ਸ਼ਹੀਦੀ ਫਤਿਹ ਮਾਰਚ ਦੇਹਲਾਂ ਸੀਹਾਂ ਤੋਂ ਖਾਲਸਾਈ ਸੱਜਧੱਜ ਨਾਲ ਅਗਲੇ ਪੜਾ ਲਈ ਰਵਾਨਾ

ਸ਼ਹੀਦਾਂ ਦਾ ਖੂਨ ਕੌਮ ਅੰਦਰ ਨਵੀਂ ਜਾਗਰਤੀ ਪੈਦਾ ਕਰਦਾ ਹੈ: ਹਰਜਿੰਦਰ ਸਿੰਘ ਧਾਮੀ

ਬਾਬਾ ਫੂਲਾ ਸਿੰਘ ਦੇ ਸ਼ਹੀਦੀ ਅਸਥਾਨ ਪਾਕਿਸਤਾਨ ਵਿਚ ਸਮਾਗਮ ਹੋਵੇਗਾ- ਬਾਬਾ ਬਲਬੀਰ ਸਿੰਘ

ਮੂਨਕ/ਦੇਹਲਾਂਸੀਹਾਂ 12 ਫਰਵਰੀ (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ) ਨਿਹੰਗ ਸਿੰਘਾਂ ਦੀ ਮੁੱਖ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਛੇਵੇਂ ਮੁਖੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ ਸਿੰਘ ਸਾਹਿਬ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਗੁਰਦੁਆਰਾ ਜਨਮ ਅਸਥਾਨ ਦੇਹਲਾਂ ਸੀਹਾਂ ਤੋਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਇਕ ਵਿਸ਼ਾਲ ਸ਼ਹੀਦੀ ਫਤਿਹ ਮਾਰਚ ਪੂਰੀ ਖਾਲਸਾਈ ਸੱਜ ਧੱਜ ਨਾਲ ਅਰੰਭ ਕੀਤਾ ਗਿਆ। ਇਸ ਤੋਂ ਪਹਿਲਾਂ ਪਰਸੋਂ ਰੋਜ਼ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੱਖੇ ਅਖੰਡ ਪਾਠ ਦੇ ਭੋਗ ਪਾਏ ਗਏ। ਰਾਗੀ ਜਥਿਆਂ ਨੇ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ। ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਹਰਜਿੰਦਰ ਸਿੰਘ ਧਾਮੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਸਾਡਾ ਸਤਿਕਾਰਤ ਦਲਪੰਥ ਹੈ। ਕੌਮ ਦੇ ਮਹਾਨ ਯੋਧੇ ਜੋ ਬੁੱਢਾ ਦਲ ਦੇ ਮੁਖੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਮਿਸਾਲੀ ਜਥੇਦਾਰ ਰਹੇ ਦੀ ਸ਼ਤਾਬਦੀ ਬੁੱਢਾ ਦਲ ਤੇ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਮਨਾਈ ਜਾ ਰਹੀ ਹੈ। ਇਹ ਸ਼ਹੀਦੀ ਫਤਿਹ ਮਾਰਚ ਯਾਦਗਾਰੀ ਤੇ ਇਤਿਹਾਸਕ ਹੈ ਕਿਉਂ ਕਿ ਪੂਰੇ ਦੋ ਸੌ ਸਾਲ ਗੁਜ਼ਰ ਗਏ ਏਡਾ ਵੱਡਾ ਉਪਰਾਲਾ ਨਹੀਂ ਹੋ ਸਕਿਆ, ਹੁਣ ਇਹ ਸ਼ਤਾਬਦੀ ਇਤਿਹਾਸ ਵਿਚ ਦਰਜ਼ ਹੋਵੇਗੀ। ਉਨ੍ਹਾਂ ਕਿਹਾ ਸ਼ਹੀਦਾਂ ਦਾ ਖੂਨ ਕੌਮ ਅੰਦਰ ਨਵੀਂ ਜਾਗਰਤੀ ਪੈਦਾ ਕਰਦਾ ਹੈ। ਇਸ ਨਗਰ ਦੇਹਲਾਂ ਸੀਹਾਂ ਦਾ ਅਤੇ ਅਕਾਲੀ ਫੂਲਾ ਸਿੰਘ ਜੀ ਦਾ ਨਾਂ ਸੰਸਾਰ ਭਰ ਦੇ ਸ਼ਹੀਦਾਂ ਦੀ ਕਤਾਰ ਵਿਚ ਚੱਮਕਦਾ ਰਹੇਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਹਰਜਿੰਦਰ ਸਿੰਘ ਧਾਮੀ ਨੂੰ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਅਕਾਲੀ ਨੇ ਸਿਰਪਾਓ, ਸ੍ਰੀ ਸਾਹਿਬ ਤੇ ਯਾਦਗਾਰੀ ਚਿੰਨ੍ਹ ਨਾਲ ਸਨਮਾਨਿਤ ਕੀਤਾ। ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਕਿ ਆਪਣੇ ਪੁਰਖਿਆਂ ਨੂੰ ਯਾਦ ਕਰਨਾ ਸਾਡਾ ਫਰਜ ਹੈ। ਖਾਸਕਰ ਜਿਹੜੇ ਪੰਥ ਦਾ ਮੈਂ ਮੁਖੀ ਹਾਂ ਉਸ ਸੰਸਥਾ ਮੁਖੀਆਂ ਦੇ ਦਿਹਾੜੇ ਤਾਂ ਮਨਾਏ ਜਾਣੇ ਲਾਜਮੀ ਹਨ। ਉਨ੍ਹਾਂ ਦਸਿਆ ਕਿ 2017 ਦੇ ਵਿੱਚ ਬੁੱਢਾ ਦਲ ਦੇ ਚੋਥੇ ਮੁਖੀ ਬਾਬਾ ਜੱਸਾ ਸਿੰਘ ਆਹਲੂਵਾਲੀਆ ਦੀ ਜਨਮ ਸ਼ਤਾਬਦੀ ਵੀ ਬੁੱਢਾ ਦਲ ਵੱਲੋਂ ਚੜਦੀਕਲਾ ਚ ਮਨਾਈ ਗਈ ਸੀ। ਹੁਣ ਅਕਾਲੀ ਬਾਬਾ ਫੂਲਾ ਸਿੰਘ ਦੀ ਸ਼ਹੀਦੀ ਸ਼ਤਾਬਦੀ ਮਨਾਈ ਜਾ ਰਹੀ ਹੈ। ਇਹ ਸ਼ਤਾਬਦੀ ਸਮਾਗਮ 2024 ਮਾਰਚ ਤੀਕ ਚੱਲਦੇ ਰਹਿਣਗੇ। ਉਨ੍ਹਾਂ ਕਿਹਾ ਪਾਕਿਸਤਾਨ ਜਿਥੇ ਉਨ੍ਹਾਂ ਦੀ ਸ਼ਹੀਦੀ ਹੋਈ ਸੀ ਉਸ ਅਸਥਾਨ ਤੇ ਵੀ ਸਿੱਖਾਂ ਦਾ ਇਕ ਵਫਦ ਲੈ ਕੇ ਜਾਵਾਗੇਂ ਅਤੇ ਜਿਵੇਂ ਵੀ ਹੋਇਆ ਸਮਾਗਮ ਕਰਾਂਗੇ। ਉਨ੍ਹਾਂ ਕਿਹਾ ਅਮਰੀਕਾ, ਕਨੇਡਾ, ਇੰਗਲੈਂਡ, ਅਸਟ੍ਰੇਲੀਆ ਦੀਆਂ ਸੰਗਤਾਂ ਵੀ ਪੂਰਨ ਸਹਿਯੋਗ ਕਰ ਰਹੀਆਂ ਹਨ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰਾਂ, ਦੇਹਲਾਂ ਗੁਰਦੁਆਰਾ ਕਮੇਟੀ ਦੇ ਅਹੁਦੇਦਾਰ ਤੇ ਹੋਰ ਵਿਸ਼ੇਸ਼ ਪ੍ਰਤੀਨਿਧਾਂ ਨੂੰ ਬੁੱਢਾ ਦਲ ਵੱਲੋਂ ਸਨਮਾਨਤ ਕੀਤਾ ਗਿਆ। ਭਾਈ ਗੋਬਿੰਦ ਸਿੰਘ ਲੋਗੌਂਵਾਲ ਸਾਬਕਾ ਪਰਧਾਨ ਸ਼੍ਰੋਮਣੀ ਕਮੇਟੀ ਨੇ ਵੀ ਇਸ ਯਤਨ ਦੀ ਪ੍ਰਸੰਸਾ ਕੀਤੀ। ਸੰਤ ਬਾਬਾ ਟੇਕ ਸਿੰਘ ਧਨੌਲਾ ਨੇ ਵੀ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ। ਸ਼ਹੀਦੀ ਫਤਿਹ ਮਾਰਚ ਅਰਦਾਸ ਉਪਰੰਤ ਅਰੰਭ ਹੋਇਆ, ਜਿਸ ਵਿਚ ਬਹੁਤ ਸੁੰਦਰ ਹਾਰਾਂ ਨਾਲ ਸਿੰਗਾਰੀ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਸਾਹਿਬ, ਪੰਜ ਪਿਆਰੇ, ਨਿਸ਼ਾਨਚੀ, ਨਗਾਰਚੀ, ਨਰਸਿੰਝੇ ਇਹ ਅਦਭੁੱਤ ਖਾਲਸਾਈ ਨਜ਼ਾਰਾ ਸੀ। ਇਹ ਸ਼ਹੀਦੀ ਫਤਿਹ ਮਾਰਚ ਵਿਚ ਇਤਿਹਾਸਕ ਨਿਸ਼ਾਨ, ਨਿਗਾਰੇ, ਮਹੱਲੇ ਦੀ ਵਿਸ਼ੇਸ਼ ਸੋਭਾ ਬਣੇ। ਇਸ ਤੋਂ ਪਹਿਲਾਂ ਨਰਸਿੰਝਿਆਂ, ਬੈਂਡ ਵਾਜਿਆ ਦੀਆਂ ਸ਼ਬਦੀ ਧੁੰਨਾਂ, ਖਾਲਸਾਈ ਜੈਕਾਰਿਆਂ ਦੀ ਗੂੰਜ਼ ਵਿੱਚ ਇਹ ਨਿਹੰਗ ਸਿੰਘਾਂ ਦਾ ਸ਼ਹੀਦੀ ਫਤਿਹ ਮਾਰਚ ਗੁਰਦੁਆਰਾ ਅਕਾਲੀ ਬਾਬਾ ਫੂਲਾ ਸਿੰਘ ਦੇਹਲਾਂ ਸੀਹਾਂ ਤੋਂ ਅਰੰਭ ਹੋ ਕੇ ਪਿੰਡ ਮੂਣਕ, ਹਮੀਰਗੜ੍ਹ, ਬਾਦਲਗੜ੍ਹ, ਖਾਨੇਂਵਾਲ, ਪਾਂਤੜਾ, ਕਸਬਾ ਨਿਹਾਲ, ਬੁਰਡ, ਦੋਧਨਾ, ਕਕਰਾਲਾ, ਚੱਕ ਅੰਮ੍ਰਿਤਸਰੀਆਂ, ਸਮਾਣਾ ਵਿਖੇ (ਦੁਪਹਿਰ ਦਾ ਲੰਗਰ) ਤੋਂ ਪਾਸ਼ੀਆਣਾ, ਮਿਲਟਰੀ ਏਰੀਆ, ਫੁਹਾਰਾ ਚੌਂਕ, ਨੀਲਾ ਭਵਨ ਚੌਂਕ, ਖੰਡਾ ਚੌਂਕ, ਗੁ: ਦੂਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਰਾਤ ਦਾ ਵਿਸ਼ਰਾਮ ਕਰੇਗਾ। ਨਿਹੰਗ ਸਿੰਘਾਂ ਦੀਆਂ ਫੌਜਾਂ ਨੇ ਤਿਆਰ ਬਰ ਤਿਆਰ ਸ਼ਸਤਰਧਾਰੀ ਹੋ ਕੇ ਸਮੂਲੀਅਤ ਕੀਤੀ। ਨਿਹੰਗ ਸਿੰਘਾਂ ਨੇ ਸੁੰਦਰ ਦੁਮਾਲਿਆਂ ਤੇ ਚੱਕ੍ਰ, ਖੰਡੇ, ਚੰਦ, ਗੁਰਜ, ਸ਼ਿੰਗਾਰ, ਬਾਗਨਖਾ ਸਜਾਈ, ਛੋਟੀਆਂ ਵੱਡੀਆਂ ਕਿਰਪਾਨਾਂ ਪਹਿਨੀ ਤੇ ਲੱਕ ਪਿਛੇ ਢਾਲਾਂ ਸਜਾਏ, ਹੱਥਾਂ ਵਿੱਚ ਨੇਜੇ, ਖੰਡੇ ਫੜੀ, ਨੀਲਿਆਂ ਕੇਸਰੀ ਬਾਣਿਆਂ ਵਿੱਚ ਵਿਸ਼ੇਸ਼ ਮਾਹੌਲ ਦਾ ਦ੍ਰਿਸ਼ ਪੇਸ਼ ਕਰ ਰਹੇ ਸਨ। ਸ਼ਹੀਦੀ ਫਤਿਹ ਮਾਰਚ ਵਿਚ ਸ਼੍ਰੋਮਣੀ ਕਮੇਟੀ ਦੇ ਅੰਤ੍ਰਿਗ ਮੈਂਰ ਸ. ਮਲਕੀਤ ਸਿੰਘ ਚੰਗਾਲ, ਮੈਂਬਰ ਪਰਮਜੀਤ ਕੌਰ, ਸ. ਰਾਮਪਾਲ ਸਿੰਘ ਬਹਿਣੀਵਾਲ, ਸ. ਜਸਵਿੰਦਰ ਸਿੰਘ ਦੀਨਪੁਰ, ਸ. ਪਰਮਜੀਤ ਸਿੰਘ ਬਾਜਵਾ, ਬਾਬਾ ਜਸਵਿੰਦਰ ਸਿੰਘ ਜੱਸੀ, ਸ. ਸੁਰਿੰਦਰ ਸਿੰਘ, ਸ. ਕਾਬਲ ਸਿੰਘ, ਸ.  ਬਲਵਿੰਦਰ ਸਿੰਘ, ਸ. ਜਸਪਾਲ ਸਿੰਘ ਦੇਹਲਾਂ, ਸ. ਗੋਰਾ ਸਿੰਘ, ਸ. ਗੁਰਪ੍ਰੀਤ ਸਿੰਘ, ਸ. ਚਮਕੌਰ ਸਿੰਘ, ਸ. ਸੁਖਜਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਸ਼ਾਮਲ ਹੋਏ।  ਫੋਟੋ ਕੈਪਸ਼ਨ:- ਅਕਾਲੀ ਬਾਬਾ ਫੂਲਾ ਸਿੰਘ ਦੇ ਸ਼ਹੀਦੀ ਫਤਿਹ ਮਾਰਚ ਦੀਆਂ ਫੋਟੋ ਝਲਕੀਆਂ