ਅਜੋਕੀ ਸੋਚ ✍️ ਕੁਲਵਿੰਦਰ ਕੌਰ ਬਾਜਕ

ਅੱਜ ਕੁੱਝ ਵਕਤ ਜਦੋਂ ਵਿਹਲੇ ਬੈਠੇ ਸੀ ਤੇ ਗੱਲਾਂ ਚੱਲ ਰਹੀਆਂ ਸਨ ਕੇ  ਨੌਕਰੀ ਵਾਲੇ ਬੰਦੇ ਬਸ ਘਰ ਤੋਂ ਦਫ਼ਤਰ ਤੇ ਫ਼ਿਰ ਮੁੜ ਦਫ਼ਤਰ ਤੋਂ ਘਰ ,ਇਹੀ ਜ਼ਿੰਦਗੀ ਏ ਬਸ ਸਾਡੀ ਤਾਂ ਉਹ ਕਹਿਣ ਲੱਗੇ। ਅਚਾਨਕ ਹੀ ਉਸ ਕਿਹਾ ਕੇ ਜੇਕਰ ਅਜੋਕੇ ਦੌਰ ਵਿੱਚ ਔਰਤਾਂ ਨੂੰ ਮਰਦਾਂ ਦੇ ਬਰਾਬਰ ਨੌਕਰੀ ਕਰਨ ਦੇ ਹੱਕ ਮਿਲ ਰਹੇ ਹਨ। ਅੱਜ ਕੱਲ੍ਹ  ਮਰਦਾਂ  ਤੋਂ ਹਰ ਗੱਲ ਵਿਚ ਅੱਗੇ ਹਨ ਤੇ ਕਾਬਲੀਅਤ ਨਾਲ ਨੌਕਰੀ ਕਰਦੀਆਂ ਹਨ ,ਹੋਰ ਤਾਂ ਹੋਰ ਉਹ ਦੋ ਦੋ ਕੰਮ ਕਰਦੀਆਂ ਨੇ , ਘਰ ਦੇ ਸਾਰੇ ਕੰਮ ਤੇ ਡਿਊਟੀ ਵੀ ਨਾਲ ਨਾਲ ਖ਼ੁਦ ਹੀ ਜ਼ਿੰਮੇਵਾਰ ਹਨ। ਨੌਕਰੀਪੇਸ਼ਾ ਔਰਤਾਂ ਦੀਆਂ ਜ਼ਿੰਮੇਵਾਰੀਆਂ ਵੀ ਦੁੱਗਣੀਆਂ ਹੁੰਦੀਆਂ ਹਨ। ਘਰ ਨੂੰ ਦੇਖਣਾ, ਘਰ ਦੇ ਸਾਰੇ ਮੈਂਬਰਾਂ ਨੂੰ ਖਾਣਾ ਪਾਣੀ ਸਭ ਵਕਤ ਤੇ ਦੇਣਾ।ਅਜੋਕੇ ਦੌਰ ਵਿੱਚ ਮਰਦ ਵੀ ਪਹਿਲਾ ਵਰਗੇ ਗੁਸੈਲੇ ਸੁਭਾਅ ਦੇ ਨਹੀਂ , ਜਿਵੇਂ ਪਿੱਛਲੇ ਸਮੇਂ ਵਿੱਚ ਹੋਇਆ ਕਰਦੇ ਸਨ। ਅੱਜ ਕੱਲ੍ਹ ਮਰਦ ਵੀ ਨੌਕਰੀ ਪੇਸ਼ਾ ਹੋਣ ਤੇ ਨੌਕਰੀਪੇਸ਼ਾ ਔਰਤ ਦੇ ਕੰਮਾਂ ਤੋਂ ਜਾਣੂ ਹੁੰਦੇ ਹਨ ਤੇ ਕਿਸੇ ਕੰਮ ਵਿੱਚ ਹੱਥ ਵਟਾਉਂਦੇ ਸ਼ਰਮ  ਨਹੀਂ ਮੰਨਦੇ। ਇਸੇ ਕਰਕੇ ਹੀ ਅੱਜ ਨਾਰੀ ਸ਼ਕਤੀ ਕਾਇਮ ਹੈ, ਨਾਰੀ ਨੂੰ ਬਲ ਮਿਲਦਾ ਹੈ,ਹੌਸਲਾ ਮਿਲਦਾ ਹੈ, ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਦਾ ਸੁਨਹਿਰੀ ਮੌਕਾ ਮਿਲਦਾ ਹੈ। ਕਈ ਪਰਿਵਾਰ ਇਹੋ ਜਿਹੇ ਹਨ ਜਿੱਥੇ 

ਨੂੰਹ ਨੂੰ ਬਣਦਾ ਰੁਤਬਾ ਮਿਲਦਾ ਹੈ ਨੂੰਹ ਨਹੀਂ ਸਗੋਂ  ਬੇਟੀ ਸਮਝਿਆ ਜਾਂਦਾ ਹੈ, ਧੀਆਂ ਵਾਂਗੂ ਹੀ ਸਤਿਕਾਰ ਕੀਤਾ ਜਾਂਦਾ ਹੈ ਤੇ ਇਹੋ ਜਿਹੇ ਮਾਹੌਲ ਵਿੱਚ ਸੁਭਾਵਕ ਹੈ ਕੇ ਨਾਰੀ ਲਈ ਅੱਗੇ ਵੱਧਣਾ , ਬੇਖ਼ੌਫ ਰਹਿ ਆਪਣੇ ਸੁਪਨੇ ਪੂਰੇ ਕਰਨਾ। ਸਭ ਤੋਂ ਅਹਿਮ ਭੂਮਿਕਾ ਪਤੀ ਦੀ ਹੁੰਦੀ ਹੈ ਜੇਕਰ ਉਹ ਪਤੀ ਵਾਲਾ ਰੋਹਬ ਘਟ ਤੇ ਇੱਕ ਆਦਰਸ਼  ਦੋਸਤ  ਵਾਂਗ ਸਮਝਾਵੇ ਜਿੱਥੇ ਕਿਤੇ ਨਾਰੀ ਤੋਂ ਕੋਈ ਗ਼ਲਤੀ ਹੋਈ ਹੋਵੇ ਤੇ ਫ਼ਿਰਉਹ ਕਦੇ ਵੀ ਹਾਰ ਨਹੀਂ ਸਕਦੀ ,ਨਾ ਕਦੇ ਸਮਾਜ ਵਿਚ ਹਾਰੇਗੀ ਤੇ ਨਾ ਕਿਸੇ ਦੀਆਂ ਨਜ਼ਰਾਂ ਵਿੱਚ ਹਾਰੇਗੀ। ਸੋ ਮੁਕਦੀ ਗੱਲ ਇਹ ਹੈ ਕਿ ਅੱਜ ਕੱਲ੍ਹ ਬਹੁਤ ਕੁੱਝ ਬਦਲ ਗਿਆ ਹੈ ਤੇ ਮਰਦਾਂ ਦੀ ਨਾਰੀ ਪ੍ਰਤੀ ਸੋਚ ਵੀ ਬਦਲ ਚੁੱਕੀ ਹੈ। ਹੁਣ ਮਰਦ ਵੀ ਨਾਰੀ ਦੀ ਹਰ ਸਮੱਸਿਆ ਨੂੰ ਸਮਝਣ ਲੱਗ ਪਏ।ਸਮੱਸਿਆ ਭਾਵੇਂ ਸਮਾਜਿਕ ਵਰਤਾਰੇ ਦੀ ਹੋਵੇ , ਪਰਿਵਾਰਕ ਜਾ ਫ਼ਿਰ ਕਿਸੇ ਨੌਕਰੀ ਨਾਲ਼ ਸਬੰਧਿਤ ਹੋਵੇ। ਨਾਰੀ ਨੂੰ ਬਣਦਾ ਸਤਿਕਾਰ ਦੇਣ ਵਿੱਚ ਕਿਸੇ ਨੂੰ ਕੋਈ ਸ਼ਰਮ ਨਹੀਂ ਕਰਨੀ ਚਾਹੀਦੀ ਸਗੋਂ ਹਰ ਇੱਕ ਨੂੰ ਸੋਚ ਬਦਲਣ ਦੀ ਲੋੜ ਹੈ। ਅਜੋਕੇ ਸਮੇਂ ਵਿੱਚ ਇਕੱਲੀ ਸੋਚ ਬਦਲਣ ਦੀ ਲੋੜ ਹੈ ਬਾਕੀ ਸਭ ਆਪਣੇ ਆਪ ਸਹੀ ਹੋ ਜਾਵੇਗਾ।

ਕੁਲਵਿੰਦਰ ਕੌਰ ਬਾਜਕ