੰ ਕਿਹਾ ਕਿ ਮੈਨੂੰ ਗੁਰਦੁਆਰਾ ਸਾਹਿਬ ਲੈ ਚੱਲੋ। ਗੁਰਦੁਆਰਾ ਡੇਰਾ ਮੋਹਨਪੁਰ, ਪਹਾੜਗੰਜ ਨਵੀਂ ਦਿੱਲੀ ਵਿਖੇ ਸੇਵਾ ਦੀ ਮੂਰਤ ਮਹੰਤ ਰਣਜੀਤ ਸਿੰਘ ਜੀ ‘ਸੇਵਾਪੰਥੀ’ 25 ਅਪੈ੍ਰਲ 1982 ਈ: ਨੂੰ ਦੁਪਹਿਰ 1 ਵਜੇ 65 ਸਾਲ ਦੀ ਉਮਰ ਬਤੀਤ ਕਰਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ।
ਗੁਰਦੁਆਰਾ ਡੇਰਾ ਮੋਹਨਪੁਰ, 7956, ਆਰਾਕਸ਼ਾਂ ਰੋਡ, ਗਲੀ ਨੰਬਰ 6, ਪਹਾੜਗੰਜ, ਨਵੀਂ ਦਿੱਲੀ ਵਿਖੇ ਸ਼੍ਰੀਮਾਨ ਮਹੰਤ ਮਹਿੰਦਰ ਸਿੰਘ ਜੀ ‘ਸੇਵਾਪੰਥੀ’ ਦੀ ਸਰਪ੍ਰਸਤੀ ਹੇਠ ਬ੍ਰਹਮ-ਗਿਆਨੀ ਮਹੰਤ ਜਵਾਹਰ ਸਿੰਘ ਜੀ ‘ਸੇਵਾਪੰਥੀ’ ਖੂੰਡੇ ਵਾਲਿਆਂ ਦਾ 65ਵਾਂ ਸਾਲਾਨਾ ਯੱਗ-ਸਮਾਗਮ, ਮਹੰਤ ਮੋਤੀ ਰਾਮ ਸਿੰਘ ਜੀ ‘ਸੇਵਾਪੰਥੀ’ ਦੀ 46ਵੀਂ ਬਰਸੀ, ਮਹੰਤ ਰਣਜੀਤ ਸਿੰਘ ਜੀ ‘ਸੇਵਾਪੰਥੀ’ ਦੀ 41ਵੀ ਬਰਸੀ ਤਿੰਨੇ ਇਕੱਠੀਆਂ ਹੀ 24, 25 ਤੇ 26 ਫ਼ਰਵਰੀ ਦਿਨ ਸ਼ੁੱਕਰਵਾਰ, ਸ਼ਨੀਵਾਰ ਤੇ ਐਤਵਾਰ ਨੂੰ ਬੜੇ ਪੇ੍ਰਮ, ਸ਼ਰਧਾ ਤੇ ਉਤਸ਼ਾਹ ਨਾਲ ਮਨਾਈਆਂ ਜਾ ਰਹੀਆਂ ਹਨ।
24 ਫ਼ਰਵਰੀ ਦਿਨ ਸ਼ੁੱਕਰਵਾਰ ਨੂੰ ਅੰਮ੍ਰਿਤ ਵੇਲੇ 4 ਵਜੇ ਤੋਂ 9 ਵਜੇ ਤੱਕ ਅਤੇ ਸ਼ਾਮ ਨੂੰ 6 ਵਜੇ ਤੋਂ ਰਾਤ 9 ਵਜੇ ਤੱਕ ਕੀਰਤਨ ਦਰਬਾਰ ਹੋਵੇਗਾ। 25 ਫ਼ਰਵਰੀ ਦਿਨ ਸ਼ਨੀਵਾਰ ਨੂੰ ਅੰਮ੍ਰਿਤ ਵੇਲੇ 4 ਵਜੇ ਤੋਂ 9 ਵਜੇ ਤੱਕ ਕੀਰਤਨ ਦਰਬਾਰ ਹੋਵੇਗਾ। ਦੁਪਹਿਰ 1 ਵਜੇ ਤੋਂ 4 ਵਜੇ ਤੱਕ ਇਸਤਰੀ ਸਤਿਸੰਗ ਸਭਾ ਵੱਲੋਂ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਹੋਵੇਗਾ। ਇਸੇ ਦਿਹਾੜੇ ਸ਼ਾਮ ਨੂੰ 6 ਵਜੇ ਤੋਂ ਰਾਤ 10 ਵਜੇ ਤੱਕ ਕੀਰਤਨ ਦਰਬਾਰ ਹੋਵੇਗਾ। ਬਾਬਾ ਸਰਬਜੀਤ ਸਿੰਘ ਜੀ ਦਿੱਲੀ ਵਾਲੇ ਰਾਤ 8:30 ਵਜੇ ਤੋਂ 10 ਵਜੇ ਤੱਕ ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ। 26 ਫ਼ਰਵਰੀ ਨੂੰ ਅੰਮ੍ਰਿਤ ਵੇਲੇ 4 ਵਜੇ ਤੋਂ ਸ਼ਾਮ ਤੱਕ ਦੀਵਾਨ ਸਜਣਗੇ। ਤਿੰਨ ਰੋਜ਼ਾ ਸਮਾਗਮ ਵਿੱਚ ਮਹੰਤ ਕਰਮਜੀਤ ਸਿੰਘ ਜੀ, ਮਹੰਤ ਕਾਹਨ ਸਿੰਘ ਜੀ, ਮਹੰਤ ਪਿ੍ਰਤਪਾਲ ਸਿੰਘ ਜੀ, ਮਹੰਤ ਚਮਕੌਰ ਸਿੰਘ ਜੀ, ਮਹੰਤ ਦਿਲਬਾਗ ਸਿੰਘ ਜੀ, ਮਹੰਤ ਸੁਰਿੰਦਰ ਸਿੰਘ ਜੀ ‘ਸੇਵਾਪੰਥੀ’, ਬਾਬਾ ਅਵਤਾਰ ਸ਼ਾਹ ਸਿੰਘ ਜੀ, ਭਾਈ ਸਿਮਰਪ੍ਰੀਤ ਸਿੰਘ ਜੀ, ਭਾਈ ਭੁਪਿੰਦਰ ਸਿੰਘ ਜੀ ਦੋਨੋਂ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਭਾਈ ਅੰਮ੍ਰਿਤਪਾਲ ਸਿੰਘ ਜੀ ਜਲੰਧਰ, ਭਾਈ ਜਰਨੈਲ ਸਿੰਘ ਜੀ ਦੇਹਰਾਦੂਨ, ਭਾਈ ਗੁਰਮੀਤ ਸਿੰਘ ਜੀ ਸੰਤ ਖ਼ਾਲਸਾ, ਭਾਈ ਗੁਰਦੇਵ ਸਿੰਘ ਜੀ ਰੋਹਤਕ, ਭਾਈ ਗੁਰਮੇਲ ਸਿੰਘ ਜੀ ਦਿੱਲੀ, ਭਾਈ ਮਹਿਤਾਬ ਸਿੰਘ ਜੀ ਅੰਮ੍ਰਿਤਸਰ, ਭਾਈ ਜਗਜੀਤ ਸਿੰਘ ਜੀ ਦਿੱਲੀ ਗੁਰਬਾਣੀ ਦੇ ਰਸ-ਭਿੰਨੇ ਕੀਰਤਨ ਤੇ ਗੁਰਮਤਿ ਵਿਚਾਰਾਂ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ। ਰੱਬ ਦਾ ਰੇਡੀਓ ਗੁਰਬਾਣੀ ਤੋਂ ਸਮਾਗਮ ਦਾ ਸਿੱਧਾ ਪ੍ਰਸਾਰਣ ਹੋਵੇਗਾ। ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਮਹੰਤ ਮਹਿੰਦਰ ਸਿੰਘ ਜੀ ‘ਸੇਵਾਪੰਥੀ’ ਵੱਲੋਂ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਸਮਾਗਮ ਵਿੱਚ ਪਹੁੰਚਣ ਲਈ ਸਨਿਮਰ ਬੇਨਤੀ ਕੀਤੀ ਜਾਂਦੀ ਹੈ।
ਕਰਨੈਲ ਸਿੰਘ ਐੱਮ.ਏ.ਲੁਧਿਆਣਾ
#1138/63-ਏ, ਗੁਰੂ ਤੇਗ਼ ਬਹਾਦਰ ਨਗਰ,
ਗਲੀ ਨੰਬਰ 1, ਚੰਡੀਗੜ੍ਹ ਰੋਡ, ਜਮਾਲਪੁਰ, ਲੁਧਿਆਣਾ