ਅਕਾਲੀ ਬਾਬਾ ਫੂਲਾ ਸਿੰਘ ਦੀ ਸ਼ਹੀਦੀ ਸ਼ਤਾਬਦੀ ਸਬੰਧੀ ਬੁੱਢਾ ਦਲ ਵੱਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮਹਾਨ ਗੁਰਮਤਿ ਸਮਾਗਮ 26 ਫਰਵਰੀ

 ਅਨੰਦਪੁਰ ਸਾਹਿਬ,  20 ਫਰਵਰੀ (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ)  ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਨਿਹੰਗ ਸਿੰਘ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਸ਼ਹੀਦੀ ਸ਼ਤਾਬਦੀ ਸਮਾਗਮਾਂ ਦੀ ਰੂਪ ਰੇਖਾ ਦਸਦਿਆਂ ਕਿਹਾ ਕਿ ਸਿੰਘ ਸਾਹਿਬ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਦੀ ਦੂਜੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਨਿਹੰਗ ਸਿੰਘਾਂ ਦੀ ਮੁਖ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸ਼੍ਰੋਮਣੀ ਸੇਵਾ ਰਤਨ ਸ਼੍ਰੋਮਣੀ ਪੰਥ ਰਤਨ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਅਗਵਾਈ ਤੇ ਯੋਜਨਾ ਹੇਠ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਵੱਖ- ਵੱਖ ਅਸਥਾਨਾਂ ਤੇ ਗੁਰਮਤਿ ਸਮਾਗਮ ਹੋ ਰਹੇ ਹਨ ਏਸੇ ਲੜ੍ਹੀ ਤਹਿਤ 26 ਫਰਵਰੀ ਨੂੰ ਵਿਸ਼ੇਸ਼ ਮਹਾਨ ਗੁਰਮਤਿ ਸਮਾਗਮ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਵੇਗਾ। ਸ. ਬੇਦੀ ਨੇ ਦਸਿਆ ਕਿ ਅਨੰਦਾਂ ਦੀ ਪੁਰੀ ਖਾਲਸੇ ਦੇ ਪ੍ਰਗਟ ਅਸਥਾਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ 26 ਫਰਵਰੀ ਨੂੰ ਸ਼ੋ੍ਰਮਣੀ ਪੰਥ ਅਕਾਲੀ ਬੁੱਢਾ ਦਲ ਦੇ ਛੇਵੇਂ ਮੁਖੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਦੂਜੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸਮਾਗਮ ਹੋਵੇਗਾ। 24 ਫਰਵਰੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਅਰੰਭ ਹੋ ਜਾਣਗੇ ਅਤੇ 26 ਫਰਵਰੀ ਨੂੰ ਭੋਗ ਪੈਣਗੇ ਉਪਰੰਤ ਗੁਰਬਾਣੀ ਕੀਰਤਨ, ਪੰਥ ਪ੍ਰਸਿੱਧ ਰਾਗੀ, ਢਾਡੀ ਅਤੇ ਗੁਰਮਤਿ ਦੇ ਵਿਦਵਾਨ ਆਪੋ ਆਪਣੇ ਵਿਖਿਆਨਾਂ ਰਾਹੀਂ ਅਕਾਲੀ ਬਾਬਾ ਫੂਲ਼ਾ ਜੀ ਦੇ ਜੀਵਨ ਫਲਸਫੇ ਨੂੰ ਸੰਗਤਾਂ ਨਾਲ ਸਾਂਝਾ ਕਰਨਗੇ। ਉਨ੍ਹਾਂ ਦਸਿਆ ਕਿ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ, ਤਖ਼ਤ ਸ੍ਰੀ ਹਜ਼ੂਰ ਸਾਹਿਬ ਅਬਿਚਲ ਨਗਰ ਨਾਂਦੇੜ, ਮਹਾਂਨਗਰ ਇੰਦੋਰ, ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ, ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਬਿਹਾਰ ਅਤੇ ਗੁੁਰਦੁਆਰਾ ਜਨਮ ਅਸਥਾਨ ਅਕਾਲੀ ਬਾਬਾ ਫੂਲਾ ਸਿੰਘ ਦੇਹਲਾਂ ਸੀਹਾਂ ਜ਼ਿਲ੍ਹਾ ਸੰਗਰੂਰ ਵਿਖੇ ਇਸ ਸਬੰਧੀ ਮਹਾਨ ਗੁਰਮਤਿ ਸਮਾਗਮ ਹੋ ਚੁਕੇ ਹਨ। ਉਨ੍ਹਾਂ ਹੋਰ ਦਸਿਆ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਹੋਣ ਵਾਲੇ ਗੁਰਮਤਿ ਸਮਾਗਮ ਵਿਚ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਐਡੋਕੇਟ ਸ. ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੰਘ ਸਾਹਿਬ ਗਿਆਨੀ ਰਘੁਬੀਰ ਸਿੰਘ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਦੇ ਗਿਆਨੀ ਤਰਸੇਮ ਸਿੰਘ ਮੋਰਾਂਵਾਲੀ ਢਾਡੀ ਜੱਥਾ, ਭਾਈ ਜਰਨੈਲ ਸਿੰਘ ਕੁਹਾੜਕਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਗਿਆਨੀ ਪ੍ਰਿਤਪਾਲ ਸਿੰਘ ਕਥਾਵਾਚਕ, ਗਿਆਨੀ ਹਰਦੀਪ ਸਿੰਘ ਸ੍ਰੀ ਅਨੰਦਪੁਰ ਸਾਹਿਬ, ਬਾਬਾ ਮਨਮੋਹਨ ਸਿੰਘ ਬਾਰਨਵਾਲੇ, ਭਾਈ ਹਰਜੀਤ ਸਿੰਘ ਮਹਿਤਾ ਚੌਂਕ ਵਾਲੇ ਗੁਰੂ ਜਸ ਗਾਇਨ ਕਰਕੇ ਸੰਗਤਾਂ ਨੂੰ ਨਿਹਾਲ ਕਰਨਗੇ। ਇਨ੍ਹਾਂ ਤੋਂ ਇਲਾਵਾ ਗੁਰਦੁਆਰਾ ਪ੍ਰਬੰਧਕ ਕਮੇਟੀ, ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ ਸਾਹਿਬਾਨ, ਸੰਤ ਮਹਾਂਪੁਰਸ਼, ਦਮਦਮੀ ਟਕਸਾਲ, ਕਾਰ ਸੇਵਾ ਵਾਲੇ ਸੰਤ, ਨਿਰਮਲੇ ਉਦਾਸੀ, ਧਾਰਮਿਕ ਸੇਵਾ ਸੁਸਾਇਟੀਆਂ, ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਹੋਰ ਵੀ ਸੰਤ ਮਹਾਂਪਰਸ਼ ਵਿਸ਼ੇਸ਼ ਤੌਰ ਤੇ ਸਮੂਲੀਅਤ ਕਰਨਗੇ। ਉਨ੍ਹਾਂ ਹੋਰ ਕਿਹਾ ਏਸੇ ਤਰ੍ਹਾਂ ਸ਼ਤਾਬਦੀ ਨੂੰ ਸਮਰਪਿਤ 28 ਫਰਵਰੀ ਨੂੰ ਗੁਰਦੁਆਰਾ ਕਿਲ੍ਹਾ ਨਿਰਮੋਹਗੜ੍ਹ ਸਾਹਿਬ ਅਤੇ ਗੁਰਦੁਆਰਾ ਅੰਗੀਠਾ ਸਾਹਿਬ ਸ਼ਹੀਦ ਸਿੰਘਾਂ ਪਾਤਸ਼ਾਹੀ ਦਸਵੀਂ ਵਿਖੇ ਹੋਵੇਗਾ।